Jalandhar News: ਦਸਹਿਰਾ ਗਰਾਊਂਡ ਵਿੱਚੋਂ ਨੌਜਵਾਨ ਦੀ ਲਾਸ਼ ਮਿਲੀ
ਭਾਜਪਾ ਆਗੂ ਅੰਗੁਰਾਲ ਨੇ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦੇ ਦੋਸ਼ ਲਾਏ
ਥਾਣਾ ਡਿਵੀਜ਼ਨ ਨੰਬਰ ਪੰਜ ਅਧੀਨ ਆਉਂਦੀ ਦਸਹਿਰਾ ਗਰਾਊਂਡ ਨੇੜੇ ਬਣੇ ਕਮਰੇ ਵਿੱਚੋਂ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਭੂਸ਼ਣ ਕੁਮਾਰ ਵਜੋਂ ਹੋਈ ਹੈ। ਉਹ ਕੁਝ ਦਿਨ ਪਹਿਲਾਂ ਹੀ ਬਿਹਾਰ ਤੋਂ ਕੰਮ ਦੀ ਭਾਲ ਵਿੱਚ ਜਲੰਧਰ ਆਇਆ ਸੀ ਅਤੇ ਉਸਦੇ ਮਾਤਾ-ਪਿਤਾ ਪਿਛਲੇ ਪੰਜ ਸਾਲਾਂ ਤੋਂ ਇੱਥੇ ਰਹਿ ਰਹੇ ਹਨ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਭੇਜ ਦਿੱਤੀ ਹੈ। ਮੌਕੇ ’ਤੇ ਪਹੁੰਚੇ ਭਾਜਪਾ ਆਗੂ ਸ਼ੀਤਲ ਅੰਗੁਰਾਲ ਨੇ ਦਾਅਵਾ ਕੀਤਾ ਕਿ ਨੌਜਵਾਨ ਦੀ ਮੌਤ ਨਸ਼ੇ ਓਵਰਡੋਜ਼ ਕਾਰਨ ਹੋਈ ਹੈ। ਇਸ ਸਬੰਧੀ ਪੁਲੀਸ ਥਾਣਾ ਡਿਵੀਜ਼ਨ ਨੰਬਰ ਪੰਜ ਦੇ ਮੁਖੀ ਸੰਜੈ ਕੁਮਾਰ ਅਤੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦਰਮਿਆਨ ਬਹਿਸ ਵੀ ਹੋਈ। ਭਾਜਪਾ ਆਗੂ ਨੇ ਪੁਲੀਸ ਉੱਤੇ ਦੋਸ਼ ਲਾਇਆ ਕਿ ਮੁਲਾਜ਼ਮਾਂ ਨੇ ਲਾਸ਼ ਕੋਲੋਂ ਸਰਿੰਜ ਗਾਇਬ ਕਰ ਦਿੱਤੀ ਹੈ ਅਤੇ ਲਿਜਾਣ ਲਈ ਐਂਬੂਲੈਂਸ ਦੀ ਬਜਾਏ ਟੈਂਪੂ ਬੁਲਾਇਆ ਗਿਆ। ਇਸ ਸਬੰਧੀ ਏ ਸੀ ਪੀ ਆਤਿਸ਼ ਭਾਟੀਆ ਨੇ ਦੱਸਿਆ ਕਿ ਪੁਲੀਸ ਨੂੰ ਲਾਸ਼ ਬਾਰੇ ਸੂਚਨਾ ਮਿਲੀ ਸੀ। ਉਨ੍ਹਾਂ ਕਿਹਾ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਣ ਦੇ ਦਾਅਵਿਆਂ ਸਬੰਧੀ ਮੈਡੀਕਲ ਬੋਰਡ ਬਿਠਾ ਪੋਸਟਮਾਰਟਮ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਡਾਕਟਰਾਂ ਦੀ ਰਿਪੋਰਟ ਆਉਣ ਤੋਂ ਬਾਅਦ ਮੌਤ ਹੋਣ ਦਾ ਕਾਰਨ ਸਾਰਿਆਂ ਦੇ ਸਾਹਮਣੇ ਆ ਜਾਵੇਗਾ।

