ਸਰਹਾਲੀ ਕਾਲਜ ਵਿੱਚ ਖੂਨਦਾਨ ਕੈਂਪ
ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਸਰਹਾਲੀ ਵਿੱਚ ‘ਨੌਲੇਜ ਵਿਲਾ ਇੰਟੀਗ੍ਰੇਟਿਡ ਐਜੂਕੇਸ਼ਨ ਐਂਡ ਵੈੱਲਫੇਅਰ ਸੁਸਾਇਟੀ, ਮਜੀਠਾ ਰੋਡ ਅੰਮ੍ਰਿਤਸਰ’ ਅਤੇ ‘ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੁਸਾਇਟੀ’ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਦਾ ਲਾਇਆ ਗਿਆ। ਕੈਂਪ ਵਿੱਚ ਕਾਲਜ ਦੇ ਅਧਿਆਪਕਾਂ ਤੇ ਵਿਦਿਆਰਥੀਆਂ...
ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਸਰਹਾਲੀ ਵਿੱਚ ‘ਨੌਲੇਜ ਵਿਲਾ ਇੰਟੀਗ੍ਰੇਟਿਡ ਐਜੂਕੇਸ਼ਨ ਐਂਡ ਵੈੱਲਫੇਅਰ ਸੁਸਾਇਟੀ, ਮਜੀਠਾ ਰੋਡ ਅੰਮ੍ਰਿਤਸਰ’ ਅਤੇ ‘ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੁਸਾਇਟੀ’ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਦਾ ਲਾਇਆ ਗਿਆ। ਕੈਂਪ ਵਿੱਚ ਕਾਲਜ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਖੂਨਦਾਨ ਕੀਤਾ। ਇਸ ਮੌਕੇ ਡਾ. ਅਨਿਲ ਮਹਾਜਨ ਅਤੇ ਰਵੀ ਕੁਮਾਰ ਮਹਾਜਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਮਨੁੱਖਤਾ ਭਰਿਆ ਦਾਨ ਹੈ, ਜਿਸ ਨਾਲ ਅਸੀਂ ਕਿਸੇ ਦੀ ਜ਼ਿੰਦਗੀ ਬਚਾਅ ਸਕਦੇ ਹਾਂ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਿਯਮਿਤ ਤੌਰ ’ਤੇ ਖੂਨਦਾਨ ਕਰਨ। ਕੈਂਪ ਦਾ ਉਦਘਾਟਨ ਕਾਲਜ ਦੇ ਪ੍ਰਿੰਸੀਪਲ ਡਾ. ਜਸਬੀਰ ਸਿੰਘ ਗਿੱਲ ਨੇ ਕੀਤਾ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਉੱਚੀ ਸੇਵਾ ਹੈ। ਇਸ ਮੌਕੇ ਖੂਨਦਾਨ ਕਰਨ ਵਾਲੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।
ਧਾਰਮਿਕ ਯਾਤਰਾ ਲਈ ਬੱਸ ਰਵਾਨਾ
ਪਠਾਨਕੋਟ: ਸੁਮਨ ਚੈਰੀਟੇਬਲ ਟਰੱਸਟ ਵੱਲੋਂ ਪ੍ਰਧਾਨ ਰਾਜ ਚੰਚਲ ਦੀ ਦੇਖ-ਰੇਖ ਹੇਠ ਮਾਡਲ ਟਾਊਨ ਨੇੜੇ ਗੁਰੂ ਨਾਨਕ ਪਾਰਕ ਤੋਂ ਮਾਤਾ ਚਿੰਤਪੁਰਨੀ ਅਤੇ ਮਾਤਾ ਬਗਲਾਮੁਖੀ ਦੇ ਦਰਸ਼ਨਾਂ ਲਈ ਮੁਫ਼ਤ ਬੱਸ ਰਵਾਨਾ ਕੀਤੀ। ਇਸ ਤੋਂ ਪਹਿਲਾਂ ਗਊਸ਼ਾਲਾ ਡੇਅਰੀਵਾਲ ਦੀ ਪ੍ਰਧਾਨ ਨੀਲਮ ਸੈਣੀ ਨੇ ਅਰਦਾਸ ਕੀਤੀ। ਚੈਰੀਟੇਬਲ ਟਰੱਸਟ ਦੇ ਉਪ ਪ੍ਰਧਾਨ ਵਿਜੇ ਪਾਸੀ ਨੇ ਦੱਸਿਆ ਕਿ ਟਰੱਸਟ ਵੱਲੋਂ ਹਰ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਲਈ ਬੱਸਾਂ ਭੇਜੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਤੋਂ ਕੋਈ ਫੀਸ ਨਹੀਂ ਲਈ ਜਾਂਦੀ। ਮੁੱਖ ਉਦੇਸ਼ ਆਰਥਿਕ ਤੌਰ ’ਤੇ ਕਮਜ਼ੋਰ ਲੋਕਾਂ ਨੂੰ ਵੀ ਧਾਰਮਿਕ ਯਾਤਰਾਵਾਂ ਕਰਨ ਲਈ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਲਦੀ ਹੀ ਟਰੱਸਟ ਵੱਲੋਂ ਮਰੀਜ਼ਾਂ ਲਈ ਹੋਰ ਵੀ ਮੁਫ਼ਤ ਸੇਵਾ ਸ਼ੁਰੂ ਕੀਤੀ ਜਾਵੇਗੀ। ਪ੍ਰਧਾਨ ਨੀਲਮ ਸੈਣੀ ਨੇ ਸੁਮਨ ਚੈਰੀਟੇਬਲ ਟਰੱਸਟ ਦੇ ਸਮਾਜਿਕ, ਧਾਰਮਿਕ ਕਾਰਜਾਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਰਾਜ ਚੰਚਲ, ਵਿਜੇ ਪਾਸੀ, ਗ੍ਰੈਂਡ ਹੋਟਲ ਦੇ ਦੀਪਿੰਦਰ ਸਿੰਘ, ਵਿਸ਼ਾਲ ਗੰਡੋਤਰਾ, ਪੰਡਿਤ ਸੁਮਨ, ਮੈਡਮ ਗੋਲਾ ਆਦਿ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ
ਵਿਦਿਆਰਥੀਆਂ ਨੂੰ ਵਾਤਾਵਰਨ ਸੰਭਾਲ ਲਈ ਪ੍ਰੇਰਿਆ
ਨਵਾਂਸ਼ਹਿਰ: ਕੇ ਸੀ ਗਰੁੱਪ ਆਫ ਇੰਸਟੀਚਿਊਸ਼ਨਜ਼ ਨਵਾਂਸ਼ਹਿਰ ਵਿੱਚ ਦੋ ਰੋਜ਼ਾ ਕੌਮੀ ਕਾਨਫਰੰਸ ਕੀਤੀ ਗਈ। ਇਸ ਕਾਨਫਰੰਸ ਵਿੱਚ ਵੱਖੋ-ਵੱਖ ਸੂਬਿਆਂ ਦੇ ਹੋਟਲ ਮੈਨੇਜਮੈਂਟ, ਮੈਨੇਜਮੈਂਟ ਅਤੇ ਐਜੂਕੇਸ਼ਨ ਕਾਲਜਾਂ ਦੇ 250 ਵਿਦਿਆਰਥੀਆਂ ਨੇ ਹਿੱਸਾ ਲਿਆ। 25 ਵਿਦਵਾਨਾਂ ਨੇ ਪੇਪਰ ਪੜ੍ਹੇ। ਮੁੱਖ ਬੁਲਾਰੇ ਡਾ. ਪਰਮਿੰਦਰ ਸਿੰਘ ਢਿੱਲੋਂ, ਡਾ. ਕਰਮਜੀਤ, ਡਾ. ਅਨੁਰਾਧਾ ਸੇਖੜੀ ਰਹੇ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਬੁਲਾਰਿਆਂ ਅਤੇ ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ, ਡਾ. ਬਲਜੀਤ ਕੌਰ, ਡਾ. ਕੁਲਜਿੰਦਰ ਕੌਰ, ਡਾ. ਵਿਕਾਸ ਕੁਮਾਰ, ਇੰਜ. ਜਫ਼ਤਾਰ ਅਹਿਮਦ ਅਤੇ ਆਰ ਕੇ ਮੂੰਮ ਵੱਲੋਂ ਕੀਤੀ ਗਈ। ਡਾ. ਪਰਮਿੰਦਰ ਸਿੰਘ ਢਿੱਲੋਂ ਜਲਵਾਯੂ ਸਮਰਥਾ ਨੂੰ ਬਿਹਤਰ ਬਣਾਉਣ ਲਈ ਰੋਜ਼ਾਨਾ ਯਤਨ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਡਾ. ਕਰਮਜੀਤ ਨੇ ਹਰਿਆਲੀ ਅਤੇ ਇਸ ਦੀ ਸੰਭਾਲ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਅਨੁਰਾਧਾ ਸੇਖੜੀ ਨੇ ਕਿਹਾ ਕਿ ਨੌਜਵਾਨਾਂ ਨੂੰ ਵਾਤਾਵਰਨ ਦੀ ਰੱਖਿਆ ਲਈ ਅੱਗੇ ਆਉਣਾ ਚਾਹੀਦਾ ਹੈ। ਕਾਲਜ ਪ੍ਰਬੰਧਕਾਂ ਨੇ ਮਾਹਿਰਾਂ ਦਾ ਧੰਨਵਾਦ ਕੀਤਾ| -ਖੇਤਰੀ ਪ੍ਰਤੀਨਿਧ
ਲੀਚੀ ਉਤਪਾਦਕਾਂ ਦਾ ਸਿਖਲਾਈ ਦੌਰਾ
ਪਠਾਨਕੋਟ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕ੍ਰਿਸ਼ੀ ਵਿਗਿਆਨ ਕੇਂਦਰ, ਪਠਾਨਕੋਟ (ਘੋਹ) ਵੱਲੋਂ ਰਾਸ਼ਟਰੀ ਲੀਚੀ ਅਨੁਸੰਧਾਨ ਕੇਂਦਰ, ਮੁਜ਼ਫ਼ਰਪੁਰ (ਬਿਹਾਰ) ਦੇ ਅੰਤਰ-ਰਾਜੀ ਸਿਖਲਾਈ ਦੌਰੇ ਲਈ 24 ਲੀਚੀ ਉਤਪਾਦਕ ਰਵਾਨਾ ਕੀਤੇ ਗਏ। ਇਹ ਦੌਰਾ ਰਾਸ਼ਟਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ (ਨਾਬਾਰਡ) ਦੀ ਵਿੱਤੀ ਸਹਾਇਤਾ ਨਾਲ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਪ੍ਰਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਦੇ ਮਾਰਗਦਰਸ਼ਨ ਹੇਠ ਕਰਵਾਇਆ ਜਾ ਰਿਹਾ ਹੈ। ਕੇਂਦਰ ਇੰਚਾਰਜ ਡਾ. ਰਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਪਠਾਨਕੋਟ ਜ਼ਿਲ੍ਹੇ ਦਾ ਜਲਵਾਯੂ ਲੀਚੀ ਲਈ ਬਹੁਤ ਹੀ ਅਨੁਕੂਲ ਹੈ। ਇਸ ਦੌਰੇ ਦੌਰਾਨ ਲੀਚੀ ਉਤਪਾਦਕਾਂ ਨੂੰ ਉੱਨਤ ਤਕਨੀਕਾਂ ਦਾ ਅਨੁਭਵ ਪ੍ਰਾਪਤ ਹੋਵੇਗਾ। ਇਸ ਮੌਕੇ ਡੀ ਡੀ ਐੱਮ ਨਾਬਾਰਡ ਡਾ. ਮੋਹਿਤ ਅੰਤਿਲ ਨੇ ਕਿਸਾਨਾਂ ਨੂੰ ਆਧੁਨਿਕ ਤਕਨੀਕਾਂ ਅਪਣਾਉਣ ਲਈ ਪ੍ਰੇਰਿਤ ਕੀਤਾ। ਮੁੱਖ ਜ਼ਿਲ੍ਹਾ ਪ੍ਰਬੰਧਕ ਪੰਜਾਬ ਨੈਸ਼ਨਲ ਬੈਂਕ ਵਿਨੇ ਮਰਵਾਹਾ ਨੇ ਖੇਤੀ ਆਧਾਰਿਤ ਉਦਮਾਂ ਲਈ ਬੈਂਕਿੰਗ ਅਤੇ ਵਿੱਤੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ। ਕੇਂਦਰ ਦੇ ਵਿਗਿਆਨੀ ਡਾ. ਮਨੂ ਤਿਆਗੀ ਅਤੇ ਡਾ. ਵਿਨੇ ਪਠਾਨੀਆ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ
ਡਾ. ਪ੍ਰੇਮ ਪ੍ਰਕਾਸ਼ ਦੀ ਪੁਸਤਕ ‘ਰੈਂਡਮ ਥਾਟਸ’ ਰਿਲੀਜ਼
ਅੰਮ੍ਰਿਤਸਰ: ਖ਼ਾਲਸਾ ਕਾਲਜ ਦੇ ਅੰਗਰੇਜ਼ੀ ਵਿਭਾਗ ਵੱਲੋਂ ਮੁਲਕ ਰਾਜ ਆਨੰਦ ਲਿਟਰੇਰੀ ਸੁਸਾਇਟੀ ਦੇ ਸਹਿਯੋਗ ਨਾਲ ‘ਲੇਖਕ ਰੂ-ਬ-ਰੂ’ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਪ੍ਰਿੰ. ਡਾ. ਆਤਮ ਰੰਧਾਵਾ ਨੇ ਲੇਖਕ ਅਤੇ ਵਿਭਾਗ ਦੇ ਸਾਬਕਾ ਪ੍ਰੋਫੈਸਰ ਡਾ. ਪ੍ਰੇਮ ਪ੍ਰਕਾਸ਼ ਪੁੰਜ ਦੀ ਕਿਤਾਬ ‘ਰੈਂਡਮ ਥਾਟਸ’ ਰਿਲੀਜ਼ ਕੀਤੀ। ਡਾ. ਪੁੰਜ ਨੇ ਆਪਣੇ ਰਚਨਾਤਮਕ ਅਨੁਭਵ ਸਾਂਝੇ ਕੀਤੇ। ਕਿਤਾਬ ਦੀ ਸਮੀਖਿਆ ਡਾ. ਗੁਰਜਿੰਦਰ ਕੌਰ ਬੱਗਾ, ਪ੍ਰੋ. ਮਨਿੰਦਰ ਸਿੰਘ, ਡਾ. ਸ਼ਮੀਰ ਸਿੰਘ ਅਤੇ ਡਾ. ਬਲਬੀਰ ਸਿੰਘ ਨੇ ਕੀਤੀ। ਵਿਭਾਗ ਮੁਖੀ ਪ੍ਰੋ. ਸੁਪਨਿੰਦਰਜੀਤ ਕੌਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ। -ਪੱਤਰ ਪ੍ਰੇਰਕ

