ਭਾਜਪਾ ਯੁਵਾ ਮੋਰਚਾ ਵੱਲੋਂ ਕਾਂਗਰਸ ਖ਼ਿਲਾਫ਼ ਮੁਜ਼ਾਹਰੇ
ਰਾਹੁਲ ਗਾਂਧੀ ਦੇ ਪੁਤਲੇ ਫੂਕੇ; ਏ ਆਈ ਸੰਮੇਲਨ ’ਚ ਭਾਰਤ ਦਾ ਅਕਸ ਖ਼ਰਾਬ ਕਰਨ ਦਾ ਦੋਸ਼
ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਪ੍ਰਧਾਨ ਪੰਕਜ ਜੁਲਕਾ ਦੀ ਅਗਵਾਈ ਹੇਠ ਸੈਂਕੜੇ ਭਾਜਪਾ ਵਰਕਰਾਂ ਨੇ ਸਥਾਨਕ ਕਾਂਗਰਸ ਭਵਨ ਅੱਗੇ ਰਾਹੁਲ ਗਾਂਧੀ ਖ਼ਿਲਾਫ਼ ਪੁਤਲਾ ਫੂਕ ਮੁਜ਼ਾਹਰਾ ਕੀਤਾ। ਇਸ ਦੌਰਾਨ ਭਾਜਪਾ ਵਰਕਰਾਂ ਨੇ ਦਿੱਲੀ ਵਿੱਚ ਏ ਆਈ ਸੰਮਲੇਨ ਵਿੱਚ ਯੂਥ ਕਾਂਗਰਸ ਦੇ ਕਾਰਕੁਨਾਂ ਵੱਲੋਂ ਅਰਧ-ਨਗਨ ਪ੍ਰਦਰਸ਼ਨ ਕਰਨ ਦੀ ਨਿਖੇਧੀ ਕੀਤੀ। ਮੁਜ਼ਾਹਰੇ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਸੂਬਾਈ ਮੀਤ ਪ੍ਰਧਾਨ ਕੇਡੀ ਭੰਡਾਰੀ ਅਤੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਰਾਹੁਲ ਗਾਂਧੀ ਮੁਰਦਾਬਾਦ, ਕਾਂਗਰਸ ਪਾਰਟੀ ਮੁਰਦਾਬਾਦ ਦੇ ਨਾਅਰੇ ਲਗਾਏ। ਸੁਸ਼ੀਲ ਸ਼ਰਮਾ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਆਪਣੀ ਹੱਦਾਂ ਨੂੰ ਭੁੱਲ ਗਈ ਹੈ ਤੇ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਦੇ ਅਕਸ ਨੂੰ ਨੁਕਸਾਨ ਪਹੁੰਚਿਆ ਹੈ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਸਰੀਨ ਹਿੱਕੀ, ਰਾਜੇਸ਼ ਕਪੂਰ, ਅਮਰਜੀਤ ਸਿੰਘ ਗੋਲਡੀ ਆਦਿ ਹਾਜ਼ਰ ਸਨ।
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਦਿੱਲੀ ਵਿੱਚ ਇੰਡੀਆ ਏ ਆਈ ਇਮਪੈਕਟ ਸੰਮੇਲਨ 2026 ਵਿੱਚ ਯੂਥ ਕਾਂਗਰਸ ਦੇ ਵਰਕਰਾਂ ਵੱਲੋਂ ਅਰਧ-ਨਗਨ ਪ੍ਰਦਰਸ਼ਨ ਦੇ ਵਿਰੋਧ ਵਿੱਚ ਭਾਜਪਾ ਯੁਵਾ ਮੋਰਚਾ ਅੰਮ੍ਰਿਤਸਰ ਦੇ ਜ਼ਿਲ੍ਹਾ ਜਨਰਲ ਸਕੱਤਰ ਕਰਨ ਬੇਰੀ ਦੀ ਅਗਵਾਈ ਵਿੱਚ ਯੁਵਾ ਮੋਰਚਾ ਦੇ ਵਰਕਰਾਂ ਨੇ ਹਾਥੀ ਗੇਟ ਚੌਕ ’ਤੇ ਕਾਂਗਰਸ ਆਗੂ ਰਾਹੁਲ ਗਾਂਧੀ ਦਾ ਪੁਤਲਾ ਸਾੜਿਆ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਅਤੇ ਡਾ. ਰਾਮ ਚਾਵਲਾ ਤੇ ਹੋਰ ਆਗੂ ਮੌਜੂਦ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਹਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਅੱਜ ਏ ਆਈ ਦਾ ਯੁੱਗ ਹੈ ਅਤੇ ਕੇਂਦਰ ਸਰਕਾਰ ਭਾਰਤੀ ਨੌਜਵਾਨਾਂ ਨੂੰ ਵਿਸ਼ਵ ਪੱਧਰੀ ਮੁਕਾਬਲੇ ਲਈ ਤਿਆਰ ਕਰਨ ਅਤੇ ਆਕਰਸ਼ਿਤ ਕਰਨ ਲਈ ਭਾਰਤ ਵਿੱਚ ਵਿਸ਼ਵ ਪੱਧਰੀ ਏ ਆਈ ਸੰਮੇਲਨ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਮੰਚ ’ਤੇ ਭਾਰਤ ਦਾ ਝੰਡਾ ਲਹਿਰਾਇਆ ਹੈ, ਜੋ ਰਾਹੁਲ ਗਾਂਧੀ ਸਮੇਤ ਪੂਰੀ ਵਿਰੋਧੀ ਧਿਰ ਨੂੰ ਹਜਮ ਨਹੀਂ ਹੋ ਰਿਹਾ। ਏ ਆਈ ਸੰਮੇਲਨ ਵਿੱਚ ਯੂਥ ਕਾਂਗਰਸ ਦੇ ਨੇਤਾਵਾਂ ਅਤੇ ਵਰਕਰਾਂ ਦੁਆਰਾ ਅਰਧ-ਨਗਨ ਵਿਰੋਧ ਪ੍ਰਦਰਸ਼ਨ ਇਸੇ ਰੁਝਾਨ ਦਾ ਹਿੱਸਾ ਹੈ। ਰਾਹੁਲ ਗਾਂਧੀ ਸਮੇਤ ਪੂਰੀ ਕਾਂਗਰਸ ਦਾ ਇੱਕੋ ਇੱਕ ਟੀਚਾ ਭਾਰਤ ਦੀ ਅਕਸ ਨੂੰ ਖਰਾਬ ਕਰਨਾ ਅਤੇ ਦੁਨੀਆ ਦੇ ਸਾਹਮਣੇ ਇਸਨੂੰ ਬਦਨਾਮ ਕਰਨਾ ਹੈ। ਸੰਧੂ ਨੇ ਮੰਗ ਕੀਤੀ ਕਿ ਰਾਹੁਲ ਗਾਂਧੀ ਅਤੇ ਭਾਰਤ ਦੇ ਅਕਸ ਨੂੰ ਖਰਾਬ ਕਰਨ ਵਾਲੇ ਹੋਰ ਵਿਰੋਧੀਆਂ ’ਤੇ ਦੇਸ਼ ਧ੍ਰੋਹ ਦਾ ਦੋਸ਼ ਲਗਾਇਆ ਜਾਵੇ। ਇਸ ਮੌਕੇ ਨੀਲੇਸ਼ ਸੈਣੀ, ਅਕਸ਼ੈ ਵਰਮਾਨੀ, ਅਖਿਲੇਸ਼ ਸ਼ਰਮਾ, ਕਰਨ ਸ਼ਰਮਾ, ਹਰਸ਼ ਚੌਂਧ, ਦਾਨਿਸ਼ ਕਪੂਰ, ਰਾਘਵ ਆਹੂਜਾ, ਰਜਤ ਚੋਪੜਾ ਆਦਿ ਹਾਜ਼ਰ ਸਨ।

