DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਾਇਓਗੈਸ ਪਲਾਂਟ ਖ਼ਿਲਾਫ਼ ਡਟੇ ਭੋਗਪੁਰ ਵਾਸੀ

ਵਿਧਾਇਕ ਕੋਟਲੀ ਕਰ ਰਹੇ ਨੇ ਅਗਵਾਈ; ਸ਼ਹਿਰ ਪੁਲੀਸ ਛਾਉਣੀ ’ਚ ਤਬਦੀਲ

  • fb
  • twitter
  • whatsapp
  • whatsapp
featured-img featured-img
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ।
Advertisement

ਸਹਿਕਾਰੀ ਖੰਡ ਮਿੱਲ ਭੋਗਪੁਰ ਵਿੱਚ ਲੱਗ ਰਹੇ ਸੀ ਐੱਨ ਜੀ ਬਾਇਓ ਗੈਸ ਪਲਾਂਟ ਦਾ ਕੰਮ ਬੰਦ ਕਰਾਉਣ ਲਈ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੀ ਅਗਵਾਈ ਵਿੱਚ ਕੀਤੇ ਜਾ ਰਹੇ ਮੁਜ਼ਾਹਰੇ ਨੂੰ ਰੋਕਣ ਲਈ ਸਵੇਰੇ ਤੜਕੇ ਤੋਂ ਭੋਗਪੁਰ ਸ਼ਹਿਰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਭੋਗਪੁਰ ਖੰਡ ਮਿੱਲ ਵਿੱਚ ਲੱਗਣ ਵਾਲੇ ਇਸ ਪਲਾਂਟ ’ਚ ਨਕੋਦਰ ਤੇ ਨਵਾਂ ਸ਼ਹਿਰ ਖੰਡ ਮਿੱਲਾਂ ਦੀ ਮੈਲ ਤੋਂ ਇਲਾਵਾ ਜਲੰਧਰ ਸ਼ਹਿਰ ਦਾ ਸਾਰਾ ਕੂੜਾ ਲਿਆਂਦਾ ਜਾਵੇਗਾ, ਜਿਸ ਕਾਰਨ ਸ਼ਹਿਰ ਵਾਸੀ ਸੰਘਰਸ਼ ਦੇ ਰੌਂਅ ’ਚ ਹਨ। ਮਸਲੇ ਦਾ ਸ਼ਾਂਤੀਪੂਰਨ ਹੱਲ ਕੱਢਣ ਲਈ ਨਗਰ ਕੌਂਸਲ ਭੋਗਪੁਰ ਦੇ ਦਫ਼ਤਰ ਵਿੱਚ ਹੋਈ ਮੀਟਿੰਗ ਬੇਸਿੱਟਾ ਰਹਿਣ ਕਾਰਨ ਮਾਰਚ ਕਰਦੇ ਮੁਜ਼ਾਹਰਾਕਾਰੀਆਂ ਨੂੰ ਪੁਲੀਸ ਨੇ ਟੀ-ਪੁਆਇੰਟ ਨਜ਼ਦੀਕ ਰੋਕ ਲਿਆ। ਵਿਧਾਇਕ ਸ੍ਰੀ ਕੋਟਲੀ ਨੇ ਦੱਸਿਆ ਕਿ ਸੀ ਐੱਨ ਜੀ ਬਾਇਓ ਗੈਸ ਪਲਾਂਟ ਲਗਾਉਣ ਵਾਲੀ ਕੰਪਨੀ ਵਿਰੁੱਧ ਹਾਈ ਕੋਰਟ ਵਿੱਚ ਕੇਸ ਚੱਲ ਰਿਹਾ ਹੈ ਅਤੇ ਕੰਪਨੀ ਦੇ ਐੱਮ ਓ ਯੂ ਦੀ ਮਿਆਦ ਖਤਮ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਖੰਡ ਮਿੱਲ ਭੋਗਪੁਰ ਨੂੰ ਕੋਈ ਅਧਿਕਾਰ ਨਹੀਂ ਕਿ ਕਿਸਾਨਾਂ ਵੱਲੋਂ 100 ਏਕੜ ਦਾਨ ਕੀਤੀ ਜ਼ਮੀਨ ਵਿੱਚੋਂ 7 ਏਕੜ ਜ਼ਮੀਨ ਅੱਗੇ ਕੰਪਨੀ ਨੂੰ ਪਲਾਂਟ ਲਗਾਉਣ ਨੂੰ ਦੇਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹਾਈ ਕੋਰਟ ਵਿੱਚ ਲਿਖ ਕੇ ਦੇ ਦਿੱਤਾ ਹੈ ਕਿ ਜਿਸ ਜਗ੍ਹਾ ਉੱਪਰ ਪਲਾਂਟ ਲੱਗ ਰਿਹਾ ਹੈ, ਉਹ 300 ਮੀਟਰ ਆਬਾਦੀ ਦੇ ਘੇਰੇ ਵਿੱਚ ਆਉਂਦੀ ਹੈ। ਨਗਰ ਕੌਂਸਲ ਭੋਗਪੁਰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵੀ ਹਾਈ ਕੋਰਟ ਵਿੱਚ ਲਿਖ ਕੇ ਦਿੱਤਾ ਹੈ ਕਿ ਪਲਾਂਟ ਨਹੀਂ ਲੱਗਣਾ ਚਾਹੀਦਾ ਹੈ।

ਵਿਧਾਇਕ ਸ੍ਰੀ ਕੋਟਲੀ ਨੇ ਐਲਾਨ ਕੀਤਾ ਕਿ ਜੇ ਕੰਪਨੀ ਨੇ ਕੰਮ ਬੰਦ ਨਾ ਕੀਤਾ ਤਾਂ ਅਣਮਿੱਥੇ ਸਮੇਂ ਲਈ ਖੰਡ ਮਿੱਲ ਦੇ ਗੇਟ ਮੂਹਰੇ ਧਰਨਾ ਦਿੱਤਾ ਜਾਵੇਗਾ ਅਤੇ ਸ਼ਹਿਰ ਬੰਦ ਰੱਖਿਆ ਜਾਵੇਗਾ।

Advertisement

ਸਮਝੌਤੇ ਦੀ ਤਰੀਕ ਵਧਾਉਣ ਲਈ ਅਰਜ਼ੀ ਦਿੱਤੀ ਹੈ: ਐੱਮ ਡੀ

ਖੰਡ ਮਿੱਲ ਦੇ ਐੱਮ ਡੀ ਗੁਰਵਿੰਦਰ ਪਾਲ ਸਿੰਘ ਅਨੇਜਾ ਨੇ ਕਿਹਾ ਕਿ ਕੰਪਨੀ ਨੇ ਐੱਮ ਓ ਯੂ ਦੀ ਤਾਰੀਖ ਵਧਾਉਣ ਲਈ ਅਰਜ਼ੀ ਦਿੱਤੀ ਹੋਈ ਹੈ ਜਿਸ ’ਤੇ ਪ੍ਰਕਿਰਿਆ ਹੋ ਰਹੀ ਹੈ।

ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦੇਵਾਂਗੇ: ਐੱਸ ਪੀ

ਐੱਸ ਪੀ ਡਾ. ਮੁਕੇਸ਼ ਕੁਮਾਰ ਨੇ ਸਪੱਸ਼ਟ ਕਿਹਾ ਕਿ ਕੋਈ ਵੀ ਧਿਰ ਅਦਾਲਤ ਦਾ ਹੁਕਮ ਦਿਖਾ ਦੇਵੇ ਤਾਂ ਹੀ ਕੰਮ ਰੋਕਿਆ ਜਾਵੇਗਾ, ਨਹੀਂ ਤਾਂ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

Advertisement
Advertisement
×