Barinder Kumar Goyal: ਤਤਕਾਲੀ ਸਰਕਾਰਾਂ ਨੇ ਨਹਿਰਾਂ ਵੱਲ ਧਿਆਨ ਨਹੀਂ ਦਿੱਤਾ: ਗੋਇਲ
ਮੰਤਰੀ ਨੇ ਦਾਤਾਰਪੁਰ ਅਤੇ ਘੋਗਰਾ ’ਚ ਵੱਖ-ਵੱਖ ਪ੍ਰਾਜਕੈਟਾਂ ਦਾ ਉਦਘਾਟਨ ਕੀਤਾ
ਪੰਜਾਬ ਦੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਇੱਥੇ ਲਗਪਗ 123 ਕਰੋੜ ਰੁਪਏ ਦੀ ਲਾਗਤ ਨਾਲ ਕੰਢੀ ਕੈਨਾਲ ਦੀ ਕਾਇਆ-ਕਲਪ ਤੋਂ ਬਾਅਦ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ ਕਰਦਿਆਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਟੇਲਾਂ ਤੱਕ ਸਿੰਜਾਈ ਲਈ 100 ਫ਼ੀਸਦੀ ਨਹਿਰੀ ਪਾਣੀ ਪਹੁੰਚਾਵੇਗੀ।
ਕਸਬਾ ਦਾਤਾਰਪੁਰ (ਤਲਵਾੜਾ) ਵਿਖੇ ਸ਼ਾਹ ਨਹਿਰ ਫੀਡਰ ਪ੍ਰਾਜੈਕਟ ਅਤੇ ਸ਼ਾਹ ਨਹਿਰ ਕੈਨਾਲ ਸਿਸਟਮ ਅਤੇ ਘੋਗਰਾ (ਦਸੂਹਾ) ਡਿਸਟ੍ਰੀਬਿਊਟਰੀ ਨਾਲ ਸਬੰਧਤ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਦਿਆਂ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਕੰਢੀ ਕੈਨਾਲ ਦੀ ਕਾਇਆ-ਕਲਪ ਨਾਲ ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ 450 ਪਿੰਡਾਂ ਦੇ 1,35,000 ਏਕੜ ਰਕਬੇ ਨੂੰ ਸਿੰਜਾਈ ਸਹੂਲਤਾਂ ਪ੍ਰਦਾਨ ਕਰ ਕੇ ਪੰਜਾਬ ਸਰਕਾਰ ਨੇ ਨਵਾਂ ਇਤਿਹਾਸ ਸਿਰਜਿਆ ਹੈ। ਮੌਜੂਦਾ ਸਮੇਂ ’ਚ ਸੂਬੇ ਵਿੱਚ 86 ਫ਼ੀਸਦੀ ਨਹਿਰੀ ਪਾਣੀ ਦੀ ਵਰਤੋਂ ਸਿੰਚਾਈ ਲਈ ਹੋ ਰਹੀ ਹੈ । ਉੱਥੇ ਹੀ ਟੇਲਾਂ ਤੱਕ ਪਾਣੀ ਪੁੱਜਦਾ ਕੀਤਾ ਜਾ ਰਿਹਾ ਹੈ। ਸ਼੍ਰੀ ਗੋਇਲ ਨੇ ਦੋਸ਼ ਲਾਇਆ ਕਿ ਪਿਛਲੀਆਂ ਸਰਕਾਰਾਂ ਨੇ ਨਹਿਰਾਂ ਅਤੇ ਨਹਿਰੀ ਪਾਣੀ ਵੱਲ ਧਿਆਨ ਨਹੀਂ ਦਿੱਤਾ। ਕੈਬਨਿਟ ਮੰਤਰੀ ਗੋਇਲ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਅਤੇ ਪਿਛਲੀਆਂ ਸਰਕਾਰਾਂ ’ਤੇ ਨਿਸ਼ਾਨੇ ਸੇਧੇ।
ਮੰਤਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਡਿਸਟ੍ਰੀਬਿਊਟਰੀ/ਮਾਈਨਰਾਂ ਦੀ ਲੰਬਾਈ 61 ਕਿਲੋਮੀਟਰ ਹੈ। ਇਨ੍ਹਾਂ ਦੀ ਕਾਰਗੁਜ਼ਾਰੀ ਵਧਾਉਣ ਲਈ ਵੰਡ ਪ੍ਰਣਾਲੀ ਨੂੰ ਜ਼ਮੀਨਦੋਜ਼ ਪਾਈਪਾਂ ਰਾਹੀਂ ਕਰਨ ਲਈ ਸਰਕਾਰ ਨੇ ਕਰੀਬ 80 ਕਰੋੜ ਰੁਪਏ ਖ਼ਰਚੇ ਹਨ। ਇਸ ਨਾਲ ਹੁਸ਼ਿਆਰਪੁਰ ਦੇ 215 ਪਿੰਡਾਂ ਵਿੱਚ ਲਗਪਗ 60,000 ਏਕੜ ਬਰਾਨੀ ਖੇਤਰ ਨੂੰ ਸਿੰਜਾਈ ਸਹੂਲਤਾਂ ਪ੍ਰਦਾਨ ਹੋਈਆਂ ਹਨ। ਕੰਢੀ ਨਹਿਰ ਦੇ ਆਲੇ-ਦੁਆਲੇ ਦੇ ਉੱਚੇ ਖੇਤਰਾਂ ਤੱਕ ਪਾਣੀ ਪਹੁੰਚਾਉਣ ਲਈ ਮਾਈਕ੍ਰੋ ਇਰੀਗੇਸ਼ਨ ਸਕੀਮ ਦਾ ਨਿਰਮਾਣ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵਿਧਾਇਕ ਐਡ ਕਰਮਬੀਰ ਸਿੰਘ ਘੁੰਮਣ ਅਤੇ ਟਾਂਡਾ ਵਿਧਾਇਕ ਜਸਬੀਰ ਸਿੰਘ ਰਾਜ ਗਿੱਲ ਦੀ ਅਗਵਾਈ ਹੇਠ ਸਥਾਨਕ ਪਾਰਟੀ ਵਰਕਰਾਂ ਨੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਦਾ ਦਾਤਾਰਪੁਰ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਨਿਗਰਾਨ ਇੰਜਨੀਅਰ ਕੰਢੀ ਕਨਾਲ ਅਤੇ ਡੈਮ ਵਿਜੇ ਗਿੱਲ, ਚੇਅਰਮੈਨ ਬੌਬੀ ਕੌਸ਼ਲ ਆਦਿ ਮੌਜੂਦ ਸਨ।
ਪੌਂਗ ਡੈਮ ਦਾ ਦੌਰਾ ਕੀਤਾ
ਮੰਤਰੀ ਬਰਿੰਦਰ ਗੋਇਲ ਨੇ ਪੌਂਗ ਡੈਮ ਦਾ ਦੌਰਾ ਕਰਨ ਦੌਰਾਨ ਕਿਹਾ ਕਿ ਸੂਬਾ ਸਰਕਾਰ ਵੱਲੋਂ ਮੌਨਸੂਨ ਸੀਜ਼ਨ ਦੇ ਮੱਦੇਨਜ਼ਰ ਕਿਸੇ ਵੀ ਹੰਗਾਮੀ ਹਾਲਾਤਾਂ ਨਾਲ ਨਜਿੱਠਣ ਦੀਆਂ ਤਿਆਰੀਆਂ ਪੂਰੀਆਂ ਹਨ। ਇਸ ਮੌਕੇ ਉਨ੍ਹਾਂ ਬੀ ਬੀ ਐੱਮ ਬੀ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ, ਅਤੇ ਮਹਾਰਾਣਾ ਪ੍ਰਤਾਪ ਸਾਗਰ ਝੀਲ ’ਚ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ।

