Punjab Bar Association Elections: ਮਾਹੀਪਾਲ ਸੁਲਤਾਨਪੁਰ ਲੋਧੀ, ਡਡਵਾਲ ਪਠਾਨਕੋਟ ਤੇ ਦੂੁਆ ਜਲੰਧਰ ਦੇ ਪ੍ਰਧਾਨ ਬਣੇ
ਸੁਲਤਾਨਪੁਰ ਲੋਧੀ, ਪਠਾਨਕੋਟ ਅਤੇ ਜਲੰਧਰ ਦੇ ਚੋਣ ਨਤੀਜੇ ਐਲਾਨੇ
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬਾਰ ਐਸੋਸੀਏਸ਼ਨਾਂ ਦੀਆਂ ਹੋਈਆਂ ਚੋਣਾਂ ਨੇ ਵਕੀਲ ਭਾਈਚਾਰੇ ਵਿੱਚ ਭਾਰੀ ਉਤਸ਼ਾਹ ਪੈਦਾ ਕਰ ਦਿੱਤਾ ਹੈ। ਸੁਲਤਾਨਪੁਰ ਲੋਧੀ, ਪਠਾਨਕੋਟ ਅਤੇ ਜਲੰਧਰ ਜ਼ਿਲ੍ਹਾ ਬਾਰ ਐਸੋਸੀਏਸ਼ਨਾਂ ਲਈ ਹੋਏ ਮੁਕਾਬਲਿਆਂ ਵਿੱਚ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਹੈ, ਜਿਸ ਤੋਂ ਬਾਅਦ ਜੇਤੂ ਉਮੀਦਵਾਰਾਂ ਦੇ ਸਮਰਥਕਾਂ ਵੱਲੋਂ ਭੰਗੜੇ ਪਾ ਕੇ ਅਤੇ ਲੱਡੂ ਵੰਡ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ। ਸੁਲਤਾਨਪੁਰ ਲੋਧੀ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਲਈ ਹੋਏ ਬੇਹੱਦ ਫਸਵੇਂ ਮੁਕਾਬਲੇ ਵਿੱਚ ਐਡਵੋਕੇਟ ਸਤਵੀਰ ਮਾਹੀਪਾਲ ਨੇ ਤਿੰਨ ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕਰਦਿਆਂ ਪ੍ਰਧਾਨਗੀ ਉੱਤੇ ਕਬਜ਼ਾ ਕਰ ਲਿਆ। ਕੁੱਲ 39 ਵੈਧ ਵੋਟਾਂ ਵਿੱਚੋਂ ਸਤਵੀਰ ਮਾਹੀਪਾਲ ਨੂੰ 21 ਅਤੇ ਉਨ੍ਹਾਂ ਦੇ ਵਿਰੋਧੀ ਜਗਦੀਸ਼ ਸਿੰਘ ਸੋਢੀ ਨੂੰ 18 ਵੋਟਾਂ ਮਿਲੀਆਂ। ਇਸ ਚੋਣ ਦੌਰਾਨ ਐਡਵੋਕੇਟ ਸੁਖਵਿੰਦਰ ਸਿੰਘ ਨੂੰ ਸਰਬਸੰਮਤੀ ਨਾਲ ਸੈਕਟਰੀ ਅਤੇ ਐਡਵੋਕੇਟ ਰਾਜਵਿੰਦਰ ਕੌਰ ਸੰਧਾ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਨਵ-ਨਿਯੁਕਤ ਪ੍ਰਧਾਨ ਨੇ ਸਮੁੱਚੇ ਵਕੀਲ ਭਾਈਚਾਰੇ ਦਾ ਧੰਨਵਾਦ ਕਰਦਿਆਂ ਵਕੀਲਾਂ ਦੀ ਭਲਾਈ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਦਾ ਅਹਿਦ ਲਿਆ। ਜ਼ਿਲ੍ਹਾ ਬਾਰ ਐਸੋਸੀਏਸ਼ਨ ਪਠਾਨਕੋਟ ਦੀਆਂ ਚੋਣਾਂ ਵਿੱਚ ਐਡਵੋਕੇਟ ਅਜੈ ਡਡਵਾਲ ਨੇ ਆਪਣੇ ਨਜ਼ਦੀਕੀ ਮੁਕਾਬਲੇਬਾਜ਼ ਰਛਪਾਲ ਠਾਕੁਰ ਨੂੰ 32 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਪ੍ਰਧਾਨਗੀ ਦਾ ਅਹੁਦਾ ਹਾਸਲ ਕੀਤਾ। ਇੱਥੇ ਸਮਰੱਥ ਗੁਲਾਟੀ ਸਕੱਤਰ, ਮੁਸਕਾਨ ਜਾਇੰਟ ਸਕੱਤਰ, ਰੋਮਿਕਾ ਮਹਿਲਾ ਮੀਤ ਪ੍ਰਧਾਨ ਅਤੇ ਨਿਤਿਨ ਡੋਗਰਾ ਜਨਰਲ ਮੀਤ ਪ੍ਰਧਾਨ ਚੁਣੇ ਗਏ। ਇਸ ਚੋਣ ਵਿੱਚ ਕੁੱਲ 389 ਵੋਟਰਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ।
ਜਲੰਧਰ ਜ਼ਿਲ੍ਹਾ ਬਾਰ ਐਸੋਸੀਏਸ਼ਨ (ਡੀ ਬੀ ਏ) ਦੀਆਂ ਚੋਣਾਂ ਵਿੱਚ ਸਾਬਕਾ ਸਕੱਤਰ ਰਤਨ ਦੂਆ ਨੇ ਤਿਕੋਨੇ ਮੁਕਾਬਲੇ ਦੌਰਾਨ 900 ਤੋਂ ਵੱਧ ਵੋਟਾਂ ਦੇ ਭਾਰੀ ਫ਼ਰਕ ਨਾਲ ਜਿੱਤ ਪ੍ਰਾਪਤ ਕਰ ਕੇ ਪ੍ਰਧਾਨਗੀ ਹਾਸਲ ਕੀਤੀ। ਇਸ ਚੋਣ ਵਿੱਚ 2112 ਵੋਟਰਾਂ ਨੇ ਹਿੱਸਾ ਲਿਆ ਜਦਕਿ ਅਮਰਿੰਦਰ ਥਿੰਦ ਸਕੱਤਰ ਦੇ ਅਹੁਦੇ ’ਤੇ ਜੇਤੂ ਰਹੇ। ਚੋਣਾਂ ਦੇ ਨਤੀਜੇ ਆਉਂਦਿਆਂ ਹੀ ਸਮਰਥਕਾਂ ਵਿੱਚ ਜਸ਼ਨ ਦਾ ਮਾਹੌਲ ਬਣ ਗਿਆ ਅਤੇ ਸਾਰੇ ਜੇਤੂ ਆਗੂਆਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।
ਹੁਸ਼ਿਆਰਪੁਰ (ਪੱਤਰ ਪ੍ਰੇਰਕ: ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਚੋਣ ਅੱਜ ਇੱਥੇ ਹੋਈ। ਐਡਵੋਕੇਟ ਸ਼ਮਸ਼ੇਰ ਭਾਰਦਵਾਜ ਪ੍ਰਧਾਨ ਅਤੇ ਪੁਨੀਤਇੰਦਰ ਸਿੰਘ ਕੰਗ ਜਨਰਲ ਸਕੱਤਰ ਚੁਣੇ ਗਏ। ਸਮਸ਼ੇਰ ਭਾਰਦਵਾਜ ਨੇ ਨਵਜਿੰਦਰ ਸਿੰਘ ਬੇਦੀ ਨੂੰ 58 ਵੋਟਾਂ ਦੇ ਫਰਕ ਨਾਲ ਹਰਾਇਆ। ਭਾਰਦਵਾਜ ਸ਼੍ਰ਼ੋਮਣੀ ਅਕਾਲੀ ਦਲ ਦੇ ਆਰ ਟੀ ਆਈ ਸੈੱਲ ਪੰਜਾਬ ਦੇ ਮੀਤ ਪ੍ਰਧਾਨ ਹਨ ਜਦੋਂਕਿ ਕੰਗ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਹਨ। ਐਡਵੋਕੇਟ ਮਾਣਿਕ ਡੋਗਰਾ ਤੇ ਗੁਰਪ੍ਰੀਤ ਕੌਰ ਮੀਤ ਪ੍ਰਧਾਨ ਅਤੇ ਨੈਨਸੀ ਸ਼ਰਮਾ ਸੰਯੁਕਤ ਸਕੱਤਰ ਚੁਣੇ ਗਏ।

