Banga Assembly: ਬੰਗਾ ਦੀ ਸਿਆਸਤ ’ਚ ਭਾਰੂ ਹੋਏ ਡਾਕਟਰ
ਡਾ. ਸੁੱਖੀ, ਡਾ. ਬਖਸ਼ੀਸ਼ ਤੇ ਡਾ. ਬਿੱਟੂ ਦੀ ਮੈਡੀਕਲ ਤ੍ਰਿਵੈਣੀ ਚਰਚਾ ’ਚ ਆਈ
ਬੰਗਾ ਵਿਧਾਨ ਸਭਾ ਤੋਂ ਇਸ ਵਾਰ ਸੰਭਾਵੀ ਉਮੀਦਵਾਰਾਂ ’ਚ ਡਾਕਟਰਾਂ ਦੀ ਗਿਣਤੀ ਭਾਰੂ ਹੋਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਸਮੇਂ ਇੱਥੋਂ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਆਮ ਆਦਮੀ ਪਾਰਟੀ ਵੱਲੋਂ ਮੁੜ ਸਰਗਰਮ ਹਨ। ਮੌਜੂਦਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੂੰ ਇੱਥੋਂ ਜਿੱਤ ਦੀ ਹੈਟ੍ਰਿਕ ਦੀ ‘ਉਡੀਕ’ ਹੈ। ਉਨ੍ਹਾਂ ਦਾ ਕਹਿਣਾ ਸੀ ਜਿਵੇਂ ਦੋ ਵਾਰ ਪਹਿਲਾਂ ਬੰਗਾ ਹਲਕੇ ਦੇ ਲੋਕਾਂ ਤੋਂ ਜੇਤੂ ਫ਼ਤਵਾ ਹਾਸਲ ਹੋਇਆ ਹੈ ਉਹ ਇਸ ਵਾਰ ਵੀ ਕੰਮਾਂ ਦੇ ਆਧਾਰ ’ਤੇ ਵੋਟ ਮੰਗਣਗੇ। ਡਾ. ਬਖਸ਼ੀਸ਼ ਸਿੰਘ ਇਸ ਵਿਧਾਨ ਸਭਾ ਹਲਕੇ ਅੰਦਰ ਪਾਰਟੀ ਛੱਡਣ ਵਾਲਿਆਂ ਦੀ ਬਹੁਤਾਤ ’ਚ ਨਹੀਂ ਸ਼ਾਮਲ ਹੋਏ। ਉਹ ਤਿੰਨ ਦਹਾਕਿਆਂ ਤੋਂ ਕਾਂਗਰਸ ਵਿੱਚ ਹੀ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਟਕਸਾਲੀ ਵਰਕਰਾਂ ਦੇ ਸਹਿਯੋਗ ਨਾਲ ਫ਼ਤਹਿ ਹਾਸਲ ਕਰਨਗੇ।
ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਬੰਗਾ ਵਿਧਾਨ ਸਭਾ ਹਲਕੇ ਤੋਂ ਲਾਏ ਗਏ ਹਲਕਾ ਇੰਚਾਰਜ ਡਾ. ਸਤਵਿੰਦਰਪਾਲ ਬਿੱਟੂ ਸਰਕਾਰੀ ਨੌਕਰੀ ਤਿਆਗ ਕੇ ਸਿਆਸੀ ਮੈਦਾਨ ਵਿੱਚ ਉਤਰੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਇਸ ਹਲਕੇ ਦੀ ਜਿੱਤ ਯਕੀਨੀ ਬਣਾਉਣ ਲਈ ਉਹ ਹਰ ਵਰਗ ਤੱਕ ਪਹੁੰਚ ਬਣਾਉਣਗੇ। ਬੰਗਾ ਹਲਕੇ ਵਿੱਚ ਮਜ਼ਬੂਤ ਜਨ ਆਧਾਰ ਰੱਖਣ ਵਾਲੀਆਂ ਹੋਰ ਸਿਆਸੀ ਧਿਰਾਂ ਵੱਲੋਂ ਵੀ ਇੱਥੋਂ ਡਾਕਟਰ ਚਿਹਰੇ ਚੋਣ ਮੈਦਾਨ ’ਚ ਉਤਾਰਨ ਦੀਆਂ ਕਿਆਸਅਰਾਈਆਂ ਹਨ।

