ਤਾਇਵਾਨ ਦੀ ਰਹਿਣ ਵਾਲੀ ਜੈਨੀ ਯਿੰਗ ਆਪਣਾ ਜਨਮ ਦਿਨ ਸ੍ਰੀ ਹਰਿਮੰਦਰ ਸਾਹਿਬ ਵਿੱਚ ਗੁਰੂ-ਘਰ ਵਿੱਚ ਮਨਾਏਗੀ। ਤਾਇਵਾਨੀ ਮੂਲ ਦੀ ਜੈਨੀ ਨੇ ਪਟਿਆਲਾ ਦੇ ਨੇੜੇ ਬਹਾਦਰਗੜ੍ਹ ਦੇ ਹਰਦੀਪ ਸਿੰਘ ਨਾਲ ਵਿਆਹ ਮਗਰੋਂ ਸਿੱਖ ਧਰਮ ਅਪਣਾ ਲਿਆ ਸੀ ਅਤੇ ਹੁਣ ਉਹ ਪੰਜਾਬ ਵਿੱਚ ਰਹਿ ਰਹੀ ਹੈ। ਅੱਜ ਉਹ ਸ੍ਰੀ ਦਰਬਾਰ ਸਾਹਿਬ ਨੇੜੇ ਹੈਰੀਟੇਜ ਸਟ੍ਰੀਟ ’ਤੇ 42 ਡਿਗਰੀ ਦੀ ਤਪਦੀ ਗਰਮੀ ਵਿੱਚ ਸਿਰ ’ਤੇ ਪਟਕਾ ਸਜਾ ਕੇ ਆ ਜਾ ਰਹੇ ਲੋਕਾਂ ਨੂੰ ਜਲ ਛਕਾਉਣ ਦੀ ਸੇਵਾ ਕਰ ਰਹੀ ਸੀ। ਉਸ ਦੇ ਨਾਲ ਉਸ ਦਾ ਪਤੀ ਵੀ ਸੀ। ਉਹ 23 ਅਪਰੈਲ ਨੂੰ ਸ੍ਰੀ ਹਰਿਮੰਦਰ ਸਾਹਿਬ ਵਿੱਚ ਆਪਣਾ ਜਨਮਦਿਨ ਮਨਾਏਗੀ।
ਜੈਨੀ ਯਿੰਗ ਦਾ ਮੌਜੂਦਾ ਨਾਂਅ ਬਲਵਿੰਦਰ ਕੌਰ ਹੈ। ਉਹ ਤਾਇਵਾਨ ਦੀ ਰਹਿਣ ਵਾਲੀ ਹੈ। ਸਿੰਗਾਪੁਰ ਵਿੱਚ ਰਹਿੰਦਿਆਂ ਉਹ ਹਰਦੀਪ ਸਿੰਘ ਨਾਲ ਮਿਲੀ ਸੀ। ਦੋਵਾਂ ਨੇ ਲੰਮਾ ਸਮਾਂ ਇਕੱਠੇ ਕੰਮ ਕੀਤਾ ਅਤੇ ਬਾਅਦ ਵਿੱਚ ਉਹ ਉਸ ਦੇ ਨਾਲ ਹੀ ਪੰਜਾਬ ਆ ਗਈ। ਤਾਇਵਾਨੀ ਮੂਲ ਦੀ ਜੈਨੀ ਨੇ ਹਰਦੀਪ ਸਿੰਘ ਨਾਲ ਵਿਆਹ ਤੋਂ ਬਾਅਦ ਸਿੱਖ ਧਰਮ ਅਪਣਾ ਲਿਆ । ਹੁਣ ਉਹ ਮੰਦਾਰਿਨ, ਅੰਗਰੇਜ਼ੀ ਅਤੇ ਪੰਜਾਬੀ ਦਾ ਮਿਸ਼ਰਨ ਬੋਲਦੀ ਹੈ। ਕੁਝ ਸ਼ਬਦ ਅਤੇ ਸਤਰਾਂ ਉਹ ਪੰਜਾਬੀ ਵਿੱਚ ਵੀ ਬੋਲਦੀ ਹੈ। ਉਸ ਦਾ ਕਹਿਣਾ ਹੈ ਕਿ ਸਿੱਖ ਜੀਵਨ ਜਾਚ ਉਸ ਨੂੰ ਆਤਮਿਕ ਸ਼ਾਂਤੀ ਦਿੰਦੀ ਹੈ। ਉਹ ਇਥੇ ਰੈਡੀਮੇਡ ਕੱਪੜਿਆਂ ਦੀ ਦੁਕਾਨ ਦਾ ਕਾਰੋਬਾਰ ਕਰ ਰਹੀ ਹੈ ਅਤੇ ਇੱਕ ਯੂਟਿਊਬ ਚੈਨਲ ਦਾ ਸੰਚਾਲਨ ਵੀ ਕਰਦੀ ਹੈ। ਜੈਨੀ ਦੇ ਪਤੀ ਹਰਦੀਪ ਨੇ ਕਿਹਾ ਕਿ ਉਹ ਚਾਹੁੰਦੇ ਸਨ ਕਿ ਜਨਮਦਿਨ ਮੌਕੇ ਦਰਬਾਰ ਸਾਹਿਬ ਨਤਮਸਤਕ ਹੋ ਕੇ ਇਕੱਠੇ ਸੇਵਾ ਕੀਤੀ ਜਾਵੇ। ਇਸੇ ਲਈ ਉਹ ਇੱਕ ਦਿਨ ਪਹਿਲਾਂ ਹੀ ਸ੍ਰੀ ਹਰਿਮੰਦਰ ਸਾਹਿਬ ਆ ਗਏ ਹਨ। ਉਸਨੇ ਦੱਸਿਆ ਕਿ ਉਹ ਹੁਣ ਵਾਪਸ ਨਹੀਂ ਜਾਣਾ ਚਾਹੁੰਦੀ ਅਤੇ ਪੰਜਾਬ ਵਿੱਚ ਹੀ ਰਹਿਣਾ ਚਾਹੁੰਦੀ ਹੈ।
ਹਰਦੀਪ ਨੇ ਦੱਸਿਆ ਕਿ ਉਨ੍ਹਾਂ ਦੇ ਵਿਆਹ ਨੂੰ ਲਗਪਗ ਸੱਤ ਸਾਲ ਹੋ ਗਏ ਹਨ। ਉਹ ਤਿੰਨ ਸਾਲ ਸਿੰਗਾਪੁਰ ਵਿੱਚ, ਦੋ ਸਾਲ ਦੁਬਈ ਵਿੱਚ ਇਕੱਠੇ ਰਹੇ ਹਨ ਅਤੇ ਹੁਣ ਦੋ ਸਾਲ ਤੋਂ ਪੰਜਾਬ ਵਿੱਚ ਹਨ। ਇਥੇ ਪਟਿਆਲਾ ਨੇੜੇ ਬਹਾਦਰਗੜ੍ਹ ਵਿੱਚੋਂ ਰੈਡੀਮੇਟ ਗਾਰਮੈਂਟ ਦਾ ਆਪਣਾ ਕਾਰੋਬਾਰ ਸ਼ੁਰੂ ਕੀਤਾ। ਉਹ ਹੁਣ ਪੰਜਾਬ ਵਿੱਚ ਹੀ ਆਪਣਾ ਭਵਿੱਖ ਦੇਖ ਰਹੇ ਹਨ। ਦੋਵਾਂ ਨੇ 14 ਅਪਰੈਲ ਨੂੰ ਖਾਲਸਾ ਸਾਜਨਾ ਦਿਵਸ ਵਾਲੇ ਦਿਨ ਅੰਮ੍ਰਿਤ ਛਕਿਆ ਹੈ। ਹਰਦੀਪ ਉਸ ਨੂੰ ਰੋਜ਼ ਹੁਕਮਨਾਮਾ ਅਨੁਵਾਦ ਕਰਕੇ ਦੱਸਦਾ ਹੈ ਅਤੇ ਉਸ ਦਾ ਮਤਲਬ ਵੀ ਸਮਝਾਉਂਦਾ ਹੈ।

