ਬਾਦਲ ਕਿਸਾਨ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਤਾਕ ’ਚ: ਆਪ

ਬਾਦਲ ਕਿਸਾਨ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਤਾਕ ’ਚ: ਆਪ

ਪ੍ਰੈਸ ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਆਗੂ। -ਫੋਟੋ: ਪੰਜਾਬੀ ਟ੍ਰਿਬਿਊਨ

ਨਿੱਜੀ ਪੱਤਰ ਪ੍ਰੇਰਕ
ਜਲੰਧਰ, 23 ਸਤੰਬਰ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਦੀਆਂ ਸਾਰੀਆਂ ਸਿਆਸੀ ਧਿਰਾਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਸਮੇਤ ਸੂਬੇ ਦੇ ਸਾਰੇ ਵਰਗਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੋਦੀ ਸਰਕਾਰ ਦੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਵਿਰੁੱਧ ਕਿਸਾਨੀ ਸੰਘਰਸ਼ ਦਾ ਸਾਥ ਦੇਣ ਅਤੇ 25 ਸਤੰਬਰ ਦੇ ਬੰਦ ਨੂੰ ਕਾਮਯਾਬ ਬਣਾਉਣ ਇਕਜੁੱਟਤਾ ਨਾਲ ਪਹਿਰਾ ਦੇਣ। ‘ਆਪ’ ਨੇ  25 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ  ਵੱਲੋਂ ‘ਚੱਕਾ ਜਾਮ’ ਦੇ ਐਲਾਨ ਨੂੰ ਕਿਸਾਨੀ ਸੰਘਰਸ਼ ਵਿਰੁੱਧ ਬਾਦਲਾਂ ਦੀ ਸਾਜ਼ਿਸ਼ ਦੱਸਿਆ ਹੈ।

ਅੱਜ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਧਾਇਕ ਜੈ ਸਿੰਘ ਰੋੜੀ ਅਤੇ ਵਿਧਾਇਕ ਮਾਸਟਰ ਬਲਦੇਵ ਸਿੰਘ ਜੈਤੋਂ ਨੇ ਦੋਸ਼ ਲਾਇਆ ਕਿ  ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਵਾਲੇ ਡਰਾਮੇ ਦੇ ਬਾਵਜੂਦ ਬਾਦਲ ਅੱਜ ਵੀ ਕੇਂਦਰ ਸਰਕਾਰ ਦਾ ਹਿੱਸਾ ਹਨ। ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਪ੍ਰੋਗਰਾਮ ਨੂੰ ਤਾਰਪੀਡੋ ਕਰਨ ਲਈ ਬਾਦਲਾਂ ਨੇ 25 ਸਤੰਬਰ ਨੂੰ ਹੀ ‘ਚੱਕਾ ਜਾਮ’ ਦਾ ਡਰਾਮਾ ਐਲਾਨ ਦਿੱਤਾ ਹੈ। 

 ਮਾਸਟਰ ਬਲਦੇਵ ਸਿੰਘ ਜੈਤੋਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਾਦਲਾਂ ਦੀਆਂ ਅਜਿਹੀਆਂ ਦੋਗਲੀਆਂ ਹਰਕਤਾਂ ਕਾਰਨ ਪਹਿਲਾਂ ਹੀ ਇਨ੍ਹਾਂ (ਬਾਦਲ ਪਰਿਵਾਰ) ਦਾ ਚੱਕਾ ਜਾਮ ਪੱਕੇ ਤੌਰ ’ਤੇ ਕਰ ਰੱਖਿਆ ਹੈ। ਬਾਦਲਾਂ ਅਤੇ ਭਾਜਪਾ ਦੀ ਪਿੰਡਾਂ ’ਚ ‘ਨੋ ਐਂਟਰੀ’ ਦੇ ਬੋਰਡ ਲੱਗਣੇ ਸ਼ੁਰੂ ਹੋ ਗਏ ਹਨ। ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਬਾਦਲਾਂ ਵਾਂਗ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਮੋਦੀ ਸਰਕਾਰ ਲਈ ਕੰਮ ਕਰ ਰਹੇ ਹਨ। ਮੰਡੀਆਂ ’ਚ ਰੁਲ ਰਹੀ ਮੱਕੀ, ਕਪਾਹ ਅਤੇ ਬਾਸਮਤੀ ਬਾਰੇ ਗੱਲ ਕਰਦਿਆਂ ਆਪ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਅੱਜ ਪੰਜਾਬ ਦੀਆਂ ਮੰਡੀਆਂ ’ਚ ਐੱਮਐੱਸਪੀ ਐਲਾਨੀ ਹੋਣ ਦੇ ਬਾਵਜੂਦ ਮੱਕੀ 1870 ਦੀ ਥਾਂ 650 ਤੋਂ 1000 ਰੁਪਏ ਅਤੇ ਨਰਮਾ 5825 ਰੁਪਏ ਪ੍ਰਤੀ ਕੁਇੰਟਲ ਦੀ ਥਾਂ 4000-4500 ਰੁਪਏ ਵਿਕ ਰਿਹਾ ਹੈ ਜਦਕਿ ਬਾਸਮਤੀ ਦੀ ਫ਼ਸਲ ਮਹਿਜ਼ 1900 ਰੁਪਏ ਪ੍ਰਤੀ ਕੁਇੰਟਲ ਖਰੀਦੀ ਜਾ ਰਹੀ ਹੈ।ਇਸ ਮੌਕੇ ਡਾ. ਸੰਜੀਵ ਸ਼ਰਮਾ, ਡਾ. ਸ਼ਿਵ ਦਿਆਲ ਮਾਲੀ, ਦਰਸ਼ਨ ਲਾਲ ਭਗਤ, ਰਾਜਵਿੰਦਰ ਕੌਰ, ਕਸ਼ਮੀਰ ਸਿੰਘ ਮੱਲ੍ਹੀ, ਕਰਤਾਰ ਸਿੰਘ, ਆਤਮ ਪ੍ਰਕਾਸ਼ ਸਿੰਘ ਅਤੇ ਲੱਕੀ ਰੰਧਾਵਾ ਅਤੇ ਹੋਰ ਆਗੂ ਹਾਜ਼ਰ ਸਨ।      

ਅਕਾਲੀ ਦਲ ਦਾ ਚੱਕਾ ਜਾਮ ਸਾਜਿਸ਼ ਦਾ ਹਿੱਸਾ: ਸੰਧਵਾਂ

ਅੰਮ੍ਰਿਤਸਰ (ਟਨਸ) ਆਮ ਆਦਮੀ ਪਾਰਟੀ ਨੇ ਸੂਬੇ ਦੀਆਂ ਸਾਰੀਆਂ ਸਿਆਸੀ ਧਿਰਾਂ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਸਮੇਤ ਸਾਰੇ ਵਰਗਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਖੇਤੀ ਬਿੱਲਾਂ ਖ਼ਿਲਾਫ਼ ਕਿਸਾਨ ਸੰਘਰਸ਼ ਦਾ ਸਾਥ ਦੇਣ ਅਤੇ 25 ਸਤੰਬਰ ਨੂੰ ਪੰਜਾਬ ਬੰਦ ਨੂੰ ਕਾਮਯਾਬ ਕਰਨ। ਉਨ੍ਹਾਂ ਨੇ 25 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਰੱਖੇ ਚੱਕਾ ਜਾਮ ਪ੍ਰੋਗਰਾਮ ਨੂੰ ਕਿਸਾਨੀ ਸੰਘਰਸ਼ ਵਿਰੁਧ ਸਾਜਿਸ਼ ਦੱਸਿਆ ਹੈ। ਅੱਜ ਇਥੇ ਆਪ ਦੇ ਸੀਨੀਅਰ ਆਗੂ ਕੁਲਤਾਰ ਸਿੰਘ ਸੰਧਵਾਂ ਨੇ ਦੋਸ਼ ਲਾਇਆ ਕਿ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਅੱਜ ਵੀ ਕੇਂਦਰ ਸਰਕਾਰ ਦਾ ਹਿੱਸਾ ਹੈ। ਇਸੇ ਲਈ 25 ਸਤੰਬਰ ਦੇ ਬੰਦ ਦੇ ਪ੍ਰੋਗਰਾਮ ਨੂੰ ਤਾਰਪੀਡੋ ਕਰਨ ਲਈ ਚੱਕਾ ਜਾਮ ਪ੍ਰੋਗਰਾਮ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਲੋਕ ਪੁਛ ਰਹੇ ਹਨ ਕਿ ਹੁਣ ਤਕ ਇਨ੍ਹਾਂ ਨੇ ਐਨਡੀਏ ਨਾਲੋਂ ਨਾਤਾ ਕਿਉਂ ਨਹੀਂ ਤੋੜਿਆ। ਇਸ ਮੌਕੇ ਮਨਜਿੰਦਰ ਸਿੰਘ ਲਾਲਪੁਰਾ, ਅਸ਼ੋਕ ਤਲਵਾਰ, ਰਜਿੰਦਰ ਪਲਾਹ, ਜਸਕਰਨ ਬੰਦੇਸ਼ਾ, ਸੋਹਣ ਸਿੰਘ ਨਾਗੀ ਅਤੇ ਅਨਿਲ ਮਹਾਜਨ ਵੀ ਹਾਜ਼ਰ ਸਨ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All