ਹਮਲਾਵਰਾਂ ਨੇ ਘਰ ’ਚ ਦਾਖ਼ਲ ਹੋ ਕੇ ਤਿੰਨ ਜਣੇ ਜ਼ਖ਼ਮੀ ਕੀਤੇ
ਹਥਿਆਰਬੰਦ ਨੌਜਵਾਨਾਂ ਨੇ ਲੰਘੀ ਰਾਤ ਸਥਾਨਕ ਸ਼ਿਵ ਨਗਰ ਵਿੱਚ ਇੱਕ ਘਰ ਵਿੱਚ ਦਾਖ਼ਲ ਹੋ ਕੇ ਤਿੰਨ ਜਣਿਆਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀਆਂ ਵਿੱਚ 24 ਸਾਲਾ ਅਰਜੁਨ ਉਰਫ਼ ਰਿੱਕੀ, ਉਸ ਦੀ ਮਾਂ ਸ਼ਮਾ ਅਤੇ ਪਿਤਾ ਰਾਜ ਕੁਮਾਰ ਸ਼ਾਮਲ ਹਨ।...
ਹਥਿਆਰਬੰਦ ਨੌਜਵਾਨਾਂ ਨੇ ਲੰਘੀ ਰਾਤ ਸਥਾਨਕ ਸ਼ਿਵ ਨਗਰ ਵਿੱਚ ਇੱਕ ਘਰ ਵਿੱਚ ਦਾਖ਼ਲ ਹੋ ਕੇ ਤਿੰਨ ਜਣਿਆਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀਆਂ ਵਿੱਚ 24 ਸਾਲਾ ਅਰਜੁਨ ਉਰਫ਼ ਰਿੱਕੀ, ਉਸ ਦੀ ਮਾਂ ਸ਼ਮਾ ਅਤੇ ਪਿਤਾ ਰਾਜ ਕੁਮਾਰ ਸ਼ਾਮਲ ਹਨ। ਇਹ ਘਟਨਾ ਪੁਰਾਣੀ ਰੰਜ਼ਿਸ਼ ਕਾਰਨ ਵਾਪਰੀ ਦੱਸੀ ਜਾ ਰਹੀ ਹੈ। ਹਮਲਾਵਰਾਂ ਦੀ ਗਿਣਤੀ ਅੱਠ ਦੇ ਕਰੀਬ ਦੱਸੀ ਜਾ ਰਹੀ ਹੈ। ਇਸ ਹਮਲੇ ’ਚ ਨੌਜਵਾਨ ਦੇ ਦੋਵੇਂ ਪੈਰਾਂ ਅਤੇ ਸਿਰ ’ਤੇ ਸੱਟਾਂ ਲੱਗੀਆਂ ਹਨ ਜਦੋਂਕਿ ਉਸ ਦੀ ਮਾਂ ਦੇ ਮੱਥੇ ’ਤੇ ਕੁਹਾੜੀ ਨਾਲ ਹਮਲਾ ਕੀਤਾ ਗਿਆ ਅਤੇ ਪਿਤਾ ਦੇ ਹੱਥ ’ਤੇ ਸੱਟ ਲੱਗੀ। ਹਮਲਾਵਰਾਂ ਨੇ ਘਰ ਦੀ ਤੋੜ-ਭੰਨ ਕੀਤੀ ਅਤੇ ਪਾਰਕ ਕੀਤੀਆਂ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਾਇਆ।
ਲੋਕਾਂ ਨੇ ਤੁਰੰਤ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਜਾਂਚ ਲਈ ਪਹੁੰਚੀ। ਸਥਾਨਕ ਲੋਕਾਂ ਵੱਲੋਂ ਬਣਾਈ ਇੱਕ ਵੀਡੀਓ ਵਿੱਚ ਕੁਝ ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਲੈਸ ਦਿਖਾਈ ਦੇ ਰਹੇ ਹਨ। ਅਰਜੁਨ ਦੇ ਭਰਾ ਅਜੇ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਅਰਜੁਨ ਅਤੇ ਢਾਕੀ ਮੁਹੱਲੇ ਦੇ ਰਹਿਣ ਵਾਲੇ ਨੌਜਵਾਨਾਂ ਦੀ ਬਾਜ਼ਾਰ ਵਿੱਚ ਮੋਟਰਸਾਈਕਲਾਂ ਦੀ ਟੱਕਰ ਹੋ ਗਈ ਸੀ। ਇਸ ਦੌਰਾਨ ਬਹਿਸ ਮਗਰੋਂ ਅਰਜੁਨ ਨੇ ਉਨ੍ਹਾਂ ਤੋਂ ਮੁਆਫ਼ੀ ਵੀ ਮੰਗ ਲਈ ਸੀ ਪਰ ਉਹ ਨੌਜਵਾਨ ਉਸ ਦਿਨ ਤੋਂ ਹੀ ਅਰਜੁਨ ਨੂੰ ਧਮਕੀਆਂ ਦਿੰਦੇ ਸਨ। ਲੰਘੀ ਰਾਤ 10 ਵਜੇ ਦੇ ਕਰੀਬ ਅੱਠ ਤੋਂ ਦਸ ਹਥਿਆਰਬੰਦ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋਏ ਅਰਜੁਨ ’ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਅਰਜੁਨ ਦੀਆਂ ਲੱਤਾਂ ’ਤੇ ਕੁਹਾੜੀਆਂ ਨਾਲ ਵਾਰ ਕੀਤੇ। ਇਸ ਕਾਰਨ ਉਸ ਦੀਆਂ ਦੋਵੇਂ ਲੱਤਾਂ ’ਤੇ ਡੂੰਘੇ ਜ਼ਖ਼ਮ ਹੋ ਗਏ। ਅਰਜੁਨ ਦੇ ਮਾਪੇ ਜਦੋਂ ਉਸ ਨੂੰ ਬਚਾਉਣ ਆਏ ਤਾਂ ਹਮਲਾਵਰਾਂ ਨੇ ਉਨ੍ਹਾਂ ’ਤੇ ਵੀ ਕੁਹਾੜੀਆਂ ਨਾਲ ਹਮਲਾ ਕਰ ਦਿੱਤਾ। ਇਸ ਕਾਰਨ ਰਾਜ ਕੁਮਾਰ ਦੇ ਹੱਥ ’ਤੇ ਡੂੰਘੇ ਜ਼ਖ਼ਮ ਹੋ ਗਏ ਜਦੋਂਕਿ ਸ਼ਮਾ ਦੇ ਮੱਥੇ ’ਤੇ ਸੱਟ ਲੱਗੀ। ਅਰਜੁਨ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਡੀ ਐੱਸ ਪੀ ਸਿਟੀ ਵਿਪਨ ਕੁਮਾਰ ਨੇ ਕਿਹਾ ਕਿ ਸ਼ਿਕਾਇਤ ਮਿਲਦਿਆਂ ਹੀ ਪੁਲੀਸ ਘਟਨਾ ਸਥਾਨ ’ਤੇ ਪਹੁੰਚ ਗਈ ਸੀ। ਜ਼ਖ਼ਮੀਆਂ ਦੇ ਬਿਆਨ ਦਰਜ ਕੀਤੇ ਗਏ ਹਨ। ਮੁਲਜ਼ਮਾਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ।

