ਜਸਬੀਰ ਸਿੰਘ ਚਾਨਾ
ਫਗਵਾੜਾ, 27 ਅਕਤੂਬਰ
ਸੀ.ਆਈ.ਏ ਸਟਾਫ਼ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਹੈਰੋਇਨ, ਨਸ਼ੀਲੇ ਟੀਕੇ ਤੇ ਲੱਖਾਂ ਰੁਪਏ ਦੀ ਡਰੱਗ ਮਨੀ ਬਰਾਮਦ ਕਰਕੇ ਉਸ ਖਿਲਾਫ਼ ਧਾਰਾ 21/22-61-85 ਐੱਨ.ਡੀ.ਪੀ.ਐੱਸ ਐਕਟ ਤਹਿਤ ਕੇਸ ਦਰਜ ਕੀਤਾ ਹੈ। ਐੱਸ.ਪੀ. ਸਰਬਜੀਤ ਸਿੰਘ ਬਾਹੀਆ ਤੇ ਸੀ.ਆਈ.ਏ ਸਟਾਫ਼ ਇੰਚਾਰਜ ਸਿਕੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਨੇੜੇ ਐੱਨ.ਆਰ.ਆਈ ਕਲੋਨੀ ਗਰੀਨ ਵੈਲੀ ਨੂੰ ਜਾਂਦੀ ਸੜਕ ’ਤੇ ਇੱਕ ਨੌਜਵਾਨ ਨਵੀਨ ਕੁਮਾਰ ਉਰਫ਼ ਅੱਜੂ ਪੁੱਤਰ ਬਿਹਾਰੀ ਲਾਲ ਵਾਸੀ ਮੇਹਲੀ ਗੇਟ ਮੁਹੱਲਾ ਨਿਗਾਹਾ ਜੋ ਐਕਟਿਵਾ ’ਤੇ ਸਵਾਰ ਹੋ ਕੇ ਜਾ ਰਿਹਾ ਸੀ, ਨੂੰ ਜਦੋਂ ਰੋਕ ਕੇ ਚੈਕਿੰਗ ਕੀਤੀ ਤਾਂ ਉਸ ਪਾਸੋਂ 50 ਗ੍ਰਾਮ ਹੈਰੋਇਨ, 12 ਨਸ਼ੀਲੇ ਟੀਕੇ, ਇੱਕ ਕੰਪਿਊਟਰ ਕੰਡਾ ਤੇ 6 ਲੱਖ 8 ਹਜ਼ਾਰ ਰੁਪਏ ਭਾਰਤੀ ਕਰੰਸੀ (ਡਰੱਗ ਮਨੀ) ਤੇ ਵੱਖ ਵੱਖ 6 ਮੋਬਾਈਲ ਫ਼ੋਨ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਹ ਜਲੰਧਰ ਦੇ ਕਾਕਾ ਭਾਅ ਨਾਂ ਦੇ ਵਿਅਕਤੀ ਜੋ ਜਲੰਧਰ ਦਾ ਰਹਿਣ ਵਾਲਾ ਹੈ ਉਸ ਪਾਸੋਂ ਸਸਤੇ ਰੇਟ ’ਤੇ ਹੈਰੋਇਨ ਲਿਆ ਕੇ ਮਹਿੰਗੇ ਰੇਟ ’ਤੇ ਵੇਚ ਕੇ ਮੋਟੀ ਕਮਾਈ ਕਰਦਾ ਸੀ, ਨੂੰ ਵੀ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਅਦਾਲਤ ’ਚ ਪੇਸ਼ ਮਗਰੋਂ ਰਿਮਾਂਡ ਹਾਸਲ ਕਰਕੇ ਅਗਲੀ ਪੁੱਛਗਿੱਛ ਕੀਤੀ ਜਾਵੇਗੀ। ਐੱਸਪੀ ਸਰਬਜੀਤ ਸਿੰਘ ਬਾਹੀਆ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਹੋਰ ਤਸਕਰਾਂ ਦੀ ਭਾਲ ਜਾਰੀ ਹੈ ਅਤੇ ਜਲਦੀ ਹੀ ਤਸਕਰਾਂ ਨੂੰ ਬੇਨਕਾਬ ਕੀਤਾ ਜਾਵੇਗਾ।