ਜੰਗਲੀ ਜੀਵ ਸੰਭਾਲ ਵਿਭਾਗ ਅਤੇ ਪੁਲੀਸ ਨੇ ਸਾਂਝੀ ਕਾਰਵਾਈ ਕਰਦਿਆਂ ਪਠਾਨਕੋਟ ਦੇ ਏ ਬੀ ਕਾਲਜ ਰੋਡ ਤੋਂ ਦੁਰਲੱਭ ਅਤੇ ਸੁਰੱਖਿਅਤ ਪ੍ਰਜਾਤੀਆਂ ਦੇ ਪੰਛੀਆਂ ਦੀ ਗੈਰ-ਕਾਨੂੰਨੀ ਤਸਕਰੀ ਅਤੇ ਵਪਾਰ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੌਕੇ ਤੋਂ ਗ਼ੈਰ-ਕਾਨੂੰਨੀ ਤੌਰ ’ਤੇ ਬੰਦੀ ਬਣਾ ਕੇ ਰੱਖੇ ਗਏ ਕੁੱਲ 179 ਸੁਰੱਖਿਅਤ ਪੰਛੀ ਬਰਾਮਦ ਕੀਤੇ ਗਏ ਹਨ। ਵਿਭਾਗ ਦੇ ਬੀਟ ਇੰਚਾਰਜ ਸ਼ੁਭਮਦੀਪ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਮੁਹੰਮਦ ਜ਼ਾਹਿਦ ਵਾਸੀ ਰੇਲਵੇ ਕਲੌਨੀ ਮੁਕੇਰੀਆਂ ਇੱਥੇ ਪੰਛੀਆਂ ਦੀ ਤਸਕਰੀ ਕਰ ਰਿਹਾ ਹੈ। ਇਸ ਸੂਚਨਾ ’ਤੇ ਕਾਰਵਾਈ ਕਰਦਿਆਂ ਜੰਗਲਾਤ ਅਧਿਕਾਰੀਆਂ ਅਤੇ ਐੱਸ ਆਈ ਹਰਪ੍ਰੀਤ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਟੀਮ ਨੇ ਛਾਪਾ ਮਾਰ ਕੇ ਮੁਲਜ਼ਮ ਨੂੰ ਮੌਕੇ ’ਤੇ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਬਰਾਮਦ ਕੀਤੇ ਗਏ ਪੰਛੀਆਂ ਵਿੱਚ 2 ਕਾਮਨ ਹਿੱਲ ਮਾਈਨਾ, 130 ਸਕੇਲੀ-ਬ੍ਰੈਸਟਡ ਮੁਨੀਆ ਅਤੇ 47 ਲਾਲ ਮੁਨੀਆ ਸ਼ਾਮਲ ਹਨ, ਜੋ ਕਿ ਭਾਰਤੀ ਜੰਗਲੀ ਜੀਵ ਸੁਰੱਖਿਆ ਐਕਟ ਤਹਿਤ ਪੂਰੀ ਤਰ੍ਹਾਂ ਸੁਰੱਖਿਅਤ ਪ੍ਰਜਾਤੀਆਂ ਵਿੱਚ ਆਉਂਦੇ ਹਨ। ਮੁਲਜ਼ਮ ਇਨ੍ਹਾਂ ਨੂੰ ਗੈਰ-ਕਾਨੂੰਨੀ ਤੌਰ ’ਤੇ ਵਪਾਰ ਲਈ ਲਿਆਇਆ ਸੀ।
ਪੁਲੀਸ ਨੇ ਮੁਲਜ਼ਮ ਮੁਹੰਮਦ ਜ਼ਾਹਿਦ ਖ਼ਿਲਾਫ਼ ਜੰਗਲੀ ਜੀਵ ਸੁਰੱਖਿਆ ਐਕਟ, 1972 (ਸੋਧ 2022) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਜੰਗਲੀ ਜੀਵਾਂ ਦੀ ਤਸਕਰੀ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।

