ਗੜ੍ਹਦੀਵਾਲਾ ਦਾਣਾ ਮੰਡੀ ਦੇ ਆੜ੍ਹਤੀਆਂ ਨੇ ਅੱਜ ਆਪਣੀਆਂ ਦੁਕਾਨਾਂ ਬੰਦ ਕਰ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਪ੍ਰਦਰਸ਼ਨ ਦੀ ਅਗਵਾਈ ਆੜ੍ਹਤੀਆ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਵੱਲੋਂ ਕੀਤੀ ਗਈ।
ਇਸ ਮੌਕੇ ਆੜ੍ਹਤੀਆਂ ਨੇ ਦੋਸ਼ ਲਾਇਆ ਕਿ ਸਰਕਾਰ ਲੰਬੇ ਸਮੇਂ ਤੋਂ ਉਨ੍ਹਾਂ ਦੀਆਂ ਮੰਗਾਂ ਹੱਲ ਨਹੀਂ ਕਰ ਰਹੀ। ਹਰ ਸੀਜ਼ਨ ਵਿੱਚ ਮੰਗਾਂ ਮੰਨਣ ਦਾ ਭਰੋਸਾ ਦੇ ਕੇ ਖਰੀਦ ਸ਼ੁਰੂ ਕਰਵਾ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਵੱਲੋਂ ਵੀ ਮੰਡੀਆਂ ਵਿੱਚ ਸੁਚੱਜੇ ਪ੍ਰਬੰਧ ਨਹੀਂ ਕੀਤੇ ਜਾਂਦੇ, ਜਿਸ ਕਾਰਨ ਲੇਬਰ ਅਤੇ ਆਪਣੀ ਜਿਣਸ ਵੇਚਣ ਆਉਂਦੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਇਤਰਾਜ਼ ਜਤਾਇਆ ਕਿ ਉਨ੍ਹਾਂ ਕੋਲੋਂ ਫ਼ਸਲ ਦੀ ਖਰੀਦ ਮੌਕੇ 2.5 ਫ਼ੀਸਦੀ ਦੇ ਹਿਸਾਬ ਨਾਲ ਡੰਮੀ ਬਿੱਲ ਬਣਵਾਏ ਜਾਂਦੇ ਹਨ, ਪਰ ਉਨ੍ਹਾਂ ਨੂੰ ਅਦਾਇਗੀ ਸਿਰਫ 2 ਫ਼ੀਸਦੀ ਨਾਲ ਹੀ ਕੀਤੀ ਜਾਂਦੀ ਹੈ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਆੜ੍ਹਤੀਆਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਤਿੱਖਾ ਸੰਘਰਸ਼ ਸ਼ੁਰੂ ਕਰਨਗੇ ਅਤੇ ਮੰਗਾਂ ਮੰਨਣ ਮਗਰੋਂ ਹੀ ਮੰਡੀਆਂ ਵਿੱਚ ਖਰੀਦ ਸ਼ੁਰੂ ਕੀਤੀ ਜਾਵੇਗੀ।

