ਪੁਲੀਸ ਤੇ ਆਬਕਾਰੀ ਵਿਭਾਗ ਵੱਲੋਂ ਨਸ਼ਾ ਵਿਰੋਧੀ ਮੁਹਿੰਮ : The Tribune India

ਪੁਲੀਸ ਤੇ ਆਬਕਾਰੀ ਵਿਭਾਗ ਵੱਲੋਂ ਨਸ਼ਾ ਵਿਰੋਧੀ ਮੁਹਿੰਮ

ਪੁਲੀਸ ਤੇ ਆਬਕਾਰੀ ਵਿਭਾਗ ਵੱਲੋਂ ਨਸ਼ਾ ਵਿਰੋਧੀ ਮੁਹਿੰਮ

ਬਿਆਸ ਦਰਿਆ ਨਾਲ ਲੱਗਦੇ ਮੰਡ ਖੇਤਰ ਵਿੱਚੋਂ ਬਰਾਮਦ ਲਾਹਣ ਤੇ ਹੋਰ ਸਾਮਾਨ ਨਾਲ ਪੁਲੀਸ ਪਾਰਟੀ।

ਭਗਵਾਨ ਦਾਸ ਸੰਦਲ

ਦਸੂਹਾ, 30 ਨਵੰਬਰ

ਇੱਥੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਦਸੂਹਾ ਤੇ ਤਲਵਾੜਾ ਪੁਲੀਸ ਨੇ ਆਬਕਾਰੀ ਵਿਭਾਗ ਨਾਲ ਮਿਲ ਕੇ ਬਿਆਸ ਦਰਿਆ ਨਾਲ ਲੱਗਦੇ ਮੰਡ ਖੇਤਰ ਵਿੱਚ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਅਤੇ ਇਸ ਕਾਰਵਾਈ ਦੌਰਾਨ ਵੱਡੀ ਮਾਤਰਾ ਵਿੱਚ ਲਾਹਣ, ਨਾਜਾਇਜ਼ ਸ਼ਰਾਬ ਤੇ ਦੋ ਬੇੜੀਆਂ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਡੀਐੱਸਪੀ ਦਸੂਹਾ ਬਲਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਆਬਕਾਰੀ ਵਿਭਾਗ ਨਾਲ ਮਿਲ ਕੇ ਚਲਾਈ ਗਈ ਇਸ ਤਲਾਸ਼ੀ ਮੁਹਿੰਮ ਦੌਰਾਨ ਨਾਜਾਇਜ਼ ਸ਼ਰਾਬ ਦੀ ਢੋਆ-ਢੁਆਈ ਲਈ ਵਰਤੀਆਂ ਜਾਣ ਵਾਲੀਆਂ ਦੋ ਬੇੜੀਆਂ, 70 ਹਜ਼ਾਰ ਲਿਟਰ ਲਾਹਣ, 240 ਲਿਟਰ ਨਾਜਾਇਜ਼ ਸ਼ਰਾਬ ਅਤੇ ਪਲਾਸਟਿਕ ਦੇ ਦੋ ਕੈਨ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਹ ਤਲਾਸ਼ੀ ਮੁਹਿੰਮ ਐੱਸਐੱਸਪੀ ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ, ਐੱਸਪੀ (ਡੀ) ਮਨਪ੍ਰੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਚਲਾਈ ਗਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕਰ ਕੇ ਤਸਕਰਾਂ ਦੀ ਭਾਲ ਕੀਤੀ ਜਾ ਰਹੀ ਹੈ ਜੋ ਜਲਦੀ ਹੀ ਪੁਲੀਸ ਦੀ ਗ੍ਰਿਫਤ ਵਿੱਚ ਹੋਣਗੇ। ੳਨ੍ਹਾਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮੋਜਪੁਰ ਦੀ ਦਰਿਆਈ ਸਰੱਹਦ ਦਸੂਹਾ ਦੇ ਮੰਡ ਖੇਤਰ ਨਾਲ ਲੱਗਦੀ ਹੈ ਅਤੇ ਬਿਆਸ ਦਰਿਆ ਦੇ ਕੰਢੇ ਵੱਸਦੇ ਪਿੰਡਾਂ ਦੇ ਕੁਝ ਤਸਕਰ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦੇ ਹਨ ਜੋ ਤਲਾਸ਼ੀ ਮੁਹਿੰਮ ਦੌਰਾਨ ਗੁਰਦਾਸਪੁਰ ਦੀ ਹਦੂਦ ਅੰਦਰ ਦਾਖਲ ਹੋ ਜਾਂਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All