ਚੁਕਾਈ ਨਾ ਹੋਣ ਤੋਂ ਖਫ਼ਾ ਆੜ੍ਹਤੀਆਂ ਤੇ ਮਜ਼ਦੂਰਾਂ ਨੇ ਜਾਮ ਲਾਇਆ
ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ; ਪੁਲੀਸ ’ਤੇ ਜਬਰੀ ਜਾਮ ਖੁੱਲ੍ਹਵਾੳੁਣ ਦਾ ਦੋਸ਼
ਹਾਜੀਪੁਰ ਪੁਲੀਸ ਨੇ ਅੱਜ ਦਾਣਾ ਮੰਡੀ ’ਚ ਬੋਰੀਆਂ ਦੀ ਚੁਕਾਈ ਨਾ ਹੋਣ ਤੋਂ ਖਫ਼ਾ ਆੜ੍ਹਤੀਆਂ ਅਤੇ ਮਜ਼ਦੂਰਾਂ ਦੇ ਧਰਨੇ ਨੂੰ ਹਲਕੇ ਬਲ ਪ੍ਰਯੋਗ ਮਗਰੋਂ ਖਦੇੜ ਦਿੱਤਾ। ਆੜ੍ਹਤ ਐਸੋਸੀਏਸ਼ਨ ਹਾਜੀਪੁਰ ਦੇ ਪ੍ਰਧਾਨ ਵਰਿੰਦਰ ਕੁਮਾਰ ਬੱਬੂ ਨੇ ਦੱਸਿਆ ਕਿ ਲਿਫਟਿੰਗ ਨਾ ਹੋਣ ਤੋਂ ਖਫ਼ਾ ਆੜ੍ਹਤੀਆਂ ਤੇ ਮਜ਼ਦੂਰਾਂ ਨੇ ਤਲਵਾੜਾ-ਮੁਕੇਰੀਆਂ ਸੜਕ ਮਾਰਗ ’ਤੇ ਜਾਮ ਲਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਪੁਲੀਸ ’ਤੇ ਅੱਧੇ ਕੁ ਘੰਟੇ ਬਾਅਦ ਬਿਨਾਂ ਉਨ੍ਹਾਂ ਦੀ ਗੱਲ ਸੁਣਿਆਂ ਜਬਰੀ ਧਰਨਾ ਚੁੁਕਵਾਉਣ ਦੇ ਦੋਸ਼ ਲਾਏ। ਆੜ੍ਹਤੀ ਪਰਮਵੀਰ ਸਿੰਘ ਢਾਡੇਕਟਵਾਲ ਅਤੇ ਲਖਵਿੰਦਰ ਸਿੰਘ ਟਿੰਮੀ ਨੇ ਦੱਸਿਆ ਕਿ ਹਾਜੀਪੁਰ ’ਚ 20 ਹਜ਼ਾਰ ਕਣਕ ਦੀ ਬੋਰੀ ਪਈ ਹੈ। ਇਸੇ ਤਰ੍ਹਾਂ ਬੁਢਾਬੜ ਦਾਣਾ ਮੰਡੀ ’ਚ 36 ਹਜ਼ਾਰ, ਦਾਤਾਰਪੁਰ ’ਚ 12 ਹਜ਼ਾਰ ਦੇ ਕਰੀਬ ਬੋਰੀਆਂ ਦੀ ਚੁਕਾਈ ਨਹੀਂ ਹੋਈ। ਪਹਿਲੀ ਮਈ ਤੋਂ ਸਰਕਾਰ ਨੇ ਮੰਡੀਆਂ ’ਚ ਖ਼ਰੀਦ ਬੰਦ ਕਰ ਦਿੱਤੀ ਹੈ। ਹਾਜੀਪੁਰ ਦੀਆਂ ਮੰਡੀਆਂ 9 ਮਈ ਨੂੰ ਬੰਦ ਹੋਈਆਂ। ਇਸਦੇ ਬਾਵਜੂਦ ਹਾਜੀਪੁਰ, ਬੁਢਾਬੜ ਤੇ ਦਾਤਾਰਪੁਰ ’ਚ ਕਣਕ ਦੇ ਅੰਬਾਰ ਲੱਗੇ ਹੋਏ ਹਨ। ਲਿਫਟਿੰਗ ਨਾ ਹੋਣ ਕਾਰਨ ਅਨਾਜ ਅਤੇ ਸਰਕਾਰੀ ਬਾਰਦਾਨਾ ਖਰਾਬ ਹੋ ਰਿਹਾ ਹੈ। ਜਦਕਿ ਨਿਯਮਾਂ ਅਨੁਸਾਰ ਪ੍ਰਸ਼ਾਸਨ ਨੇ 72 ਘੰਟਿਆਂ ਅੰਦਰ ਅਨਾਜ ਦੀ ਚੁਕਾਈ ਕਰਨੀ ਹੁੰਦੀ ਹੈ। ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ’ਚ ਕੰਮ ਕਰਦੇ ਮਜ਼ਦੂਰਾਂ ’ਤੇ ਆਰਥਿਕ ਬੋਝ ਪਿਆ ਹੈ। ਬਹੁਤੇ ਮਜ਼ਦੂਰ ਜਾ ਚੁੱਕੇ ਹਨ ਜਿਸ ਕਾਰਨ ਮੰਡੀਆਂ ’ਚ ਪਏ ਅਨਾਜ ਦੀ ਰਾਖੀ ਦਾ ਸੰਕਟ ਪੈਦਾ ਹੋ ਗਿਆ ਹੈ। ਸਰਕਾਰ ਦੇ 24 ਘੰਟਿਆਂ ’ਚ ਅਦਾਇਗੀ ਤੇ ਲਿਟਟਿੰਗ ਦੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ। ਆੜ੍ਹਤੀਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਿੱਧ ਹੋਈ ਹੈ। ਉਨ੍ਹਾਂ ਲਿਫਟਿੰਗ ਨਾ ਹੋਣ ਕਾਰਨ ਅਨਾਜ ਤੇ ਬਾਰਦਾਨੇ ਦੇ ਖਰਾਬੇ ਦੀ ਜਵਾਬਦੇਹੀ ’ਤੇ ਸਵਾਲ ਉਠਾਏ ਹਨ। ਚੱਕਾ ਜਾਮ ਦੀ ਸੂਚਨਾ ਮਿਲਦਿਆਂ ਹੀ ਹਰਕਤ ’ਚ ਆਈ ਹਾਜੀਪੁਰ ਪੁਲੀਸ ਮੌਕੇ ’ਤੇ ਪਹੁੰਚੀ। ਇਸ ਦਰਮਿਆਨ ਪੁਲੀਸ ਅਤੇ ਮੁਜ਼ਾਹਰਾਕਾਰੀਆਂ ’ਚ ਤਿੱਖੀ ਬਹਿਸਬਾਜ਼ੀ ਵੀ ਹੋਈ। ਪੁਲੀਸ ਮੁਜ਼ਾਹਰਕਾਰੀਆਂ ਨੂੰ ਥਾਣੇ ਲੈ ਗਈ ਅਤੇ ਜ਼ਬਰੀ ਜਾਮ ਖੁੱਲ੍ਹਵਾ ਦਿੱਤਾ।
ਥਾਣਾ ਹਾਜੀਪੁਰ ਅਮਰਜੀਤ ਕੌਰ ਨੇ ਧਰਨਾਕਾਰੀਆਂ ’ਤੇ ਕਿਸੇ ਵੀ ਤਰ੍ਹਾਂ ਦੇ ਬਲ ਪ੍ਰਯੋਗ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਪ੍ਰਦਰਸ਼ਨਕਾਰੀਆਂ ਵੱਲੋਂ ਆਪ ਹੀ ਅੱਧੇ ਘੰਟੇ ਮਗਰੋਂ ਜਾਮ ਖੋਲ੍ਹਣ ਦੀ ਗੱਲ ਕਹੀ। ਉਨ੍ਹਾਂ ਗਿਲ਼ਾ ਕੀਤਾ ਕਿ ਪ੍ਰਦਰਸ਼ਨਕਾਰੀਆਂ ਨੇ ਧਰਨੇ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਨਹੀਂ ਦਿੱਤੀ। ਇਸ ਮਾਮਲੇ ’ਚ ਐੱਸ ਡੀ ਐੱਮ ਮੁਕੇਰੀਆਂ ਜਯੋਤਸਨਾ ਸਿੰਘ ਠਾਕੁਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।

