ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਅੱਜ ਸ਼ਹੀਦੀ ਯਾਦਗਾਰ ਕਮੇਟੀ ਇਲਾਕਾ ਬੰਗਾ, ਪੰਜਾਬ ਲੋਕ ਸੱਭਿਆਚਾਰਕ ਮੰਚ ਅਤੇ ਹੋਰ ਵੱਖ-ਵੱਖ ਲੋਕਪੱਖੀ ਸੰਸਥਾਵਾਂ ਸਣੇ ਨਗਰ ਨਿਵਾਸੀਆਂ ਨੇ ਮਿਲ ਕੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਵਿਚਾਰ-ਚਰਚਾ ਕੀਤੀ।
ਇਸ ਮੌਕੇ ਨਗਰ ਵਾਸੀਆਂ ਨੇ ਰੋਸ ਪ੍ਰਗਟਾਇਆ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਨੂੰ ਅੱਜ ਪੰਜਾਬ ਸਰਕਾਰ ਵੱਲੋਂ ਬਿਲਕੁਲ ਭੁਲਾ ਦਿੱਤਾ ਗਿਆ। ‘ਆਪ’ ਸਰਕਾਰ ਜਿਹੜੀ ਸ਼ਹੀਦ ਭਗਤ ਸਿੰਘ ਦੀ ਵਾਰਿਸ ਹੋਣ ਦੀ ਦਾਅਵੇਦਾਰ ਬਣਦੀ ਹੈ, ਉਸ ਨੇ ਅੱਜ ਜੱਦੀ ਪਿੰਡ ਨੂੰ ਭੁਲਾ ਕੇ ਆ ਰਹੀਆਂ ਚੋਣਾਂ ਦੇ ਮੱਦੇਨਜ਼ਰ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਲਈ ਸ਼ਹੀਦ ਭਗਤ ਸਿੰਘ ਦਾ ਓਟ ਆਸਰਾ ਲਿਆ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਦਾ ਜੱਦੀ ਪਿੰਡ ਛੱਡ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਮੇਲਾ ਲਾਉਣਾ ਸਿਆਸੀ ਨਾਟਕ ਹੈ। ਜਾਣਕਾਰੀ ਅਨੁਸਾਰ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਨੂੰ ਮੋਮਬੱਤੀਆਂ ਨਾਲ ਜਗ-ਮਗ ਕਰਨ ਦੇ ਨਾਲ-ਨਾਲ ਇਨ੍ਹਾਂ ਸੰਸਥਾਵਾਂ ਦੇ ਆਗੂਆਂ ਅਮੋਲਕ ਸਿੰਘ, ਤੀਰਥ ਰਸੂਲਪੁਰੀ, ਖੁਸ਼ੀ ਗੁਣਾਂਚੌਰ, ਦੇਵਰਾਜ ਗੁਣਾਂ ਚੌਰ, ਨੰਦ ਲਾਲ, ਕੁਲਵਿੰਦਰ ਖਟਕੜ ਆਦਿ ਨੇ ਲੋਕਾਂ ਦੇ ਮਨਾਂ ਨੂੰ ਵੀ ਰੌਸ਼ਨ ਕੀਤਾ। ਉਨ੍ਹਾਂ ਕਿਹਾ ਕਿ ਭਗਤ ਸਿੰਘ ਦਾ ਜੇਕਰ ਸੁਪਨਾ ਪੂਰਾ ਹੋ ਗਿਆ ਹੁੰਦਾ ਤਾਂ ਸਾਮਰਾਜੀ ਬਹੁ-ਕੌਮੀ ਕੰਪਨੀਆਂ ਮੁਲਕ ਵਿੱਚ ਜੰਗਲ, ਜਲ, ਜ਼ਮੀਨ ਸਿੱਖਿਆ, ਸਿਹਤ, ਬਿਜਲੀ ਤੇ ਪਾਣੀ ’ਤੇ ਕਬਜ਼ਾ ਨਾ ਕਰ ਰਹੀਆਂ ਹੁੰਦੀਆਂ।
ਅੱਜ ਦੀ ਇਕੱਤਰਤਾ ਵਿੱਚ ਜ਼ੋਰਦਾਰ ਮੰਗ ਕੀਤੀ ਕਿ ਪੂਰੇ ਦੇਸ਼ ਦੇ ਅੰਦਰ ਬੁੱਧੀਜੀਵੀ, ਲੇਖਕਾਂ, ਸਾਹਿਤਕਾਰਾਂ, ਇਤਿਹਾਸਕਾਰਾਂ ਤੇ ਵਿਦਿਆਰਥੀ ਆਗੂਆਂ ਨੂੰ ਬਿਨਾਂ ਮੁਕੱਦਮਾ ਚਲਾਏ ਦਹਾਕਿਆਂ ਤੋਂ ਜੇਲਾਂ ਅੰਦਰ ਡੱਕ ਕੇ ਰੱਖਣਾ ਬੰਦ ਕੀਤਾ ਜਾਵੇ। ਆਦਿਵਾਸੀ ਲੋਕਾਂ ਦੀ ਜ਼ਿੰਦਗੀ ਦੀ ਕਵਿਤਾ ਲਿਖਣ ਵਾਲਿਆਂ ਨੂੰ ਦੀ ਆਵਾਜ਼ ਨੂੰ ਬੰਦ ਨਾ ਕੀਤਾ ਜਾਵੇ। ਖਟਕੜ ਕਲਾਂ ਤੋਂ ਇਹ ਵੀ ਮੰਗ ਕੀਤੀ ਗਈ ਕਿ ਪਾਸ਼ ਦੇ ਪਿੰਡ ਤਲਵੰਡੀ ਸਲੇਮ ’ਚ ਬਣੇ ਪਾਸ਼ ਹੰਸ ਰਾਜ ਯਾਦਗਾਰੀ ਕੰਪਲੈਕਸ ਦਾ ਮੁਹਾਂਦਰਾ ਨਾ ਬਦਲਿਆ ਜਾਵੇ।

