ਨੌਜਵਾਨਾਂ ਨੂੰ ਬੇੜੀਆਂ ’ਚ ਜਕੜ ਕੇ ਭੇਜਣ ਪਿੱਛੇ ਸਾਜ਼ਿਸ਼: ਪ੍ਰੋ. ਮਨਜੀਤ ਸਿੰਘ
ਕਿਸਾਨ ਆਗੂ ਨਿਰੰਜਣ ਸਿੰਘ ਮੁਠੱਡਾ ਦੀ 47ਵੀਂ ਬਰਸੀ ਮਨਾਈ
ਦੁਨੀਆ ਭਰ ਵਿੱਚ ਲੋਕਤੰਤਰ ਦਾ ਮਾਡਲ ਫੇਲ੍ਹ ਹੋ ਗਿਆ ਹੈ, ਜਿਸ ’ਚ ਕਿਹਾ ਜਾਂਦਾ ਸੀ ਕਿ ਇਹ ਸਾਰੇ ਵਰਗਾਂ ਦਾ ਭਲਾ ਕਰਦਾ ਹੈ। ਇਹ ਗੱਲਾਂ ਉੱਘੇ ਚਿੰਤਕ ਪ੍ਰੋ. ਮਨਜੀਤ ਸਿੰਘ ਨੇ ਅੱਜ ਪਿੰਡ ਮੁਠੱਡਾ ਕਲਾਂ ਵਿੱਚ ਕਿਸਾਨ ਆਗੂ ਨਿਰੰਜਣ ਸਿੰਘ ਮੁਠੱਡਾ ਦੀ 47ਵੀਂ ਬਰਸੀ ਮੌਕੇ ਸੰਬੋਧਨ ਕਰਦਿਆਂ ਕਹੀਆਂ। ਉਨ੍ਹਾਂ ਕਿਹਾ ਕਿ ਅਮਰੀਕਾ ਅਜਿਹੇ ਨੌਜਵਾਨਾਂ ਨੂੰ ਵੀ ਚੁੱਪ-ਚੁਪੀਤੇ ਵਾਪਸ ਭੇਜ ਸਕਦਾ ਸੀ ਪਰ ਉਹ ਜਾਣ-ਬੁੱਝ ਕੇ ਨੌਜਵਾਨਾਂ ਨੂੰ ਬੇੜੀਆਂ ਲਾ ਕੇ ਭੇਜ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ’ਚ ਕਿਰਤ ਕਾਨੂੰਨਾਂ ’ਚ ਤਬਦੀਲੀਆਂ ਕਾਰਪੋਰੇਟ ਜਗਤ ਦੇ ਫਾਇਦੇ ਲਈ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਖੱਬੇ ਪੱਖੀ ਲੋਕਾਂ ਨੂੰ ਹੋਰ ਧਿਰਾਂ ਨਾਲ ਮਿਲ ਕੇ ਅੱਗੇ ਵਧਣਾ ਚਾਹੀਦਾ ਹੈ।
ਆਰ ਐੱਮ ਪੀ ਆਈ ਦੀ ਕੇਂਦਰੀ ਕਮੇਟੀ ਦੇ ਮੈਂਬਰ ਕੁਲੰਵਤ ਸਿੰਘ ਸੰਧੂ ਨੇ ਕਿਹਾ ਕਿ ਦਿੱਲੀ ਦਾ ਅੰਦੋਲਨ ਕਾਰਪੋਰੇਟ ਜਗਤ ਨੂੰ ਚੁਣੌਤੀ ਦਿੰਦਾ ਸੀ, ਜਿਸ ਨੇ ਦੂਜੇ ਦੇਸ਼ਾਂ ਨੂੰ ਵੀ ਸੰਘਰਸ਼ਾਂ ਦਾ ਰਸਤਾ ਦਿਖਾਇਆ। ਉਨ੍ਹਾਂ 12 ਫਰਵਰੀ ਦੀ ਆਮ ਹੜਤਾਲ ’ਚ ਸ਼ਾਮਲ ਹੋਣ। ਉਨ੍ਹਾਂ ਕਿਹਾ ਕਿ 26 ਫਰਵਰੀ ਨੂੰ ਪਾਰਟੀ ਵੱਲੋਂ ਪੰਜਾਬ ਦੀਆਂ ਮੰਗਾਂ ਲਈ ਚੰਡੀਗੜ੍ਹ ਵਿਖੇ ਰੈਲੀ ਕੀਤੀ ਜਾ ਰਹੀ ਹੈ, ਜਿਸ ’ਚ ਆਮ ਲੋਕਾਂ ਨੂੰ ਮਸਲੇ ਹੱਲ ਕਰਵਾਉਣ ਲਈ ਵੱਡੀ ਗਿਣਤੀ ’ਚ ਸ਼ਾਮਲ ਹੋਣਾ ਚਾਹੀਦਾ ਹੈ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਸੂਬਾ ਸਕੱਤਰੇਤ ਮੈਂਬਰ ਡਾ. ਸਰਬਜੀਤ ਮੁਠੱਡਾ ਨੇ ਵੀ ਸੰਬੋਧਨ ਕੀਤਾ। ਆਰੰਭ ‘ਚ ਝੰਡਾ ਲਹਿਰਾਉਣ ਦੀ ਰਸਮ ਜਸਬੀਰ ਸਿੰਘ ਨੇ ਨਿਭਾਈ। ਇਸ ਮੌਕੇ ਸਰਬਜੀਤ ਸੰਗੋਵਾਲ, ਕੁਲਜੀਤ ਫਿਲੌਰ, ਮੇਜਰ ਫਿਲੌਰ, ਮਨਜਿੰਦਰ ਸਿੰਘ ਢੇਸੀ, ਰਾਮ ਨਾਥ ਦੁਸਾਂਝ, ਮੱਖਣ ਸੰਗਰਾਮੀ ਆਦਿ ਹਾਜ਼ਰ ਸਨ।

