ਅਮਰਪ੍ਰੀਤ ਸਿੰਘ ਸੋਨੂੰ ਦਸੂਹਾ ਕੌਂਸਲ ਦੇ ਪ੍ਰਧਾਨ ਬਣੇ
ਸੁਖਵਿੰਦਰ ਕੌਰ ਨੂੰ ਮੀਤ ਪ੍ਰਧਾਨ ਚੁਣਿਆ; ਵਿਧਾਇਕ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ
ਇਥੇ ਨਗਰ ਕੌਂਸਲ ਦਸੂਹਾ ਦੇ ਸਾਬਕਾ ਮੀਤ ਪ੍ਰਧਾਨ ਤੇ ‘ਆਪ’ ਆਗੂ ਅਮਰਪ੍ਰੀਤ ਸਿੰਘ ਸੋਨੂੰ ਖਾਲਸਾ ਨੂੰ ਦਸੂਹਾ ਕੌਂਸਲ ਦਾ ਪ੍ਰਧਾਨ ਅਤੇ ਸੁਖਵਿੰਦਰ ਕੌਰ ਨੂੰ ਮੀਤ ਪ੍ਰਧਾਨ ਚਣਿਆ ਗਿਆ। ਇਸ ਸਬੰਧੀ ਨਗਰ ਕੌਂਸਲ ਦੇ ਦਫ਼ਤਰ ਵਿੱਚ ਉਪ ਮੰਡਲ ਮੈਜਿਸਟ੍ਰੇਟ ਕਮਲਜੀਤ ਸਿੰਘ ਤੇ ਈ ਓ ਕਮਲਜਿੰਦਰ ਸਿੰਘ ਦੀ ਅਗਵਾਈ ਹੇਠ ਕੀਤੀ ਮੀਟਿੰਗ ਵਿੱਚ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਤੇ ਉਨ੍ਹਾਂ ਦੇ ਪਿਤਾ ਜਗਮੋਹਣ ਸਿੰਘ ਬੱਬੂ ਘੁੰਮਣ ਸਣੇ ਸਮੂਹ ਕੌਂਸਲਰਾਂ ਨੇ ਸ਼ਮੂਲੀਅਤ ਕੀਤੀ। ਪ੍ਰਧਾਨ ਦੇ ਅਹੁਦੇ ਲਈ ਮਨੂੰ ਖੁੱਲਰ ਵੱਲੋਂ ਅਮਰਪ੍ਰੀਤ ਸੋਨੂੰ ਖਾਲਸਾ ਤੇ ਮੀਤ ਪ੍ਰਧਾਨ ਲਈ ਸੁਖਵਿੰਦਰ ਕੌਰ ਦੇ ਨਾਵਾਂ ਦੀ ਪੇਸ਼ਕਸ਼ ਕੀਤੀ ਗਈ, ਜਿਸ ਦੀ ਤਾਇਦ ਹਰਵਿੰਦਰ ਸਿੰਘ ਕਾਹਲੋ ਵੱਲੋਂ ਕੀਤੀ। ਇਸ ਮਗਰੋਂ ਕੌਂਸਲਰਾਂ ਨੇ ਸਰਬਸੰਮਤੀ ਨਾਲ ਅਮਰਪ੍ਰੀਤ ਸੋਨੂੰ ਖਾਲਸਾ ਨੂੰ ਪ੍ਰਧਾਨ ਤੇ ਸੁਖਵਿੰਦਰ ਕੌਰ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ। ਵਿਧਾਇਕ ਘੁੰਮਣ ਅਤੇ ਬੱਬੂ ਘੁੰਮਣ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸੋਨੂੰ ਖਾਲਸਾ ਤੇ ਸੁਖਵਿੰਦਰ ਕੌਰ ਨੇ ਵਿਧਾਇਕ ਅਤੇ ਕੌਂਸਲਰਾਂ ਦਾ ਧੰਨਵਾਦ ਕਰਦਿਆਂ ਦਸੂਹਾ ਵਾਸੀਆਂ ਨੂੰ ਹੋਰ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਨੀਤਿਕਾ, ਚਰਨਜੀਤ ਕੌਰ, ਰਣਜੀਤ ਕੌਰ, ਹਰਦੀਪ ਕੌਰ ਬਾਜਵਾ, ਕੁਲਵਿੰਦਰ ਕੌਰ, ਸੁਨੀਤਾ, ਰਮਨਾ ਦੇਵੀ, ਚਮਨ ਲਾਲ ਜੰਬਾ, ਜੋਗਿੰਦਰਪਾਲ ਨਿੱਕੂ, ਮੰਨੂ ਖੁੱਲਰ, ਸੰਤੋਖ ਕੁਮਾਰ ਤੋਖੀ, ਚੰਦਰ ਸ਼ੇਖਰ ਬੰਟੀ (ਸਾਰੇ ਕੌਂਸਲਰ) ਅਤੇ ਨਗਰ ਕੌਂਸਲ ਦੇ ਅਧਿਕਾਰੀ ਮੌਜੂਦ ਸਨ।
