ਸ਼ਰਾਬ ਦੁਖਾਂਤ: ਬਸਪਾ ਵਲੋਂ ਪੰਜਾਬ ਸਰਕਾਰ ਵਿਰੁੱਧ ਅਰਥੀ ਫ਼ੂਕ ਮੁਜ਼ਾਹਰੇ

ਸ਼ਰਾਬ ਦੁਖਾਂਤ: ਬਸਪਾ ਵਲੋਂ ਪੰਜਾਬ ਸਰਕਾਰ ਵਿਰੁੱਧ ਅਰਥੀ ਫ਼ੂਕ ਮੁਜ਼ਾਹਰੇ

ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਦੀ ਅਗਵਾੲੀ ’ਚ ਬਲਾਚੌਰ ’ਚ ਮੁਜ਼ਾਹਰਾ ਕਰਦੇ ਹੋਏ ਵਰਕਰ। ਫੋਟੋ:ਗਹੂੰਣ

ਹਰਪ੍ਰੀਤ ਕੌਰ
ਹੁਸ਼ਿਆਰਪੁਰ, 4 ਅਗਸਤ

ਬਹੁਜਨ ਸਮਾਜ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਸੰਧਰਾਂ ਦੀ ਪ੍ਰਧਾਨਗੀ ਹੇਠ ਕੈਪਟਨ ਸਰਕਾਰ ਦੀ ਅਰਥੀ ਸੜੀ ਗਈ।ਇਸ ਮੌਕੇ ਪੰਜਾਬ ਸਕੱਤਰ ਦਲਜੀਤ ਰਾਏ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਦਲਜੀਤ ਰਾਏ ਅਤੇ ਇੰਜ. ਮਹਿੰਦਰ ਸਿੰਘ ਨੇ ਦੋਸ਼ ਲਾਇਆ ਕਿ ਸ਼ਰਾਬ ਕਾਂਡ ਲਈ ਕੈਪਟਨ ਸਰਕਾਰ ਜ਼ਿੰਮੇਵਾਰ ਹੈ। ਬਸਪਾ ਆਗੂਆਂ ਨੇ ਮੰਗ ਕੀਤੀ ਕਿ ਹਰ ਪੀੜਤ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 25-25 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ।

ਗੁਰਦਾਸਪੁਰ(ਜਤਿੰਦਰ ਬੈਂਸ):ਬਹੁਜਨ ਸਮਾਜ ਪਾਰਟੀ ਦੇ ਕਾਰਕੁਨਾਂ ਵੱਲੋਂ ਸਥਾਨਕ ਗੁਰੂ ਨਾਨਕ ਪਾਰਕ ਵਿੱਚ ਪਾਰਟੀ ਦੇ ਹਲਕਾ ਪ੍ਰਧਾਨ ਰਮੇਸ਼ ਕੁਮਾਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਰਾਹੀਂ ਰਾਜਪਾਲ ਨੂੰ ਮੰਗ-ਪੱਤਰ ਭੇਜ ਕੇ ਪੰਜਾਬ ਸਰਕਾਰ ਨੂੰ ਬਰਖ਼ਾਸਤ ਕਰ ਦੀ ਮੰਗ ਵੀ ਕੀਤੀ ਗਈ।

ਗੜ੍ਹਸ਼ੰਕਰ (ਜੋਗਿੰਦਰ ਕੁੱਲੇਵਾਲ):ਇੱਥੇ ਬਹੁਜਨ ਸਮਾਜ ਪਾਰਟੀ ਵੱਲੋਂ ਸਥਾਨਕ ਬੰਗਾ ਚੌਕ ’ਚ ਕੈਪਟਨ ਸਰਕਾਰ ਦਾ ਪੁਤਲਾ ਫੂਕ ਮੁਜ਼ਾਹਰਾ ਅਤੇ ਨਾਅਰੇਬਾਜ਼ੀ ਕੀਤੀ। ਐੱਸਡੀਐੱਮ ਗੜ੍ਹਸ਼ੰਕਰ ਰਾਹੀਂ ਰਾਜਪਾਲ ਪੰਜਾਬ ਲਈ ਮੰਗ ਪੱਤਰ ਦਿੱਤਾ ਗਿਆ।ਇਸ ਮੌਕੇ ਬਸਪਾ ਦੇ ਵਿਧਾਨ ਸਭਾ ਹਲਕਾ ਪ੍ਰਧਾਨ ਮਲਕੀਅਤ ਸਿੰਘ ਅਤੇ ਹਰਭਜਨ ਕਲੇਰ, ਸੋਹਣ ਸਿੰਘ ਸੂਨੀ ਆਦਿ ਨੇ ਸੰਬੋਧਨ ਕੀਤਾ।

ਬਸਪਾ ਵਰਕਰ ਹੁਸ਼ਿਆਰਪੁਰ ਵਿੱਚ ਪੰਜਾਬ ਸਰਕਾਰ ਖਿਲਾਫ਼ ਅਰਥੀ ਫ਼ੂਕ ਮੁਜ਼ਾਹਰਾ ਕਰਦੇ ਹੋਏ। ਫੋਟੋ : ਹਰਪ੍ਰੀਤ ਕੌਰ

ਨਵਾਂ ਸ਼ਹਿਰਬ(ਸੁਰਜੀਤ ਮਜਾਰੀ): ਇੱਥੇ ਬਹੁਜਨ ਸਮਾਜ ਪਾਰਟੀ ਵੱਲੋਂ ਮਾਝਾ ’ਚ ਜ਼ਹਿਰਲੀ ਸ਼ਰਾਬ ਨਾਲ ਵਿਛੇ ਸੱਥਰਾਂ ’ਤੇ ਸੂਬਾ ਸਰਕਾਰ ਨੂੰ ਦੋਸ਼ੀ ਠਹਿਰਾਉਂਦਿਆ ਨਵਾਂ ਸ਼ਹਿਰ ਅਤੇ ਬੰਗਾ ’ਚ ਰੋਸ ਪ੍ਰਦਰਸ਼ਨ ਕੀਤੇ ਗਏ। ਇੱਥੇ ਬਸਪਾ ਆਗੂ ਪ੍ਰਵੀਨ ਬੰਗਾ ਦੀ ਅਗਵਾਈ ’ਚ ਪੰਜਾਬ ਦੇ ਗਵਰਨਰ ਨੂੰ ਐੱਸਡੀਐੱਮ ਰਾਹੀ ਮੰਗ ਭੇਇਸ ਮੌਕੇ ਸ਼ਾਮਲ ਪਾਰਟੀ ਆਗੂ ਇੰਜ. ਹਰਮੇਸ਼ ਵਿਰਦੀ, ਬੀਬੀ ਨੀਮਲ ਸਹਿਗਲ, ਮਨੋਹਰ ਲਾਲ ਕਮਾਮ, ਹਰਮੇਸ਼ ਮੇਸ਼ੀ ਆਦਿ ਨੇ ਵੀ ਸੰਬੋਧਨ ਕੀਤਾ।ਨਵਾਂ ਸ਼ਹਿਰ ’ਚ ਵੀ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਨਛੱਤਰ ਪਾਲ ਦੀ ਅਗਵਾਈ ’ਚ ਰੋਸ ਮਾਰਚ ਕੀਤਾ ਗਿਆ।

ਬਲਾਚੌਰ (ਸੁਭਾਸ ਜੋਸ਼ੀ/ਗੁਰਦੇਵ ਸਿੰਘ):ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਮਾਝੇ ਦੇ ਤਿੰਨ ਜ਼ਿਲ੍ਹਿਆਂ ਵਿਚ ਨਸ਼ੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਲਈ ਕਥਿਤ ਤੌਰ ’ਤੇ ਜ਼ਿੰਮੇਵਾਰ ਕਾਂਗਰਸ ਸਰਕਾਰ ਨੂੰ ਭੰਗ ਕਰਨ ਦੀ ਮੰਗ ਰਾਜਪਾਲ ਵੀਪੀ ਬਦਨੌਰ ਤੋਂ ਕੀਤੀ। ਊਨ੍ਹਾਂ ਦੱਸਿਆ ਕਿ ਸਮੁੱਚੇ ਪੰਜਾਬ ਵਿਚ ਸਰਕਾਰ ਦੀਆਂ ਅਰਥੀਆਂ ਫੂਕੀਆ ਗਈਆਂ ਤੇ ਸਥਾਨਕ ਪ੍ਰਸ਼ਾਸਨ ਰਾਹੀਂ ਪੰਜਾਬ ਸਰਕਾਰ ਨੂੰ ਭੰਗ ਕਰਨ ਲਈ ਮਾਨਯੋਗ ਰਾਜਪਾਲ ਪੰਜਾਬ ਨੂੰ ਮੈਮੋਰੰਡਮ ਭੇਜੇ ਗਏ।

ਫਗਵਾੜਾ, (ਪੱਤਰ ਪ੍ਰੇਰਕ): ਬਹੁਜਨ ਸਮਾਜ ਪਾਰਟੀ ਹਲਕਾ ਵਿਧਾਨ ਸਭਾ ਫਗਵਾੜਾ ਵਲੋਂ ਅੱਜ ਜ਼ਹਿਰੀਲੀ ਸ਼ਰਾਬ ਨਾਲ ਸੂਬੇ ’ਚ ਹੋਈਆਂ 100 ਤੋਂ ਵੱਧ ਮੌਤਾਂ ਦੇ ਮੁੱਦੇ ਨੂੁੰ ਲੈ ਕੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਖਿਲਾਫ਼ ਪੁਤਲਾ ਫੂਕ ਮੁਜ਼ਾਹਰਾ ਕੀਤਾ ਗਿਆ। ਹਲਕਾ ਪ੍ਰਧਾਨ ਚਿਰੰਜੀ ਲਾਲ ਕਾਲਾ ਦੀ ਅਗਵਾਈ ਹੇਠ ਕੀਤੇ ਪੁਤਲਾ ਫੂਕ ਪ੍ਰਦਰਸ਼ਨ ’ਚ ਪਾਰਟੀ ਦੇ ਸੂਬਾ ਜਨਰਲ ਸਕੱਤਰ ਰਮੇਸ਼ ਕੋਲ਼ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।

ਬਟਾਲਾ (ਖੇਤਰੀ ਪ੍ਰਤੀਨਿਧ):ਭਾਰਤੀ ਇਨਕਲਾਬ ਮਾਰਕਸਵਾਦੀ ਪਾਰਟੀ ਅਤੇ ਸੀਪੀਆਈ ਲਿਬਰੇਸ਼ਨ ਦੀ ਬਟਾਲਾ ਇਕਾਈ ਵੱਲੋਂ ਬਟਾਲਾ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਸਬੰਧੀ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦੇ ਖਿਲਾਫ਼ ਰੋਸ ਧਰਨਾ ਦਿੱਤਾ ਗਿਆ ਜਿਸ ਦੀ ਅਗਵਾਈ ਕਾਮਰੇਡ ਗੁਰਦਿਆਲ ਸਿੰਘ ਘੁਮਾਣ ਨੇ ਕੀਤੀ।

ਨਸ਼ਿਆਂ ਦੇ ਸੌਦਾਗਰਾਂ ਨੂੰ ਮਿਸ਼ਾਲੀ ਸਜਾਵਾਂ ਦੇਣ ਦੀ ਕੀਤੀ ਮੰਗ

ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੇ ਖਿਲਾਫ਼ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਇਲਾਕੇ ਦੇ ਕਈ ਪਿੰਡਾਂ ਵਿਚ ਰੋਸ ਪ੍ਰਦਰਸ਼ਨ ਕਰਕੇ ਨਸ਼ਿਆਂ ਦੇ ਸੌਦਾਗਰਾਂ ਨੂੰ ਮਿਸਾਲੀ ਸ਼ਜਾਵਾਂ ਦੇਣ ਦੀ ਮੰਗ ਕੀਤੀ। ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਯੂਨੀਅਨ ਦੀ ਅਗਵਾਈ ਵਿਚ ਮਲਸੀਆਂ,ਉੱਗੀ,ਮਾਲੜੀ ਅਤੇ ਰਸੂਲਪੁਰ ਕਲਾਂ ਦੇ ਖੇਤ ਮਜ਼ਦੂਰਾਂ ਨੇ ਰੋਸ ਪ੍ਰਦਰਸ਼ਨ ਕੀਤੇ। ਯੂਨੀਅਨ ਦੀ ਇਲਾਕਾ ਕਮੇਟੀ ਸ਼ਾਹਕੋਟ-ਨਕੋਦਰ ਦੇ ਪ੍ਰਧਾਨ ਹਰਪਾਲ ਬਿੱਟਾ, ਸੁਖਜਿੰਦਰ ਲਾਲੀ ਅਤੇ ਹਰਭਜਨ ਮਲਸੀਆਂ,ਸੁਰਿੰਦਰ ਟੋਨੀ ਅਤੇ ਸਤਨਾਮ ਉੱਗੀ ਨੇ ਮਜ਼ਦੂਰਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਨਸ਼ੇ ਦੇ ਸੌਦਾਗਰਾਂ,ਪੁਲੀਸ,ਸਮੱਗਲਰਾਂ ਦੇ ਨਾਪਾਕ ਗਠਜੋੜ ਉੱਪਰ ਸਤਾਧਾਰੀ ਸਰਪ੍ਰਸਤੀ ਹੋਣ ਕਾਰਣ ਸੂਬੇ ਅੰਦਰ ਨਸ਼ਿਆਂ ਦਾ ਕਾਰੋਬਾਰ ਵਧ ਫੁੱਲ ਰਿਹਾ ਹੈ।

‘ਰਾਜਨੀਤਕ ਸ਼ਹਿ ’ਤੇ ਚੱਲ ਰਿਹੈ ਨਕਲੀ ਸ਼ਰਾਬ ਦਾ ਧੰਦਾ’

ਚੋਹਲਾ ਸਾਹਿਬ(ਪੱਤਰ ਪ੍ਰੇਰਕ): ਸੀਪੀਆਈ ਦੇ ਵਾਲੰਟੀਅਰਾਂ ਨੇ ਚੋਹਲਾ ਸਾਹਿਬ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਾਲੇ ਚੌਕ ਵਿੱਚ ਪ੍ਰਦਰਸ਼ਨ ਕਰਨ ਤੋਂ ਬਾਅਦ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਅਤੇ ਪ੍ਰਸ਼ਾਸਨ ਦਾ ਪੁਤਲਾ ਸਾੜਿਆ ਤੇ ਨਾਅਰੇਬਾਜ਼ੀ ਕੀਤੀ। ਸੀਪੀਆਈ ਬਲਾਕ ਨਸ਼ਹਿਰਾ-ਚੋਹਲਾ ਸਾਹਿਬ ਦੇ ਸਕੱਤਰ ਕਾਮਰੇਡ ਬਲਵਿੰਦਰ ਸਿੰਘ ਦਦੇਹਰ ਸਾਹਿਬ ਨੇ ਕਿਹਾ ਕਿ ਨਕਲੀ ਸ਼ਰਾਬ ਦਾ ਧੰਦਾ ਰਾਜਨੀਤਕ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਪੰਜਾਬ ਭਰ ’ਚ ਜ਼ੋਰਾਂ ’ਤੇ ਚੱਲ ਰਿਹਾ ਹੈ। ਨਕਲੀ ਸ਼ਰਾਬ ਤਸਕਰਾਂ ਦਾ ਸਭ ਤੋਂ ਵੱਡਾ ਕੇਂਦਰ ਮਾਝੇ ਦੇ ਜ਼ਿਲ੍ਹਾ ਤਰਨ ਤਾਰਨ ਵਿੱਚ ਹੈ। ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲੇ ਲੋਕਾਂ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕਾਂ ਦੇ ਵਾਰਸਾਂ ਨੂੰ ਘੱਟ ਤੋਂ ਘੱਟ ਦਸ-ਦਸ ਲੱਖ ਰੁਪਏ ਸਹਾਇਤਾ ਦਿੱਤੀ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All