political news: ਸਾਰਾ ਪੰਜਾਬ ਧਰਨਿਆਂ ਤੇ ਮੁਜ਼ਾਹਰਿਆਂ ਕਰ ਕੇ ਸੜਕਾਂ ’ਤੇ ਬੈਠਾ: ਗਿਆਨੀ ਹਰਪ੍ਰੀਤ ਸਿੰਘ
ਨਡਾਲਾ ’ਚ ਇਕੱਠ ਦੌਰਾਨ ਅਕਾਲੀ ਦਲ (ਪੁਨਰ ਸੁਰਜੀਤ) ਦੇ ਆਗੂਆਂ ਨੇ ਪੰਜਾਬ ਸਰਕਾਰ ’ਤੇ ਨਿਸ਼ਾਨੇ ਸੇਧੇ
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਹਲਕਾਵਾਰ ਮੀਟਿੰਗਾਂ ਤਹਿਤ ਅੱਜ ਹਲਕਾ ਭੁਲੱਥ ਦੀ ਮੀਟਿੰਗ ਬੀਬੀ ਜਗੀਰ ਕੌਰ ਪ੍ਰਧਾਨ ਇਸਤਰੀ ਅਕਾਲੀ ਦਲ ਦੀ ਅਗਵਾਈ ਹੇਠ ਨਡਾਲਾ ਵਿੱਚ ਕੀਤੀ ਗਈ। ਇਸ ਲੋਕ ਮਿਲਣੀ ਪ੍ਰੋਗਰਾਮ ਤਹਿਤ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨਾਲ ਸੀਨੀਅਰ ਆਗੂੁ ਪ੍ਰੇਮ ਸਿੰਘ ਚੰਦੂਮਾਜਰਾ, ਗੁਰਪ੍ਰਤਾਪ ਸਿੰਘ ਵਡਾਲਾ, ਪਰਮਿੰਦਰ ਸਿੰਘ ਢੀਂਡਸਾ, ਸੁੱਚਾ ਸਿੰਘ ਛੋਟੇਪੁਰ ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਾਰੇ ਆਗੂ ਇਸੇ ਤਰ੍ਹਾਂ ਬੀਬੀ ਜਗੀਰ ਕੌਰ ਵਾਂਗ ਆਪਣੇ ਹਲਕਿਆਂ ਵਿੱਚ ਸੰਗਤ ਮਿਲਣੀ ਪ੍ਰੋਗਰਾਮ ਕਰਾਉਣ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰ ਸਕੀਏ, ਕਿ ਉਹ 2027 ਦੀਆਂ ਚੋਣਾਂ ਵਿੱਚ ਦੁਬਾਰਾ ਪੰਜਾਬ ਦੁਸ਼ਮਣ ਜਮਾਤਾਂ ਦੀਆਂ ਗੱਲਾਂ ਵਿੱਚ ਆਕੇ ਗੁੰਮਰਾਹ ਨਾ ਹੋ ਜਾਣ। ਉਨ੍ਹਾਂ ਕਿਹਾ, ‘‘ਅੱਜ ਪੂਰੇ ਪੰਜਾਬ ’ਚ ਹਰ ਮਹਿਕਮੇ ਵੱਲੋਂ ਧਰਨੇ-ਮੁਜ਼ਾਹਰੇ ਕੀਤੇ ਜਾ ਰਹੇ ਹਨ। ਸਰਕਾਰ ਬਣਨ ਤੋਂ ਪਹਿਲਾਂ ਭਗਵੰਤ ਮਾਨ ਕਹਿੰਦੇ ਸਨ ਕਿ ਕੋਈ ਧਰਨਾ ਨਹੀਂ ਲੱਗੇਗਾ, ਹਰ ਕਿਸੇ ਦੇ ਕੰਮ ਬਿਨਾ ਧਰਨਾ ਲਾਉਣ ਤੋਂ ਹੋਣਗੇ। ਪਰ ਅੱਜ ਪੰਜਾਬ ਦੀਆ ਸੜਕਾਂ ਧਰਨਿਆ ਅਤੇ ਮੁਜ਼ਾਹਰਿਆਂ ਕਰਕੇ ਬੰਦ ਹੋਇਆ ਪਈਆਂ ਹਨ।’’ ਬਰਨਾਲਾ ’ਚ ਸਫ਼ਾਈ ਕਰਮਚਾਰੀਆਂ ’ਤੇ ਹੋਏ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਸਰਕਾਰ ਪੰਜਾਬ ਚ ਲੋਕਾਂ ਨੂੰ ਆਪਣੀ ਗੱਲ ਕਹਿਣ ਦਾ ਵੀ ਹੱਕ ਨਹੀਂ ਦੇ ਰਹੀ। ਪੰਜਾਬ ਪੂਰੀ ਤਰਾਂ ਲਾਵਾਰਿਸ ਹੋਇਆ ਪਿਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ‘ਆਪ’ ਸਰਕਾਰ ’ਤੇ ਪੰਜਾਬ ਦੇ ਮੁੱਦਿਆ ਨੂੰ ਵਿਸਾਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਤੁਸੀਂ ਲਾਰਿਆਂ ਨਾਲ ਵਰਗਲਾ ਨਹੀਂ ਸਕਦੇ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਦੀ ਅਪੀਲ ਵੀ ਕੀਤੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਪੂਰੇ ਪੰਜਾਬ ’ਚ ਇਸਤਰੀ ਅਕਾਲੀ ਦਲ ਨੂੰ ਲਾਮਬੰਦ ਕਰਕੇ ਜਲਦੀ ਜਥੇਬੰਦਕ ਢਾਂਚਾ ਤਿਆਰ ਕੀਤਾ ਜਾਵੇਗਾ ਤੇ ਚੋਣਾਂ ’ਚ ਔਰਤਾਂ ਨੂੰ ਵਧ ਤੋ ਵੱਧ ਵਿਧਾਨ ਸਭਾ ਦੀਆਂ ਟਿਕਟਾਂ ਦਿੱਤੀਆਂ ਜਾਣਗੀਆ। ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਮਾਂ ਨੂੰ ਮਿਲਣ ਲਈ ਤੁਰੰਤ ਪੈਰੋਲ ਦਿੱਤੀ ਜਾਣੀ ਚਾਹੀਦੀ ਹੈ ਤੇ ਬੰਦੀ ਸਿੰਘ ਰਿਹਾਅ ਕੀਤੇ ਜਾਣੇ ਚਾਹੀਦੇ ਹਨ। ਪਾਰਟੀ ਦੇ ਸਕਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਨੇ ਲੋਕਾਂ ਨੂੰ ਇਕੱਠੇ ਹੋ ਕੇ ਪੰਥ ਅਤੇ ਪੰਜਾਬ ਦੇ ਭਲੇ ਲਈ ਪੰਥਕ ਸਰਕਾਰ ਬਣਾਉਣ ਦੀ ਅਪੀਲ ਕੀਤੀ।

