DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

AI Challenges: ਏ ਆਈ ਚੁਣੌਤੀਆਂ ਨਾਲ ਇਕਜੁੱਟ ਹੋ ਕੇ ਨਜਿੱਠਣ ਦੀ ਲੋੜ: ਗੜਗੱਜ

ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਖਿਆ ਕਿ ਏ ਆਈ ਮਾਧਿਅਮਾਂ ਰਾਹੀਂ ਗੁਰਬਾਣੀ ਦੇ ਗਲਤ ਹਵਾਲੇ ਸਾਹਮਣੇ ਆਉਣਾ ਅਤੇ ਉਨ੍ਹਾਂ ਦਾ ਬਿਨਾਂ ਅਧਿਕਾਰ ਪ੍ਰਚਾਰ ਸਿੱਖੀ ਦੀਆਂ ਬੁਨਿਆਦੀ ਕਦਰਾਂ ਕੀਮਤਾਂ, ਸਿਧਾਂਤਾਂ ਤੇ ਮਰਿਆਦਾ ਨਾਲ ਜੁੜਿਆ ਗੰਭੀਰ ਮਸਲਾ...

  • fb
  • twitter
  • whatsapp
  • whatsapp
featured-img featured-img
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਸਨਮਾਨਿਤ ਕਰਦੀ ਹੋਈ ਸੰਗਤ।
Advertisement

ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਖਿਆ ਕਿ ਏ ਆਈ ਮਾਧਿਅਮਾਂ ਰਾਹੀਂ ਗੁਰਬਾਣੀ ਦੇ ਗਲਤ ਹਵਾਲੇ ਸਾਹਮਣੇ ਆਉਣਾ ਅਤੇ ਉਨ੍ਹਾਂ ਦਾ ਬਿਨਾਂ ਅਧਿਕਾਰ ਪ੍ਰਚਾਰ ਸਿੱਖੀ ਦੀਆਂ ਬੁਨਿਆਦੀ ਕਦਰਾਂ ਕੀਮਤਾਂ, ਸਿਧਾਂਤਾਂ ਤੇ ਮਰਿਆਦਾ ਨਾਲ ਜੁੜਿਆ ਗੰਭੀਰ ਮਸਲਾ ਹੈ।

ਉਨ੍ਹਾਂ ਲੰਡਨ ਸਥਿਤ ਇਤਿਹਾਸਕ ਖ਼ਾਲਸਾ ਜਥਾ ਬ੍ਰਿਟਿਸ਼ ਆਈਲਜ਼ ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਹੈ। ਇਸ ਦੌਰਾਨ ਗੁਰਦੁਆਰਾ ਪ੍ਰਬੰਧਕਾਂ ਤੇ ਕੁਝ ਸਥਾਨਕ ਸਿੱਖਾਂ ਨੇ ਉਨ੍ਹਾਂ ਨਾਲ ਪੰਜਾਬ ਤੋਂ ਯੂ ਕੇ ਪੜ੍ਹਨ ਲਈ ਆਉਣ ਵਾਲੇ ਸਿੱਖਾਂ ਤੇ ਪੰਜਾਬੀਆਂ ਖ਼ਾਸਕਰ ਧੀਆਂ ਨਾਲ ਸਬੰਧਤ ਕੁਝ ਅਹਿਮ ਮਾਮਲਿਆਂ ਤੇ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਵੀ ਕੀਤੀ। ਜਥੇਦਾਰ ਨੇ ਭਰੋਸਾ ਦਿੱਤਾ ਕਿ ਸਿੱਖੀ ਦੇ ਪ੍ਰਚਾਰ ਪ੍ਰਸਾਰ ਤੇ ਕੌਮੀ ਮਾਮਲੇ ਸਬੰਧੀ ਅਕਾਲ ਤਖ਼ਤ ਤੋਂ ਹਰ ਸੰਭਵ ਸਹਿਯੋਗ ਅਤੇ ਸੇਧ ਦਿੱਤੀ ਜਾਵੇਗੀ।

Advertisement

ਇਸ ਮੌਕੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਆਧਾਰਿਤ ਐਪ, ਜੋ ਆਮ ਲੋਕਾਂ ਲਈ ਜਾਣਕਾਰੀ ਹਾਸਲ ਕਰਨ ਦਾ ਪ੍ਰਮੁੱਖ ਸਾਧਨ ਬਣਦੇ ਜਾ ਰਹੇ ਹਨ, ਬਾਰੇ ਵਿਚਾਰ ਚਰਚਾ ਵੀ ਹੋਈ। ਖ਼ਾਲਸਾ ਜਥਾ ਬ੍ਰਿਟਿਸ਼ ਆਈਲਜ਼ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਗੁਰਪ੍ਰੀਤ ਸਿੰਘ ਅਨੰਦ ਨੇ ਇਸ ਗੁਰੂ ਘਰ ਦੇ ਇਤਿਹਾਸ ਬਾਰੇ ਦੱਸਿਆ। ਯੂਨਾਈਟਿਡ ਸਿੱਖਸ ਸੰਸਥਾ ਦੇ ਸੰਚਾਰ ਤੇ ਪੈਰਵੀ ਡਾਇਰੈਕਟਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਏ ਆਈ ਸਬ-ਕਮੇਟੀ ਦੇ ਮੈਂਬਰ ਹਰਮੀਤ ਸ਼ਾਹ ਸਿੰਘ ਨੇ ਏ ਆਈ ਦੀਆਂ ਗੰਭੀਰ ਸਮੱਸਿਆਵਾਂ ਬਾਰੇ ਸਿੰਘ ਸਾਹਿਬ ਤੇ ਹਾਜ਼ਰ ਸੰਗਤ ਨੂੰ ਜਾਣੂ ਕਰਵਾਇਆ। ਜਥੇਦਾਰ ਨੇ ਕਿਹਾ ਕਿ ਅੱਜ ਸਿੱਖਾਂ ਨੂੰ ਜੋ ਵੀ ਚੁਣੌਤੀਆਂ ਹਨ ਉਨ੍ਹਾਂ ਨਾਲ ਅਸੀਂ ਇਕਜੁੱਟਤਾ ਤੇ ਆਪਸੀ ਸਹਿਯੋਗ ਨਾਲ ਦੂਰ ਕਰ ਸਕਦੇ ਹਾਂ। ਏ ਆਈ ਸਮੱਸਿਆਵਾਂ ਸਬੰਧੀ ਜਥੇਦਾਰ ਨੇ ਸਿੱਖ ਵਿਦਵਾਨਾਂ, ਤਕਨੀਕੀ ਖੇਤਰ ਵਿੱਚ ਕੰਮ ਕਰ ਰਹੇ ਗੁਰਸਿੱਖਾਂ ਅਤੇ ਇਸ ਮੁੱਦੇ ਉੱਤੇ ਸਰਗਰਮ ਸਿੱਖਾਂ ਨੂੰ ਸਾਂਝੇ ਯਤਨ ਰਾਹੀਂ ਪ੍ਰਮੁੱਖ ਏ ਆਈ ਕੰਪਨੀਆਂ ਨਾਲ ਸੰਪਰਕ ਕਰਨ ਅਤੇ ਇਸ ਸਮੱਸਿਆ ਦੇ ਹੱਲ ਲੱਭਣ ਦਾ ਸੱਦਾ ਦਿੱਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਗੁਰਪ੍ਰੀਤ ਸਿੰਘ ਅਨੰਦ ਤੇ ਮੀਤ ਪ੍ਰਧਾਨ ਗੁਰਵਿੰਦਰ ਕੌਰ ਰੰਧਾਵਾ ਨੇ ਜਥੇਦਾਰ ਨੂੰ ਸਿਰੋਪਾਓ, ਗੁਰੂ ਘਰ ਦੇ ਇਤਿਹਾਸ ਨਾਲ ਸਬੰਧਤ ਪੁਸਤਕ ਅਤੇ ਯਾਦਗਾਰੀ ਸਿੱਕਾ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਜਥੇਦਾਰ ਭਾਈ ਗਜੇਂਦਰ ਸਿੰਘ, ਸੁਖਦੀਪ ਸਿੰਘ ਰੰਧਾਵਾ, ਅਮਨਦੀਪ ਸਿੰਘ, ਅਮਰਜੀਤ ਸਿੰਘ ਤੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਹਾਜ਼ਰ ਸਨ।

Advertisement

Advertisement
×