ਜਤਿੰਦਰ ਬੈਂਸ
ਗੁਰਦਾਸਪੁਰ, 27 ਸਤੰਬਰ
ਖੇਤੀ ਆਰਡੀਨੈਂਸਾਂ ਖ਼ਿਲਾਫ਼ ਅੰਮ੍ਰਿਤਸਰ ਦੇ ਦੇਵੀਦਾਸਪੁਰ ਵਿਚ ਚੱਲ ਰਹੇ ਰੇਲ ਰੋਕੋ ਅੰਦੋਲਨ ਲਈ ਅੱਜ ਗੁਰਦਾਸਪੁਰ ਤੋਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰਾਂ ਦਾ ਜਥਾ ਰਵਾਨਾ ਹੋਇਆ। ਇਸ ਮੌਕੇ ਕਿਸਾਨਾਂ-ਮਜ਼ਦੂਰਾਂ ਨੇ ਸਥਾਨਕ ਬਾਈਪਾਸ ਉੱਤੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਐਲਾਨ ਕੀਤਾ ਕਿ ਜਦੋਂ ਤੱਕ ਖੇਤੀ ਆਰਡੀਨੈਂਸ ਰੱਦ ਨਹੀਂ ਹੋ ਜਾਂਦੇ ਅੰਦੋਲਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਧੌਣ ਉੱਤੇ ਗੋਡਾ ਰੱਖ ਕੇ ਆਰਡੀਨੈਂਸ ਕਰਵਾਏ ਜਾਣਗੇ। ਧਰਨੇ ਵਿੱਚ ਸ਼ਾਮਲ ਹੋਣ ਲਈ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਜ਼ੋਨ ਦੋਰਾਂਗਲਾ ਤੋਂ ਜਥਾ ਪੈਦਲ ਹੀ ਮਾਰਚ ਕਰਦਾ ਹੋਇਆ ਗੁਰਦਾਸਪੁਰ ਪੁੱਜਿਆ।
ਇਸ ਮੌਕੇ ਸੰਘਰਸ਼ ਕਮੇਟੀ ਆਗੂ ਰਣਬੀਰ ਸਿੰਘ ਡੁੱਗਰੀ, ਸੁਖਦੇਵ ਸਿੰਘ ਅੱਲੜਪਿੰਡੀ, ਸੁਖਵਿੰਦਰ ਸਿੰਘ, ਕਰਨੈਲ ਸਿੰਘ ਆਦੀ, ਬਖਸ਼ੀਸ਼ ਸਿੰਘ ਸੁਲਤਾਨੀ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਨਵੇਂ ਖੇਤੀ ਕਾਨੂੰਨ ਠੋਸ ਦਿੱਤੇ ਹਨ ਜੋ ਪੰਜਾਬ ਦੇ ਕਿਸਾਨਾਂ ਦੀ ਆਰਥਿਕ, ਸਮਾਜਿਕ ਤੇ ਮਾਨਸਿਕ ਮੌਤ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੀ ਬਜਾਇ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਗ਼ੁਲਾਮ ਬਣਾਉਣ ਲਈ ਰਾਹ ਪੱਧਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਖੇਤੀ ਆਰਡੀਨੈਂਸਾਂ ਦਾ ਅਸਰ ਕਿਸਾਨਾਂ ਉੱਤੇ ਹੀ ਨਹੀਂ ਸਗੋਂ ਸਮੁੱਚੇ ਵਰਗਾਂ ਉੱਤੇ ਪੈਣਾ ਹੈ। ਉਨ੍ਹਾਂ ਕਿਹਾ ਕਿ ਕਿਸਾਨ-ਮਜ਼ਦੂਰ ਵੱਖ-ਵੱਖ ਸੰਘਰਸ਼ਾਂ ਤੋਂ ਲੰਘ ਕੇ ਹੁਣ 29 ਸਤੰਬਰ ਤੱਕ ਰੇਲ ਰੋਕੋ ਅੰਦੋਲਨ ਉੱਤੇ ਹਨ।
ਅਜਨਾਲਾ (ਅਸ਼ੋਕ ਸ਼ਰਮਾ): ਕਿਰਤੀ ਕਿਸਾਨ ਯੂਨੀਅਨ ਪੰਜਾਬ ਨੇ ਅਜਨਾਲਾ-ਅੰਮ੍ਰਿਤਸਰ ਸੜਕ ’ਤੇ ਆਵਾਜਾਈ ਠੱਪ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਅਤੇ ਕੇਂਦਰ ਸਰਕਾਰ ਵਿਰੁਧ ਨਾਅਰੇਬਾਜ਼ੀ ਕੀਤੀ। ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਾਤਾਰ ਸਿੰਘ ਤੇ ਜ਼ਿਲ੍ਹਾ ਪ੍ਰਧਾਨ ਧਨਵੰਤ ਸਿੰਘ ਖਤਰਾਏ ਕਲਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਾਜਿਸ਼ ਤਹਿਤ ਖੇਤੀ ਵਿਰੋਧ ਬਿੱਲ ਪਾਰਲੀਮੈਂਟ ਵਿਚੋਂ ਪਾਸ ਕਰਾਏ ਹਨ। ਆਗੂਆਂ ਨੇ ਦੱਸਿਆ ਕਿ ਖੇਤੀ ਵਿਰੋਧੀ ਬਿੱਲਾਂ ਨੂੰ ਵਾਪਸ ਕਰਾਉਣ ਲਈ ਅਗਲੀ ਰਣਨੀਤੀ ਵਿੱਢਣ ਲਈ 29 ਸਤੰਬਰ ਨੂੰ ਯੂਨੀਅਨ ਨੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਚ ਮੀਟਿੰਗ ਰੱਖੀ ਹੈ। ਉਨ੍ਹਾਂ ਸਮੂਹ ਕਿਸਾਨ ਜਥੇਬੰਦੀਆਂ ਨੂੰ ਪੁੱਜਣ ਦਾ ਸੱਦਾ ਦਿੱਤਾ।
ਫ਼ਤਹਿਗੜ੍ਹ ਚੂੜੀਆਂ (ਹਰਪਾਲ ਸਿੰਘ ਨਾਗਰਾ): ਸੂਬਾ ਕਮੇਟੀ ਦੇ ਸੱਦੇ ’ਤੇ ਬਿਜਲੀ ਕਾਮਿਆਂ ਦੀਆਂ ਸਮੂਹ ਮੁਲਾਜ਼ਮ ਜਥੇਬੰਦੀਆਂ ਨੇ ਕਿਸਾਨਾਂ ਦੀ ਹਮਾਇਤ ਕਰਦੇ ਹੋਏ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਅਤੇ ਮੰਗ ਕੀਤੀ ਕਿ ਖੇਤੀ ਆਰਡੀਨੈਂਸ ਦੇ ਤਿੰਨ ਬਿੱਲ ਰੱਦ ਕੀਤੇ ਜਾਣ ਅਤੇ ਬਿਜਲੀ ਬੋਰਡ ਦਾ ਪਹਿਲਾ ਸਰੂਪ ਬਹਾਲ ਕੀਤਾ ਜਾਵੇ। ਇਸ ਮੌਕੇ ਮੁਲਾਜਮ ਆਗੂਆਂ ਨੇ ਕਿਹਾ ਕਿ ਬੋਰਡ ਵਿੱਚ ਨਵੀਂ ਅਤੇ ਪੱਕੀ ਭਰਤੀ ਕੀਤੀ ਜਾਵੇ ਅਤੇ ਕੱਚੇ ਮੁਲਾਜਮ ਪੱਕੇ ਕੀਤੇ ਜਾਣ।
ਗੜ੍ਹਸ਼ੰਕਰ (ਜੇ.ਬੀ.ਸੇਖੋਂ): ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਅੱਜ ਕਸਬਾ ਕੋਟ ਫਤੂਹੀ ਦੇ ਪਿੰਡ ਈਸਪੁਰ ਦੇ ਮੁੱਖ ਅੱਡੇ ਵਿੱਚ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਕਾਮਰੇਡ ਮਹਿੰਦਰ ਖੈਰੜ ਦੀ ਅਗਵਾਈ ਹੇਠ ਕਿਸਾਨਾਂ ਨੇ ਕੇਂਦਰ ਸਰਕਾਰ ਦੀ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਕਾਮਰੇਡ ਖੈਰੜ ਨੇ ਕਿਹਾ ਕਿ ਇਸ ਕਿਸਾਨ ਵਿਰੋਧੀ ਕਾਨੂੰਨ ਨਾਲ ਕਾਲਾ ਬਾਜ਼ਾਰੀ ਨੂੰ ਹੁਲਾਰਾ ਮਿਲੇਗਾ ਅਤੇ ਕਿਸਾਨ ਦਾ ਭਵਿੱਖ ਕਾਰਪੋਰੇਟ ਅਦਾਰਿਆਂ ’ਤੇ ਨਿਰਭਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਵੱਖ ਵੱਖ ਸਿਆਸੀ ਪਾਰਟੀਆਂ ਆਪਣੇ ਫ਼ਾਇਦਿਆਂ ਲਈ ਕਿਸਾਨਾਂ ਨਾਲ ਧਰੋਹ ਕਰ ਰਹੀਆਂ ਹਨ। ਇਸ ਮੌਕੇ ਸ੍ਰੀ ਧੀਮਾਨ ਨੇ ਕਿਹਾ ਕਿ ਸਰਕਾਰ ਨੇ ਜ਼ਰੂਰੀ ਸੇਵਾਵਾਂ ਐਕਟ 1955 ਨਾਲ ਸਿੱਧੀ ਛੇੜਛਾੜ ਕਰਕੇ ਦੇਸ਼ ਵਿੱਚ ਜ਼ਮਾਂਖੋਰੀ ਅਤੇ ਮਹਿੰਗਾਈ ਨੂੰ ਹੋਰ ਵਧਾ ਦਿੱਤਾ ਹੈ ਜਿਸ ਨਾਲ ਹਰ ਵਰਗ ਪ੍ਰਭਾਵਿਤ ਹੋਵੇਗਾ।
ਚੇਤਨਪੁਰਾ (ਰਨਬੀਰ ਸਿੰਘ ਮਿੰਟੂ): ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ-ਮਜ਼ਦੂਰਾਂ ਅਤੇ ਆੜ੍ਹਤੀਆਂ ਵਿਚ ਰੋਸ ਵਧਦਾ ਜਾ ਰਿਹਾ ਹੈ। ਅੱਜ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਝੰਜੋਟੀ ਵਿਚ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਅਤੇ ਸੈਂਕੜੇ ਕਿਸਾਨਾਂ-ਮਜ਼ਦੂਰਾਂ ਵੱਲੋਂ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕਰਦਿਆਂ ਪਿੰਡ ਝੰਜੋਟੀ ਦੇ ਮੇਨ ਅੱਡੇ ਵਿਚ ਧਰਨਾ ਦਿੱਤਾ ਗਿਆ।
ਇਸ ਮੌਕੇ ਲਖਵਿੰਦਰ ਸਿੰਘ ਸਰਪੰਚ ਝੰਜੋਟੀ ਨੇ ਕਿਹਾ ਕਿ ਦੇਸ਼ ਦੀਆਂ ਸਮੂਹ ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਕਾਲੇ ਕਾਨੂੰਨਾਂ ਖਿਲਾਫ਼ ਖਿਲਾਫ ਜੰਗ ਲੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਇਹ ਲੋਕ ਮਾਰੂ ਫ਼ੈਸਲੇ ਵਾਪਸ ਨਾ ਲਏ ਗਏ ਤਾਂ ਹਲਕਾ ਰਾਜਾਸਾਂਸੀ ਦੀਆਂ ਸਮੂਹ ਪੰਚਾਇਤਾਂ ਨਾਲ ਸਲਾਹ ਮਸ਼ਵਰਾ ਕਰ ਕੇ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।