DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

17 ਦਿਨ ਮਗਰੋਂ ਜ਼ਿੰਦਗੀ ਦੀ ਜੰਗ ਹਾਰ ਗਿਆ ਹੀਰਾ

ਪਰਿਵਾਰ ਵੱਲੋਂ ਇਨਸਾਫ਼ ਲਈ ਹਸਪਤਾਲ ਅੱਗੇ ਪ੍ਰਦਰਸ਼ਨ; ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੱਕ ਸਸਕਾਰ ਨਾ ਕਰਨ ’ਤੇ ਅਡ਼ਿਆ

  • fb
  • twitter
  • whatsapp
  • whatsapp
Advertisement

ਸੁਲਤਾਨਪੁਰ ਦਿਹਾਤੀ ਖੇਤਰ ਵਿੱਚ ਬੀਤੀ 8 ਜੂਨ ਨੂੰ ਹਮਲੇ ਦਾ ਸ਼ਿਕਾਰ ਹੋਏ 26 ਸਾਲਾ ਨੌਜਵਾਨ ਹੀਰਾ ਸਿੰਘ ਪੁੱਤਰ ਸਵਿੰਦਰ ਪਾਲ ਨੇ ਅੱਜ ਦਮ ਤੋੜ ਦਿੱਤਾ। ਅੰਮ੍ਰਿਤਸਰ ਦੇ ਗੁਰੂ ਨਾਨਕ ਮੈਡੀਕਲ ਕਾਲਜ ਵਿੱਚ ਲਗਪਗ 17 ਦਿਨਾਂ ਤੱਕ ਜ਼ਿੰਦਗੀ ਲਈ ਜੰਗ ਲੜਨ ਮਗਰੋਂ ਉਸ ਨੇ ਆਖ਼ਰੀ ਸਾਹ ਲਿਆ। ਹੀਰਾ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਅਤੇ ਪੂਰੇ ਇਲਾਕੇ ਵਿੱਚ ਸੋਗ ਦੇ ਨਾਲ-ਨਾਲ ਰੋਸ ਦੀ ਲਹਿਰ ਦੌੜ ਗਈ ਹੈ। ਗੁੱਸੇ ਵਿੱਚ ਆਏ ਪਰਿਵਾਰਕ ਜੀਆਂ ਅਤੇ ਪਿੰਡ ਵਾਸੀਆਂ ਨੇ ਸਿਵਲ ਹਸਪਤਾਲ ਵਿੱਚ ਇਕੱਠੇ ਹੋ ਕੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਬੀਤੀ 8 ਜੂਨ ਦੀ ਰਾਤ ਨੂੰ ਕੁਝ ਵਿਅਕਤੀਆਂ ਵੱਲੋਂ ਹੀਰਾ ’ਤੇ ਜਾਨਲੇਵਾ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਗਿਆ ਸੀ। ਪਰਿਵਾਰ ਦਾ ਦੋਸ਼ ਹੈ ਕਿ ਵਾਰਦਾਤ ਨੂੰ 17 ਦਿਨ ਬੀਤ ਜਾਣ ਦੇ ਬਾਵਜੂਦ ਸਥਾਨਕ ਪੁਲੀਸ ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ, ਜਿਸ ਕਾਰਨ ਅੱਜ ਉਨ੍ਹਾਂ ਦੇ ਨੌਜਵਾਨ ਪੁੱਤਰ ਦੀ ਜਾਨ ਚਲੀ ਗਈ। ਮ੍ਰਿਤਕ ਹੀਰਾ ਸਿੰਘ ਦੀ ਮਾਤਾ ਨੀਲਮ ਨੇ ਹਸਪਤਾਲ ਅੱਗੇ ਧਾਹਾਂ ਮਾਰਦਿਆਂ ਕਿਹਾ, ‘‘ਸਾਡਾ ਹੱਸਦਾ-ਖੇਡਦਾ ਘਰ ਉੱਜੜ ਗਿਆ। ਹੀਰਾ ਸਿੰਘ ਦੀ ਮਹਿਜ਼ ਦੋ ਸਾਲ ਦੀ ਬੱਚੀ ਹੈ, ਜੋ ਆਪਣੇ ਪਿਤਾ ਨੂੰ ਲੱਭ ਰਹੀ ਹੈ। ਪਰਿਵਾਰ ਨੂੰ ਤਬਾਹ ਕਰਨ ਵਾਲੇ ਕਾਤਲ ਅੱਜ ਵੀ ਸ਼ਰੇਆਮ ਬਾਹਰ ਘੁੰਮ ਰਹੇ ਹਨ।’’ ਮ੍ਰਿਤਕ ਦੇ ਪਿਤਾ ਸਵਿੰਦਰ ਪਾਲ ਨੇ ਵੀ ਪੁਲੀਸ ਦੀ ਕਾਰਵਾਈ ’ਤੇ ਰੋਸ ਜ਼ਾਹਿਰ ਕੀਤਾ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਐਲਾਨ ਕੀਤਾ ਕਿ ਜਦੋਂ ਤੱਕ ਮਾਮਲੇ ਦੇ ਸਾਰੇ ਅੱਠ ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤੇ ਜਾਂਦੇ, ਉਦੋਂ ਤੱਕ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।

ਇਸ ਮਾਮਲੇ ਸਬੰਧੀ ਪੁਲੀਸ ਨੇ ਇੱਕ ਔਰਤ ਸਮੇਤ ਅੱਠ ਜਣਿਆਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੋਇਆ ਹੈ। ਨਾਮਜ਼ਦਾਂ ਵਿੱਚ ਕਾਲੂ ਪੁੱਤਰ ਬਨਾਰਸੀ ਲਾਲ, ਬਲਬੀਰ ਉਰਫ਼ ਬੀਰਾ ਪੁੱਤਰ ਰਮੇਸ਼, ਡਿੰਪਲ ਪੁੱਤਰ ਰਮੇਸ਼, ਗੁੱਡੀ ਪਤਨੀ ਰਮੇਸ਼, ਰਾਮ ਪੁੱਤਰ ਮੰਤੀ, ਦੀਪੂ ਪੁੱਤਰ ਸ਼ੋਰੀ ਅਤੇ ਹੋਰ ਵਿਅਕਤੀ ਸ਼ਾਮਲ ਹਨ। ਹੁਣ ਪੁਲੀਸ ਨੇ ਇਸ ਮਾਮਲੇ ਵਿੱਚ ਕਤਲ ਦੀ ਧਾਰਾ ਜੋੜ ਦਿੱਤੀ ਹੈ।

Advertisement

ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਏ ਐੱਸ ਆਈ ਗੁਰਦਿਆਲ ਸਿੰਘ ਨੇ ਦੱਸਿਆ ਕਿ ਪੁਲੀਸ ਇਸ ਕੇਸ ਨੂੰ ਲੈ ਕੇ ਗੰਭੀਰ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਫੜਨ ਲਈ ਪੁਲੀਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ। ਜਲਦੀ ਹੀ ਸਾਰੇ ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।

Advertisement

Advertisement
×