ਹੰਗਾਮੇ ਮਗਰੋਂ ਆਦਮਪੁਰ ਕੌਂਸਲ ਪ੍ਰਧਾਨ ਦੀ ਚੋਣ ਮੁਲਤਵੀ
‘ਆਪ’ ਕੌਂਸਲਰਾਂ ਵਿੱਚ ਬਗ਼ਾਵਤ; ਕਾਂਗਰਸ ਨਾਲ ਮਿਲੀਭੁਗਤ ਦੇ ਦੋਸ਼ ਲੱਗੇ
ਨਗਰ ਕੌਂਸਲ ਆਦਮਪੁਰ ਦੀ ਪ੍ਰਧਾਨਗੀ ਅਤੇ ਉਪ ਪ੍ਰਧਾਨਗੀ ਦੀ ਚੋਣ ਉਸ ਸਮੇਂ ਡੂੰਘੇ ਸਿਆਸੀ ਸੰਕਟ ਵਿੱਚ ਫਸ ਗਈ, ਜਦੋਂ ਆਮ ਆਦਮੀ ਪਾਰਟੀ (ਆਪ) ਦੇ ਕੌਂਸਲਰਾਂ ਵਿੱਚ ਬਗ਼ਾਵਤ ਅਤੇ ਜ਼ਬਰਦਸਤ ਹੰਗਾਮੇ ਕਾਰਨ ਚੋਣ ਪ੍ਰਕਿਰਿਆ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕਰਨਾ ਪਿਆ। 13 ਵਾਰਡਾਂ ਵਾਲੀ ਇਸ ਕੌਂਸਲ ਵਿੱਚ ‘ਆਪ’ ਦੇ 10 ਅਤੇ ਕਾਂਗਰਸ ਸਮਰਥਿਤ ਤਿੰਨ ਆਜ਼ਾਦ ਕੌਂਸਲਰ ਜੇਤੂ ਰਹੇ ਸਨ। ਐੱਸ ਡੀ ਐੱਮ ਲਾਲ ਵਿਸ਼ਵਾਸ ਬੈਂਸ ਦੀ ਅਗਵਾਈ ਹੇਠ ਅੱਜ ਸਵੇਰੇ ਸੱਦੀ ਮੀਟਿੰਗ ਵਿੱਚ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਅਤੇ ‘ਆਪ’ ਦੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਸਮੇਤ ਸਾਰੇ 13 ਕੌਂਸਲਰ ਹਾਜ਼ਰ ਸਨ।
ਮੀਟਿੰਗ ਦੌਰਾਨ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਪ੍ਰਧਾਨਗੀ ਲਈ ‘ਆਪ’ ਵੱਲੋਂ ਚਰਨਜੀਤ ਸਿੰਘ ਸ਼ੇਰੀ ਅਤੇ ਮੈਡਮ ਕੰਨੂ ਦੇ ਨਾਮ ਸਾਹਮਣੇ ਆਏ, ਜਿਸ ਕਾਰਨ ਪਾਰਟੀ ਦੋ ਧੜਿਆਂ ਵਿੱਚ ਵੰਡੀ ਗਈ। ‘ਆਪ’ ਦੇ ਇੱਕ ਧੜੇ ਨੇ ਦੂਜੇ ਧੜੇ ’ਤੇ ਕਾਂਗਰਸ ਨਾਲ ਅੰਦਰਖਾਤੇ ਗੁਪਤ ਸਮਝੌਤਾ ਕਰ ਕੇ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਨ ਦੇ ਗੰਭੀਰ ਦੋਸ਼ ਲਾਏ। ਇਸ ਤੋਂ ਬਾਅਦ ਦੋਵਾਂ ਧੜਿਆਂ ਵਿੱਚ ਤਿੱਖੀ ਬਹਿਸਬਾਜ਼ੀ ਹੋਈ ਅਤੇ ਮੀਟਿੰਗ ਹਾਲ ਵਿੱਚ ਕੁਰਸੀਆਂ ਤੱਕ ਚੱਲੀਆਂ। ਹਾਲਾਤ ਬੇਕਾਬੂ ਹੁੰਦੇ ਦੇਖ ਨਗਰ ਕੌਂਸਲ ਦਫ਼ਤਰ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰਨਾ ਪਿਆ ਅਤੇ ਪ੍ਰਸ਼ਾਸਨ ਨੇ ਅਮਨ-ਕਾਨੂੰਨ ਦੀ ਸਥਿਤੀ ਦੇ ਮੱਦੇਨਜ਼ਰ ਚੋਣ ਮੁਲਤਵੀ ਕਰ ਦਿੱਤੀ। ਬਿਨਾਂ ਵੀਡੀਓਗ੍ਰਾਫੀ ਚੋਣ ਸ਼ੁਰੂ ਕਰਨ ਦੇ ਵਿਰੋਧ ਵਿੱਚ ਗੇਟ ਬਾਹਰ ਖੜ੍ਹੇ ‘ਆਪ’ ਆਗੂਆਂ ਨੇ ਵੀ ਜ਼ੋਰਦਾਰ ਨਾਅਰੇਬਾਜ਼ੀ ਕੀਤੀ।ਦਫ਼ਤਰ ਤੋਂ ਬਾਹਰ ਆ ਕੇ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਨੇ ਦੱਸਿਆ ਕਿ ਚੋਣ ਦੌਰਾਨ ਕੰਨੂ ਦੇ ਹੱਕ ਵਿੱਚ ਅੱਠ ਮੈਂਬਰਾਂ ਦਾ ਸਮਰਥਨ ਸੀ, ਜਦਕਿ ਸ਼ੇਰੀ ਧੜੇ ਕੋਲ ਸਿਰਫ਼ ਛੇ ਮੈਂਬਰ ਸਨ। ਵਿਧਾਇਕ ਨੇ ਦੋਸ਼ ਲਾਇਆ ਕਿ ਬਹੁਮਤ ਹੋਣ ਦੇ ਬਾਵਜੂਦ ਸੱਤਾਧਾਰੀ ਧਿਰ ਦੇ ਕੌਂਸਲਰਾਂ ਨੇ ਹੰਗਾਮਾ ਕਰ ਕੇ ਲੋਕਤੰਤਰ ਦਾ ਘਾਣ ਕੀਤਾ ਹੈ ਅਤੇ ਆਪਣੀ ਹੀ ਸਰਕਾਰ ਦਾ ਮਜ਼ਾਕ ਉਡਾਇਆ ਹੈ। ਇਸ ਮੌਕੇ ਸਮੂਹ ਕੌਂਸਲਰ, ਚੋਣ ਅਧਿਕਾਰੀ, ਪੁਲੀਸ ਪ੍ਰਸ਼ਾਸਨ ਅਤੇ ਵੱਡੀ ਗਿਣਤੀ ਵਿੱਚ ਸਿਆਸੀ ਵਰਕਰ ਹਾਜ਼ਰ ਸਨ।
