ਅੰਬੇਡਕਰ ਦੇ ਬੁੱਤ ਨਾਲ ਛੇੜਛਾੜ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਮੰਗੀ
ਬਸਪਾ ਨੇ ਡੀ ਐੱਸ ਪੀ ਦਫਤਰ ਅੱਗੇ ਧਰਨਾ ਲਾਇਆ; ਕਰੀਮਪੁਰੀ ਨੇ ਪੁਲੀਸ ’ਤੇ ਸੰਵਿਧਾਨਕ ਜ਼ਿੰਮੇਵਾਰੀ ਤੋਂ ਭੱਜਣ ਦੇ ਦੋਸ਼ ਲਾਏ
ਗੜ੍ਹਸ਼ੰਕਰ ਦੇ ਪਿੰਡ ਨੂਰਪੁਰ ਜੱਟਾਂ ਵਿੱਚ ਭੀਮ ਰਾਓ ਅੰਬੇਡਕਰ ਦੇ ਬੁੱਤ ਨਾਲ ਹੋਈ ਛੇੜਛਾੜ ਵਿਰੁੱਧ ਬਸਪਾ ਨੇ ਸਥਾਨਕ ਡੀ ਐੱਸ ਪੀ ਦਫਤਰ ਸਾਹਮਣੇ ਧਰਨਾ ਦਿੱਤਾ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਇਹ ਧਰਨਾ ਉਦੋਂ ਤੱਕ ਲਗਾਤਾਰ ਚੱਲੇਗਾ ਜਦੋਂ ਤੱਕ ਬੁੱਤ ਨਾਲ ਛੇੜਛਾੜ ਕਰਨ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਘਟਨਾ ਵਾਲੇ ਦਿਨ ਬਸਪਾ ਵੱਲੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ 72 ਘੰਟੇ ਦਾ ਸਮਾਂ ਦਿੱਤਾ ਗਿਆ ਸੀ ਪਰ ਜ਼ਿਲ੍ਹਾ ਪੁਲੀਸ ਕਪਤਾਨ ਸਰਕਾਰ ਦੇ ਬੰਧੂਆ ਮਜ਼ਦੂਰ ਬਣ ਕੇ ਕੰਮ ਕਰ ਰਹੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੁਲੀਸ ਦਾ ਕੰਮ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਨਿਭਾਉਣਾ ਹੁੰਦਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਬੁੱਤ ਦੀ ਨੌਂ ਵਾਰ ਬੇਅਦਬੀ ਕੀਤੀ ਗਈ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਵੀ ਅਫਸੋਸ ਜ਼ਾਹਿਰ ਨਹੀਂ ਕੀਤਾ। ਸੂਬਾ ਪ੍ਰਧਾਨ ਨੇ ਐਲਾਨ ਕੀਤਾ ਕਿ 4 ਅਪਰੈਲ ਤੋਂ 16 ਅਪਰੈਲ ਤੱਕ ਲਗਾਤਾਰ ਚੱਲਣ ਵਾਲੇ ਲੜੀਵਾਰ ਧਰਨੇ ਵਿੱਚ ਦੁਆਬਾ ਖੇਤਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ ਅਤੇ 18 ਅਪਰੈਲ ਨੂੰ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਨਵਾਂਸ਼ਹਿਰ ਦੇ ਵਿਧਾਇਕ ਡਾਕਟਰ ਨਛੱਤਰ ਪਾਲ ਨੇ ਬੁੱਤ ਦੀ ਹੋਈ ਛੇੜਛਾੜ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਇਸ ਮੌਕੇ ਸਥਾਨਕ ਡੀ ਐੱਸ ਪੀ ਦਲਜੀਤ ਸਿੰਘ ਖੱਖ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਬਾਰੇ ਜਾਣੂ ਕਰਵਾਇਆ ਪਰ ਬਸਪਾ ਆਗੂਆਂ ਨੇ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ।
ਉਜਾੜਾ ਰੋਕਣ ਲਈ ਬਸਪਾ ਸਖ਼ਤ ਸਟੈਂਡ ਲਵੇਗੀ: ਕਰੀਮਪੁਰੀ
ਫਿਲੌਰ (ਸਰਬਜੀਤ ਗਿੱਲ): ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਮਾਤਾ ਕਲਸਾ ਨਗਰ ਨੂੰ ਉਜਾੜਨ ਦੀਆਂ ਕੋਸ਼ਿਸ਼ਾਂ ਵਿਰੁੱਧ ਡਟ ਕੇ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਵੱਲੋਂ ਇੱਥੇ ਸਥਿਤ 150 ਦੁਕਾਨਾਂ ਅਤੇ 300 ਰਿਹਾਇਸ਼ਾਂ ਨੂੰ ਖਾਲੀ ਕਰਨ ਲਈ ਦੋ ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ ਸੀ। ਡਾ. ਕਰੀਮਪੁਰੀ ਨੇ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਬਸਪਾ ਸ਼ਨਿਚਰਵਾਰ ਨੂੰ ਹੋਣ ਵਾਲੀ ਕਿਸੇ ਵੀ ਕਾਰਵਾਈ ਦਾ ਡਟ ਕੇ ਵਿਰੋਧ ਕਰੇਗੀ। ਦੂਜੇ ਪਾਸੇ ਪੀੜਤ ਲੋਕਾਂ ਨੇ ‘ਆਪ’ ਆਗੂ ਪ੍ਰਿੰਸੀਪਲ ਪ੍ਰੇਮ ਕੁਮਾਰ ਰਾਹੀਂ ਐੱਸ ਡੀ ਐੱਮ ਫਿਲੌਰ ਤੱਕ ਪਹੁੰਚ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇ ਉਨ੍ਹਾਂ ਨੂੰ ਉਜਾੜਿਆ ਗਿਆ ਤਾਂ ਉਹ ਬੇਘਰ ਅਤੇ ਬੇਰੁਜ਼ਗਾਰ ਹੋ ਜਾਣਗੇ।

