ਮਿਲਾਵਟਖੋਰਾਂ ਖ਼ਿਲਾਫ਼ ਕਾਰਵਾਈ ਮੰਗੀ
ਪੱਤਰ ਪ੍ਰੇਰਕ
ਦਸੂਹਾ, 1 ਜੁਲਾਈ
ਇੱਥੇ ਗੈਰਮਿਆਰੀ ਦੁੱਧ, ਦਹੀ, ਘਿਉ ਤੇ ਪਨੀਰ ਦੀ ਵਿਕਰੀ ਬੇਰੋਕ ਜਾਰੀ ਹੈ। ਸੀਨੀਅਰ ਸਿਟੀਜ਼ਨ ਸੁਸਾਇਟੀ ਦੇ ਆਗੂ ਜਗਦੀਸ਼ ਸਿੰਘ ਸੋਈ, ਸੁਰਿੰਦਰ ਸਿੰਘ ਬਸਰਾ, ਭਾਜਪਾ ਆਗੂ ਰਿੰਪਾ ਸ਼ਰਮਾ, ਅਕਾਲੀ ਆਗੂ ਜਸਵਿੰਦਰ ਸਿੰਘ ਕਾਲੜਾ ਤੇ ਸੰਘਰਸ਼ੀ ਯੋਧੇ ਵਿਜੇ ਕਾਮਰੇਡ ਨੇ ਕਿਹਾ ਕਿ ਇਲਾਕੇ ਵਿੱਚ ਦੁੱਧ, ਦਹੀ ਤੇ ਪਨੀਰ ਦੇ ਨਾਂਅ ’ਤੇ ਲੋਕਾਂ ਨੂੰ ਜ਼ਹਿਰ ਵੇਚਿਆ ਜਾ ਰਿਹਾ ਹੈ ਪਰ ਸਿਹਤ ਵਿਭਾਗ ਇਸ ਪ੍ਰਤੀ ਸੰਜੀਦਾ ਨਹੀਂ ਹੈ। ਉਨ੍ਹਾਂ ਸਿਹਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਸਮੇਂ ਸਮੇ ਡੇਅਰੀਆਂ ਤੋਂ ਦੁੱਧ ਦੇ ਸੈਂਪਲ ਭਰੇ ਜਾਣ ਅਤੇ ਜਾਂਚ ਦੌਰਾਨ ਜੇਕਰ ਕਿਸੇ ਡੇਅਰੀ ਜਾਂ ਦੁੱਧ ਵਿਕਰੇਤਾ ਤੋਂ ਮਿਲਾਵਟੀ ਜਾਂ ਗੈਰ ਮਿਆਰੀ ਦੁੱਧ ਮਿਲਦਾ ਹੈ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਬਾਰੇ ਜ਼ਿਲ੍ਹਾ ਸਿਹਤ ਅਫਸਰ ਡਾ. ਜਤਿੰਦਰ ਭਾਟੀਆ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਮੇਂ ਸਮੇਂ ਜ਼ਿਲ੍ਹੇ ਦੀਆਂ ਵੱਖ ਵੱਖ ਥਾਵਾਂ ਤੋਂ ਡੇਅਰੀਆਂ ਅਤੇ ਦੁਕਾਨਾਂ ਤੋਂ ਦੁੱਧ ਦੇ ਨਮੂਨੇ ਇਕੱਤਰ ਕਰਕੇ ਲੈਬ ਟੈਸਟ ਲਈ ਭੇਜੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਲਈ ਮਿਲਾਵਟੀ ਖਾਦ ਪਦਾਰਥਾਂ ਦੀ ਵਿਕਰੀ ਕਰਨ ਵਾਲਿਆਂ ਦੀ ਸ਼ਿਕਾਇਤ ਸਿਹਤ ਵਿਭਾਗ ਨੂੰ ਕੀਤੀ ਜਾ ਸਕਦੀ ਹੈ।