ਪੁਲੀਸ ਵਧੀਕੀਆਂ ਵਿਰੋਧੀ ਐਕਸ਼ਨ ਕਮੇਟੀ ਨੇ ਅੱਜ ਥਾਣਾ ਲੋਹੀਆਂ ਖਾਸ ਦੀ ਕਥਿਤ ਢਿੱਲੀ ਕਾਰਗੁਜ਼ਾਰੀ ਖਿਲਾਫ਼ ਥਾਣੇ ਅੱਗੇ ਧਰਨਾ ਲਗਾਇਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਵਿੰਦਰ ਨਾਗੀ, ਸੋਨੂੰ ਅਰੋੜਾ, ਰਾਕੇਸ਼ ਰੋਸ਼ਨ, ਬਿਕਰਮ ਮੰਡਾਲਾ, ਚਮਨ ਲੋਹੀਆਂ ਅਤੇ ਹਰਬੰਸ ਮੱਟੂ ਨੇ ਦੋਸ਼ ਲਾਇਆ ਕਿ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਇਲਾਕੇ ਵਿੱਚ ਆਏ ਦਿਨ ਅਪਰਾਧਿਕ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਦਿਨ-ਦਿਹਾੜੇ ਚੋਰੀਆਂ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਥਾਣੇ ਫਰਿਆਦ ਲੈ ਕੇ ਆਉਣ ਵਾਲਿਆਂ ਦੀ ਕੋਈ ਸੁਣਵਾਈ ਨਹੀ ਹੋ ਰਹੀ। ਥਾਣੇ ਅੰਦਰ ਲਟਕਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਐਕਸ਼ਨ ਕਮੇਟੀ ਥਾਣਾ ਮੁਖੀ ਨਾਲ ਮੀਟਿੰਗ ਵੀ ਕਰ ਚੁੱਕੀ ਸੀ। ਇਸ ਤੋਂ ਬਾਅਦ ਵੀ ਜਦੋਂ ਮਸਲੇ ਹੱਲ ਨਾ ਕੀਤੇ ਗਏ ਤਾਂ ਮਜਬੂਰਨ ਉਨ੍ਹਾਂ ਨੂੰ ਅੱਜ ਥਾਣੇ ਅੱਗੇ ਧਰਨਾ ਲਗਾਉਣਾ ਪਿਆ।
ਐੱਸ ਐੱਚ ਓ ਲੋਹੀਆਂ ਖਾਸ ਨੇ ਕਿਹਾ ਕਿ ਥਾਣੇ ਅੰਦਰ ਕੋਈ ਕੇਸ ਬਕਾਇਆ ਨਹੀਂ ਹੈ। ਮੁਹੱਲਾ ਡੁਮਾਣਾ ਵਿੱਚ ਹੋਈ ਚੋਰੀ ਦੀ ਘਟਨਾ ਸਬੰਧੀ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਧਰਨਾਕਾਰੀਆਂ ਨਾਲ ਗੱਲਬਾਤ ਕਰਨ ਲਈ ਪਹੁੰਚੇ ਡੀ ਐੱਸ ਪੀ ਸ਼ਾਹਕੋਟ ਸੁਖਪਾਲ ਸਿੰਘ ਦੀ ਐਕਸ਼ਨ ਕਮੇਟੀ ਦੇ ਆਗੂਆਂ ਨਾਲ ਨਾਅਰੇਬਾਜ਼ੀ ਨੂੰ ਲੈ ਕੇ ਤਿੱਖੀ ਬਹਿਸ ਹੋਈ। ਖ਼ਬਰ ਲਿਖੇ ਜਾਣ ਤੱਕ ਧਰਨਾ ਅਤੇ ਬਹਿਸ ਜਾਰੀ ਸੀ।

