Cracks Down on Illegal Dairies: ਅਦਾਲਤੀ ਹੁਕਮਾਂ ਮਗਰੋਂ ਡੇਅਰੀਆਂ ਖ਼ਿਲਾਫ਼ ਕਾਰਵਾਈ
ਪਸ਼ੂ ਗੳੂਸ਼ਾਲਾ ਭੇਜੇ; ਡੇਅਰੀ ਮਾਲਕਾਂ ਵੱਲੋਂ ਵਿਰੋਧ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਨਗਰ ਨਿਗਮ ਅੰਮ੍ਰਿਤਸਰ ਨੇ ਸ਼ਹਿਰ ਦੀ ਹਦੂਦ ਅੰਦਰ ਚੱਲ ਰਹੀਆਂ ਗ਼ੈਰ-ਕਾਨੂੰਨੀ ਪਸ਼ੂ ਡੇਅਰੀਆਂ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਇਹ ਸਾਂਝਾ ਅਪਰੇਸ਼ਨ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਵਧੀਕ ਕਮਿਸ਼ਨਰ ਡਾ. ਜੈ ਇੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੱਛਮੀ ਜ਼ੋਨ ਦੇ ਖੇਤਰ ਵਿੱਚ ਪੈਂਦੀ ਵਾਰਡ ਨੰਬਰ 71 ਦੇ ਗੁਰੂ ਨਾਨਕਪੁਰਾ ਅਤੇ ਵਾਰਡ ਨੰਬਰ 72 ਦੇ ਪ੍ਰੇਮ ਨਗਰ ਵਿੱਚ ਗ਼ੈਰ-ਕਾਨੂੰਨੀ ਡੇਅਰੀਆਂ ਨੂੰ ਹਟਾਉਣ ਲਈ ਚਲਾਇਆ ਗਿਆ। ਇਸ ਕਾਰਵਾਈ ਵਿੱਚ ਡਿਊਟੀ ਮੈਜਿਸਟਰੇਟ ਅੰਗਦ ਸਿੰਘ, ਸਿਹਤ ਵਿਭਾਗ ਦੀ ਪੱਛਮੀ ਜ਼ੋਨ ਟੀਮ, ਕੇਟਲ ਇੰਪੌਂਡ ਟੀਮ, ਨਗਰ ਨਿਗਮ ਪੁਲੀਸ ਫੋਰਸ ਅਤੇ ਸੀ ਪੀ ਪੁਲਿਸ ਦੀ ਸਾਂਝੀ ਟੀਮ ਨੇ ਹਿੱਸਾ ਲਿਆ। ਅੱਠ ਗ਼ੈਰ-ਕਾਨੂੰਨੀ ਡੇਅਰੀਆਂ ਵਿਰੁਧ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਖਾਲੀ ਕਰਵਾਇਆ ਗਿਆ ਅਤੇ ਜ਼ਬਤ ਕੀਤੇ ਗਏ ਪਸ਼ੂਆਂ ਨੂੰ ਸ਼ਿਫਟ ਕਰਕੇ ਗਊਸ਼ਾਲਾ ਭੇਜ ਦਿੱਤਾ ਗਿਆ। ਪਸ਼ੂ ਡੇਅਰੀ ਮਾਲਕਾਂ ਵੱਲੋਂ ਨਿਗਮ ਦੀ ਇਸ ਕਾਰਵਾਈ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ।
ਇਸ ਤੋਂ ਬਾਅਦ ਨਿਗਮ ਟੀਮ ਵੱਲੋਂ ਸ਼ਹਿਰ ਦੇ ਬਾਕੀ ਪਸ਼ੂ ਡੇਅਰੀ ਮਾਲਕਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੇ ਪਸ਼ੂਆਂ ਨੂੰ ਨਿਗਮ ਦੀ ਹੱਦ ਤੋਂ ਪੱਕੇ ਤੌਰ ’ਤੇ ਬਾਹਰ ਲੈ ਜਾਣ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਪੂਰੇ ਸ਼ਹਿਰ ਵਿੱਚੋਂ ਗ਼ੈਰ-ਕਾਨੂੰਨੀ ਡੇਅਰੀਆਂ ਨੂੰ ਹਟਾਉਣ ਦੀ ਇਹ ਮੁਹਿੰਮ ਜਾਰੀ ਰਹੇਗੀ। ਜੇਕਰ ਪਸ਼ੂਆਂ ਨੂੰ ਨਗਰ ਨਿਗਮ ਦੀ ਹੱਦ ਤੋਂ ਬਾਹਰ ਨਾ ਲਿਜਾਇਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਪਸ਼ੂੂ ਮਾਲਕਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਮੁਹਿੰਮ
ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਆਵਾਜਾਈ ਨੂੰ ਸੁਚਾਰੂ ਬਣਾਉਣ, ਜਨਤਕ ਥਾਵਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਅਤੇ ਪੈਦਲ ਯਾਤਰੀਆਂ ਤੇ ਵਾਹਨਾਂ ਦੀ ਆਵਾਜਾਈ ਨੂੰ ਸੁਖਾਲਾ ਬਣਾਉਣ ਦੇ ਉਦੇਸ਼ ਨਾਲ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਅੱਜ ਸ਼ੱਹਿਰ ਦੇ ਕਈ ਪ੍ਰਮੁੱਖ ਵਪਾਰਕ ਅਤੇ ਰਿਹਾਇਸ਼ ਇਲਾਕਿਆਂ ਵਿੱਚ ਵੱਡੀ ਪੱਧਰ ’ਤੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਮੁਹਿੰਮ ਚਲਾਈ ਗਈ। ਇਹ ਕਾਰਵਾਈ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਵਧੀਕ ਨਗਰ ਨਿਗਮ ਕਮਿਸ਼ਨਰ ਡਾ. ਜੈ ਇੰਦਰ ਸਿੰਘ ਦੇ ਸਖ਼ਤ ਨਿਰਦੇਸ਼ਾਂ ’ਤੇ ਕੀਤੀ ਗਈ।ਮੁਹਿੰਮ ਦੀ ਅਗਵਾਈ ਸਕੱਤਰ-ਕਮ-ਐਸਟੇਟ ਅਫ਼ਸਰ ਸੁਸ਼ਾਂਤ ਭਾਟੀਆ ਅਤੇ ਐਸਟੇਟ ਅਫ਼ਸਰ ਧਰਮਿੰਦਰਜੀਤ ਸਿੰਘ ਦੀ ਸਿੱਧੀ ਨਿਗਰਾਨੀ ਹੇਠ ਕੀਤੀ ਗਈ। ਇੰਸਪੈਕਟਰ ਪ੍ਰੀਤੀ ਚੌਹਾਨ ਅਤੇ ਅਮਨ ਕੁਮਾਰ ਦੀ ਅਗਵਾਈ ਹੇਠ ਨਿਗਮ ਦੀ ਟੀਮ ਨੇ ਰੇਲਵੇ ਲਿੰਕ ਰੋਡ ਸਥਿਤ ਲਿਬਰਟੀ ਮਾਰਕੀਟ, ਸੁਲਤਾਨਵਿੰਡ ਰੋਡ ’ਤੇ ਕੋਟ ਬਾਬਾ ਦੀਪ ਸਿੰਘ ਇਲਾਕੇ ਅਤੇ ਬਸੰਤ ਨਗਰ ਇਲਾਕੇ ਵਿੱਚ ਸੜਕਾਂ, ਗਲੀਆਂ, ਫੁੱਟਪਾਥਾਂ ਅਤੇ ਜਨਤਕ ਥਾਵਾਂ ’ਤੇ ਕੀਤੇ ਨਾਜਾਇਜ਼ ਕਬਜ਼ੇ ਹਟਵਾਏ।

