
ਮਾਹਿਲਪੁਰ ਥਾਣੇ ਵੱਲੋਂ ਜ਼ਬਤ ਕੀਤਾ ਕੱਟੇ ਦਰੱਖਤਾਂ ਵਾਲਾ ਟੈਂਪੂ। -ਫੋਟੋ: ਸੇਖੋਂ
ਪੱਤਰ ਪ੍ਰੇਰਕ
ਗੜ੍ਹਸ਼ੰਕਰ, 29 ਨਵੰਬਰ
ਮਾਹਿਲਪੁਰ ਬਲਾਕ ਦੇ ਪਿੰਡ ਪਾਲਦੀ ਦੇ ਸਰਕਾਰੀ ਹਸਪਤਾਲ ਵਿੱਚੋਂ ਜੰਗਲਾਤ ਵਿਭਾਗ ਦੀ ਮਨਜ਼ੂਰੀ ਤੋਂ ਬਿਨਾਂ ਕਰੀਬ ਦਸ ਦਰੱਖਤ ਕੱਟਣ ਕਾਰਨ ਵਾਤਾਵਰਣ ਪ੍ਰੇਮੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਪਿਛਲੇ ਦੋ ਦਿਨਾਂ ਦੌਰਾਨ ਕੱਟੇ ਗਏ ਇਨ੍ਹਾਂ ਦਰੱਖਤਾਂ ਵਿੱਚ ਨਿੰਮ, ਜਾਮਣ, ਪਿੱਪਲ ਸਮੇਤ ਕਈ ਦਰੱਖਤ ਸ਼ਾਮਿਲ ਹਨ। ਦਰੱਖਤਾਂ ਦੇ ਕੱਟੇ ਜਾਣ ਦੀ ਸੂਚਨਾ ਮਿਲਣ ’ਤੇ ਕੱਲ ਦੇਰ ਸ਼ਾਮ ਇਲਾਕਾ ਵਾਸੀ ਹਸਪਤਾਲ ਵਿੱਚ ਇਕੱਠੇ ਹੋ ਗਏ ਜਿਸ ਦੌਰਾਨ ਦਰੱਖਤ ਵੱਢਣ ਵਾਲੇ ਠੇਕੇਦਾਰ ਅਤੇ ਮਜ਼ਦੂਰ ਘਟਨਾ ਸਥਾਨ ਤੋਂ ਰਫਾ ਦਫਾ ਹੋ ਗਏ।
ਪੁਲੀਸ ਨੂੰ ਸੂਚਿਤ ਕਰਨ ’ਤੇ ਮਾਹਿਲਪੁਰ ਪੁਲੀਸ ਨੇ ਵੱਢੇ ਦਰੱਖਤਾਂ ਨੂੰ ਲਿਜਾਉਣ ਵਾਲੇ ਇਕ ਟੈਂਪੂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਸ ਬਾਰੇ ਗੱਲ ਕਰਦਿਆਂ ਵਾਤਾਵਰਣ ਪ੍ਰੇਮੀ ਪ੍ਰਦੀਪ ਕੁਮਾਰ ਅਤੇ ਆਪ ਆਗੂ ਸਰਬਜੀਤ ਸਿੰਘ ਖੜੌਦੀ ਨੇ ਕਿਹਾ ਕਿ ਇਕ ਪਾਸੇ ਸਰਕਾਰ ਵੱਲੋਂ ਵਾਤਾਵਰਣ ਦੀ ਸਾਂਭ ਸੰਭਾਲ ਲਈ ਵੱਧ ਤੋਂ ਵੱਧ ਦਰੱਖਤ ਲਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਦੂਜੇ ਪਾਸੇ ਸਰਕਾਰੀ ਇਮਾਰਤ ਵਿੱਚੋਂ ਦਰੱਖਤਾਂ ਦੀ ਬਿਨਾਂ ਮਨਜ਼ੂਰੀ ਤੋਂ ਨਾਜਾਇਜ਼ ਕਟਾਈ ਕਰਕੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਕਥਿਤ ਮਿਲੀਭੁਗਤ ਨਾਲ ਦਰੱਖਤਾਂ ਦੀ ਕਟਾਈ ਕੀਤੀ ਗਈ ਹੈ ਜਿਸ ਸਬੰਧੀ ਉੱਚ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ ਹੈ।
ਕੀ ਕਹਿੰਦੇ ਨੇ ਅਧਿਕਾਰੀ
ਇਸ ਸਬੰਧੀ ਸਰਕਾਰੀ ਹਸਪਤਾਲ ਦੇ ਐੱਸਐੱਮਓ ਡਾ. ਜਸਵੰਤ ਸਿੰਘ ਬੈਂਸ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਉਨਾਂ ਨੇ ਹਸਪਤਾਲ ਦੇ ਫਾਰਮਾਸਿਸਟ ਵਰਿੰਦਰ ਸਿੰਘ ਨੂੰ ਹਸਪਤਾਲ ਦੀ ਸਾਫ ਸਫਾਈ ਲਈ ਨਿਰਦੇਸ਼ ਦਿੱਤੇ ਸਨ ਪਰ ਦਰੱਖਤਾਂ ਦੀ ਕਟਾਈ ਬਾਰੇ ਉਹ ਅਣਜਾਨ ਹਨ। ਇਸ ਬਾਰੇ ਸਬੰਧਤ ਫਾਰਮਾਸਿਸਟ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦਰੱਖਤਾਂ ਦੀ ਕਟਾਈ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਸਿਵਲ ਸਰਜਨ ਹੁਸ਼ਿਆਰਪੁਰ ਡਾ. ਪ੍ਰੀਤ ਮਹਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਬਾਰੇ ਪਤਾ ਲਗਾਉਣਗੇ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ