Mukerian protest: ਆੜ੍ਹਤੀ ਦੀ ਕੁੱਟਮਾਰ: ਜੈਨ ਸਭਾ ਅਤੇ ਲੋਕਾਂ ਨੇ ਥਾਣਾ ਘੇਰਿਆ
ਪੁਲੀਸ ’ਤੇ ਮੁਲਜ਼ਮਾਂ ਦੇ ਦਬਾਅ ਹੇਠ ਕੰਮ ਕਰਨ ਦਾ ਦੋਸ਼ ਲਾਇਆ
ਸ਼ਹਿਰ ਦੇ ਨਾਮੀਂ ਆੜ੍ਹਤੀ ਅਤੇ ਜੈਨ ਪਰਿਵਾਰ ਦੇ ਮੈਂਬਰ ਨੂੰ ਕਥਿਤ ਅਗਵਾ ਕਰ ਕੇ ਉਸਦੀ ਕੁੱਟਮਾਰ ਕਰਨ ਸਬੰਧੀ ਕੇਸ ਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਕਰਨ ਖ਼ਿਲਾਫ਼ ਸ਼ਹਿਰ ਦੀ ਜੈਨ ਸਭਾ ਦੇ ਨੁਮਾਇੰਦਿਆਂ ਅਤੇ ਸ਼ਹਿਰ ਵਾਸੀਆਂ ਵੱਲੋਂ ਰੋਸ ਮਾਰਚ ਕਰ ਕੇ ਥਾਣੇ ਦਾ ਘਿਰਾਓ ਕਰ ਕੇ ਧਰਨਾ ਦਿੱਤਾ ਗਿਆ। ਜਾਣਕਾਰੀ ਮੁਤਾਬਕ ਸ਼ਹਿਰ ਦੇ ਜੈਨ ਪਰਿਵਾਰ ਦੇ ਪੁੱਤਰ ਸੌਰਵ ਜੈਨ ਵਾਸੀ ਵਾਰਡ ਨੰਬਰ 8, ਬਾਣੀਆ ਮੁਹੱਲਾ, ਮੁਕੇਰੀਆਂ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਸੀ ਕਿ ਉਹ ਅਨਾਜ ਮੰਡੀ ਵਿੱਚ ਕਮਿਸ਼ਨ ਏਜੰਟ ਵਜੋਂ ਕੰਮ ਕਰਦਾ ਹੈ ਅਤੇ ਪੰਚਢੇਰਾ ਕਲਾਂ ਵਿੱਚ ਉਨ੍ਹਾਂ ਦਾ ਸ਼ੈਲਰ ਵੀ ਹੈ। ਉਸ ਨੇ ਦੱਸਿਆ ਕਿ ਬੀਤੀ 22 ਅਗਸਤ ਨੂੰ ਸ਼ਾਮ 6 ਵਜੇ ਜਦੋਂ ਉਹ ਸ਼ੈਲਰ ਤੋਂ ਆਪਣੀ ਕਾਰ ਵਿੱਚ ਘਰ ਵਾਪਸ ਜਾ ਰਿਹਾ ਸੀ ਤਾਂ ਰਸਤੇ ਵਿੱਚ ਕੁਝ ਲੋਕਾਂ ਨੇ ਉਸ ਦੀ ਕਾਰ ਨੂੰ ਰੋਕ ਕੇ ਉਸ ਉੱਤੇ ਕਥਿਤ ਤੌਰ ’ਤੇ ਰਾਡ ਨਾਲ ਹਮਲਾ ਕੀਤਾ ਅਤੇ ਕੁੱਟਮਾਰ ਉਪਰੰਤ ਆਪਣੀ ਕਾਰ ਵਿੱਚ ਜਬਰੀ ਬਿਠਾ ਕੇ ਲੈ ਗਏ। ਇਸ ਦੌਰਾਨ ਉਹ ਕਿਸੇ ਤਰੀਕੇ ਉੱਥੋਂ ਭੱਜਣ ਵਿੱਚ ਸਫਲ ਰਿਹਾ ਜਿਸ ’ਤੇ ਪਰਿਵਾਰ ਵੱਲੋਂ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਇਸ ਮਾਮਲੇ ਵਿੱਚ ਪੁਲੀਸ ਨੇ ਸੌਰਵ ਜੈਨ ਦੇ ਬਿਆਨਾਂ ਉੱਤੇ ਨਿਤੀਸ਼ ਸ਼ਰਮਾ ਸਮੇਤ 8 ਜਣਿਆਂ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਪਰ ਕਥਿਤ ਦੋਸ਼ੀ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਧਰਨਾਕਾਰੀਆਂ ਦਾ ਦੋਸ਼ ਹੈ ਕਿ ਪੁਲੀਸ ਕਥਿਤ ਦੋਸ਼ੀਆਂ ਦੇ ਸਿਆਸੀ ਦਬਾਅ ਹੇਠ ਕੰਮ ਕਰ ਰਹੀ ਹੈ। ਇਸ ਮੌਕੇ ਪੁਲੀਸ ਅਧਿਕਾਰੀਆਂ ਨੇ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਦੋ ਦਿਨਾਂ ਅੰਦਰ ਜਾਂਚ ਮੁਕੰਮਲ ਕਰ ਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨਗੇ ਜਿਸ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ।
ਇਸ ਮੌਕੇ ਵਿਧਾਇਕ ਜੰਗੀ ਲਾਲ ਮਹਾਜਨ, ਸਾਬਕਾ ਵਿਧਾਇਕਾ ਇੰਦੂ ਬਾਲਾ, ਕਾਂਗਰਸੀ ਆਗੂ ਅਮਰਜੀਤ ਸਿੰਘ ਢਾਡੇਕਟਵਾਲ, ਅਜੀਤ ਨਾਰੰਗ, ਰਜੇਸ਼ ਜੈਨ, ਵਿਜੈ ਨਾਰੰਗ, ਵਿਜੈ ਜੈਲ ਬੱਗਾ, ਬਿੱਟੂ ਵਾਲੀਆ, ਮੁਨੀਸ਼ ਜੈਨ, ਪਵਨ ਸ਼ਰਮਾ, ਮਾਸਟਰ ਰਮੇਸ਼ ਚੰਦ, ਬਰਜਿੰਦਰ ਅਗਰਵਾਲ, ਸੰਜੀਵ ਆਨੰਦ, ਮੰਗਲੇਸ਼ ਕੁਮਾਰ ਜੱਜ, ਪੰਮਾ ਪਹਿਲਵਾਨ, ਤਰਸੇਮ ਮਿਨਹਾਸ, ਪ੍ਰਦੀਪ ਪਲਾਹਾ, ਕੰਵਰ ਰਾਕੇਸ਼ ਸਿੰਘ, ਸੁਮਿਤ ਡਡਵਾਲ, ਨੀਰਜ ਜੈਨ ਅਤੇ ਸੱਭਿਆ ਸਾਂਚੀ ਸਮੇਤ ਸ਼ਹਿਰ ਵਾਸੀ ਹਾਜ਼ਰ ਸਨ।
ਪੰਜਢੇਰਾਂ ਕਲਾਂ ਦੇ ਆੜ੍ਹਤੀਆਂ ਨੇ ਵੀ ਧਰਨਾ ਦਿੱਤਾ
ਆੜ੍ਹਤੀ ਅਤੇ ਸ਼ੈਲਰ ਮਾਲਕ ’ਤੇ ਕਥਿਤ ਹਮਲੇ ਖ਼ਿਲਾਫ਼ ਪੰਜਢੇਰਾ ਕਲਾਂ ਦੀ ਅਨਾਜ ਮੰਡੀ ਦੇ ਆੜ੍ਹਤੀਆਂ ਵੱਲੋਂ ਮੁਜ਼ਾਹਰਾ ਕੀਤਾ ਗਿਆ। ਆੜ੍ਹਤੀਆਂ ਨੇ ਕਿਹਾ ਕਿ ਪੁਲੀਸ ਇਸ ਮਾਮਲੇ ਵਿੱਚ ਸ਼ਾਮਲ ਲੋਕਾਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰੇ। ਇਸ ਮੌਕੇ ਆੜ੍ਹਤੀ ਗੁਲਸ਼ਨ ਸਿੰਘ, ਵਿਪਿਨ ਸ਼ਰਮਾ, ਰਵੀ ਮੰਗਲ, ਮਨਿੰਦਰ ਸਿੰਘ, ਨੰਨ੍ਹੀ, ਅਸ਼ੋਕ ਕੁਮਾਰ, ਮਨੋਜ ਕੁਮਾਰ, ਸੋਹਣ ਸਿੰਘ, ਗੁਰਪ੍ਰੀਤ ਸਿੰਘ, ਜਨਕ ਸਿੰਘ, ਇੰਦਰਜੀਤ ਸਿੰਘ ਅਤੇ ਸੁਖਜੀਤ ਸਿੰਘ ਹਾਜ਼ਰ ਸਨ।

