ਨਗਰ ਕੌਂਸਲ ਕਰਤਾਰਪੁਰ ਦੀ ਪ੍ਰਧਾਨਗੀ ਉੱਤੇ ‘ਆਪ’ ਕਾਬਜ਼
ਵਰੁਣ ਬਾਵਾ ਪ੍ਰਧਾਨ, ਰਾਜਵਿੰਦਰ ਕੌਰ ਸੀਨੀਅਰ ਮੀਤ ਪ੍ਰਧਾਨ ਅਤੇ ਜਤਿਨ ਸ਼ਰਮਾ ਮੀਤ ਪ੍ਰਧਾਨ ਬਣੇ
ਨਗਰ ਕੌਂਸਲ ਕਰਤਾਰਪੁਰ ਦੀ ਪ੍ਰਧਾਨਗੀ ਦੀ ਚੋਣ ਕਾਰਜਕਾਰੀ ਕਾਰਜ ਸਾਧਕ ਅਫ਼ਸਰ ਰਾਜੀਵ ਓਬਰਾਏ ਦੀ ਨਿਗਰਾਨੀ ਹੇਠ ਹੋਈ, ਜਿਸ ਵਿੱਚ ਹਲਕਾ ਵਿਧਾਇਕ ਬਲਕਾਰ ਸਿੰਘ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਚੋਣ ਦੌਰਾਨ ਕੌਂਸਲ ਦੇ ਸਾਰੇ 15 ਵਾਰਡਾਂ ਦੇ ਚੁਣੇ ਹੋਏ ਕੌਂਸਲਰ ਹਾਜ਼ਰ ਸਨ। ਇਸ ਮੌਕੇ ਵਾਰਡ ਨੰਬਰ 8 ਤੋਂ ਕੌਂਸਲਰ ਵਰੁਣ ਬਾਵਾ ਨੂੰ ਪ੍ਰਧਾਨ ਚੁਣਿਆ ਗਿਆ, ਜਦਕਿ ਰਾਜਵਿੰਦਰ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਜਤਨ ਸ਼ਰਮਾ (ਯਤਨ ਸ਼ਰਮਾ) ਨੂੰ ਨਿਰਵਿਰੋਧ ਮੀਤ ਪ੍ਰਧਾਨ ਚੁਣਿਆ ਗਿਆ। ਇਸ ਤਰ੍ਹਾਂ ਨਗਰ ਕੌਂਸਲ ’ਤੇ ਆਮ ਆਦਮੀ ਪਾਰਟੀ (ਆਪ) ਕਾਬਜ਼ ਹੋ ਗਈ ਹੈ। ਨਵ-ਨਿਯੁਕਤ ਪ੍ਰਧਾਨ ਵਰੁਣ ਬਾਵਾ ਨੇ ਕਿਹਾ ਕਿ ਉਹ ਵਿਧਾਇਕ ਬਲਕਾਰ ਸਿੰਘ ਦੀ ਅਗਵਾਈ ਹੇਠ ਸ਼ਹਿਰ ਦੇ ਵਿਕਾਸ ਲਈ ਹਰ ਸੰਭਵ ਯਤਨ ਕਰਨਗੇ।
ਉਨ੍ਹਾਂ ਦੀਆਂ ਮੁੱਖ ਤਰਜੀਹਾਂ ਵਿੱਚ ਸ਼ਹਿਰ ਵਾਸੀਆਂ ਨੂੰ ਸਾਫ਼-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣਾ, ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਦਾ ਸੁਚੱਜਾ ਪ੍ਰਬੰਧ ਕਰਨਾ ਅਤੇ ਸਾਫ਼-ਸਫ਼ਾਈ ਸ਼ਾਮਲ ਹਨ। ਇਸ ਤੋਂ ਇਲਾਵਾ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਚਾਉਣ ਲਈ ਸੀਵਰੇਜ ਟਰੀਟਮੈਂਟ ਪਲਾਂਟ ਦੇ ਪਾਣੀ ਨੂੰ ਖੇਤੀ ਲਈ ਵਰਤਣ ਵਾਸਤੇ ਕਿਸਾਨਾਂ ਨਾਲ ਸੰਪਰਕ ਕੀਤਾ ਜਾਵੇਗਾ। ਸੀਨੀਅਰ ਮੀਤ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਨੇ ਕਿਹਾ ਕਿ ਉਹ ਸ਼ਹਿਰ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲੀਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਟੀਮ ਗਠਿਤ ਕਰਵਾਉਣਗੇ ਅਤੇ ਮਹਿਲਾ ਪੁਲੀਸ ਦੀ ਨਫ਼ਰੀ ਵਧਾਉਣਗੇ। ਵਿਧਾਇਕ ਨੇ ਨਵੀਂ ਚੁਣੀ ਟੀਮ ਨੂੰ ਵਧਾਈ ਦਿੰਦਿਆਂ ਭਰੋਸਾ ਦਿੱਤਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਫਿਲੌਰ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਮੁਲਤਵੀ
ਫਿਲੌਰ (ਸਰਬਜੀਤ ਗਿੱਲ): ਸਥਾਨਕ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਅੱਜ ਦਿਲਚਸਪ ਸਿਆਸੀ ਘਟਨਾਕ੍ਰਮ ਤੋਂ ਬਾਅਦ ਮੁਲਤਵੀ ਕਰ ਦਿੱਤੀ ਗਈ। ‘ਆਪ’ ਆਜ਼ਾਦ ਕੌਂਸਲਰ ਨੂੰ ਨਾਲ ਰਲਾ ਕੇ ਅੱਠ ਕੌਂਸਲਰਾਂ ਨਾਲ ਬਹੁਮਤ ਦਾ ਦਾਅਵਾ ਕੀਤਾ ਸੀ। ਇੰਨ੍ਹਾਂ ਅੱਠ ਕੌਂਸਲਰਾਂ ਨੇ ‘ਆਪ’ ਦੇ ਹਲਕਾ ਇੰਚਾਰਜ ਬੀਬੀ ਹਰਜੋਤ ਕੌਰ ਲੋਹਟੀਆ ਨਾਲ ਤਸਵੀਰ ਵੀ ਖਿਚਵਾਈ ਪਰ ਚੋਣ ਸਮੇਂ ਕਾਂਗਰਸੀ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਫਿਲਮੀ ਅੰਦਾਜ਼ ਵਿੱਚ ਸੱਤਾਧਾਰੀ ਪਾਰਟੀ ਦੇ ਤਿੰਨ ਵਾਰ ਦੇ ਕੌਂਸਲਰ ਸ਼ੰਕਰ ਸੰਧੂ ਦਾ ਨਾਂ ਪ੍ਰਧਾਨ ਵਜੋਂ ਤਜਵੀਜ਼ ਕਰ ਦਿੱਤਾ। ਸ਼ੰਕਰ ਸੰਧੂ ਵੱਲੋਂ ਪਾਰਟੀ ’ਤੇ ਅਣਦੇਖੀ ਦਾ ਇਲਜ਼ਾਮ ਲਾਉਂਦਿਆਂ ਦੂਜੇ ਪਾਸੇ ਜਾਣ ਨਾਲ ਵਿਧਾਇਕ ਦੀ ਵੋਟ ਸਮੇਤ ਦੋਵਾਂ ਧਿਰਾਂ ਕੋਲ ਅੱਠ -ਅੱਠ ਦੀ ਬਰਾਬਰ ਗਿਣਤੀ ਹੋ ਗਈ। ਅਮਨ-ਕਾਨੂੰਨ ਦੀ ਸਥਿਤੀ ਨੂੰ ਦੇਖਦਿਆਂ ਐੱਸ ਡੀ ਐੱਮ ਨੇ ਚੋਣ ਮੁਲਤਵੀ ਕਰ ਦਿੱਤੀ। ਇਸ ’ਤੇ ਵਿਧਾਇਕ ਨੇ ਇਤਰਾਜ਼ ਜਤਾਇਆ। ਹੁਣ ਜਲਦ ਹੀ ਚੋਣ ਲਈ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ।
