ਸੁਰਜੀਤ ਮਜਾਰੀ
ਨਵਾਂ ਸ਼ਹਿਰ, 22 ਸਤੰਬਰ
ਇੱਥੋਂ ਕਾਂਗਰਸ ਦੇ ਸਾਬਕਾ ਵਿਧਾਇਕ ਅੰਗਦ ਸਿੰਘ ਨੇ ਅੱਜ ਆਪਣੀ ਰਿਹਾਇਸ਼ ’ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੱਤਾਧਾਰੀ ਧਿਰ ਉੱਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਸੱਤਾਧਾਰੀਆਂ ਵੱਲੋਂ ਕਾਂਗਰਸ ਦੇ ਕੌਂਸਲਰਾਂ ਦੇ ਪਰਿਵਾਰ ਅਤੇ ਕਾਰੋਬਾਰ ਨਿਸ਼ਾਨਾ ਬਣਾ ਕੇ ਉਨ੍ਹਾਂ ਨੂੰ ‘ਆਪ’ ਦੇ ਹੱਕ ਵਿੱਚ ਭੁਗਤਣ ਲਈ ਹਰ ਤਰ੍ਹਾਂ ਦੇ ਹੱਥ ਕੰਡੇ ਵਰਤੇ ਜਾ ਰਹੇ ਹਨ।
ਇਸ ਦੇ ਨਾਲ ਹੀ ਨਗਰ ਕੌਂਸਲ ਦੇ ਪ੍ਰਧਾਨ ਸਚਿਨ ਦੀਵਾਨ ਦੀ ਬਰਖ਼ਾਸਤੀ ਪਿੱਛੇ ਵੀ ਸੱਤਾਧਾਰੀਆਂ ਦਾ ਹੱਥ ਹੋਣ ਦਾ ਮਾਮਲਾ ਚੁੱਕਦਿਆਂ ਅੰਗਦ ਸਿੰਘ ਨੇ ਕਿਹਾ ਕਿ ਇਸ ਸਬੰਧੀ ਹੁਣ ਅਦਾਲਤ ਅੰਦਰ ਸਾਰਾ ਕੱਚ-ਸੱਚ ਨਿਖਾਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਵਿਕਾਸ ਕਾਰਜ ਬੁਰੀ ਤਰ੍ਹਾਂ ਠੱਪ ਹਨ ਅਤੇ ਸੱਤਾਧਾਰੀ ਸਿਆਸੀ ਲਾਹਾ ਲੈਣ ਲਈ ਕਾਂਗਰਸ ਦੇ ਕੌਂਸਲਰ ਤੋੜਨ ਲੱਗੇ ਹੋਏ ਹਨ। ਉਨ੍ਹਾਂ ਸੱਤਧਾਰੀਆਂ ਨੂੰ ਪਿੰਡਾਂ ਦੇ ਵਿਕਾਸ ਕੰਮਾਂ ਵਿੱਚ ਸਿਆਸੀ ਦਖ਼ਲ ਬੰਦ ਕਰਨ ਦੀ ਵੀ ਚਿਤਾਵਨੀ ਦਿੱਤੀ।
ਇਸ ਮੌਕੇ ਸਚਿਨ ਦੀਵਾਨ, ਕੇਵਲ ਸਿੰਘ ਮੰਗੂਵਾਲ, ਕੁਲਵੰਤ ਕੌਰ, ਜੁਗਿੰਦਰ ਸਿੰਘ, ਰਮਨ ਆਦਿ ਹਾਜ਼ਰ ਸਨ। ਦੱਸਣਯੋਗ ਹੈ ਕਿ ਨਵਾਂ ਸ਼ਹਿਰ ਦੀ ਨਗਰ ਕੌਂਸਲ ਬਹੁਮਤ ਨਾ ਹੋਣ ਕਾਰਨ ਖਿੰਡ ਚੁੱਕੀ ਹੈੈ।