‘ਆਪ’ ਵੱਲੋਂ ਭਾਜਪਾ ਪ੍ਰਧਾਨ ਦੇ ਘਰ ਨੇੜੇ ਧਰਨਾ
ਆਮ ਆਦਮੀ ਪਾਰਟੀ ਵੱਲੋਂ ਅੱਜ ਪਠਾਨਕੋਟ ਦੇ ਵਿਧਾਇਕ ਅਤੇ ਭਾਜਪਾ ਦੇ ਸੂਬਾਈ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਇਸ ਵਿੱਚ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਸੰਧੂ, ਹਲਕਾ ਪ੍ਰਧਾਨ ਅਮਿਤ ਸਿੰਘ ਮੰਟੂ, ਚੇਅਰਮੈਨ ਵਿਕਾਸ ਸੈਣੀ ਤੇ ਸੌਰਭ...
ਆਮ ਆਦਮੀ ਪਾਰਟੀ ਵੱਲੋਂ ਅੱਜ ਪਠਾਨਕੋਟ ਦੇ ਵਿਧਾਇਕ ਅਤੇ ਭਾਜਪਾ ਦੇ ਸੂਬਾਈ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਇਸ ਵਿੱਚ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਸੰਧੂ, ਹਲਕਾ ਪ੍ਰਧਾਨ ਅਮਿਤ ਸਿੰਘ ਮੰਟੂ, ਚੇਅਰਮੈਨ ਵਿਕਾਸ ਸੈਣੀ ਤੇ ਸੌਰਭ ਬਹਿਲ, ਆਦਿੱਤਿਆ ਸ਼ਰਮਾ, ਜ਼ਿਲ੍ਹਾ ਪਰਿਸ਼ਦ ਮੈਂਬਰ ਸਾਹਿਬ ਸਿੰਘ ਸਾਬਾ, ਮਿੱਠੂ, ਸੁਰਿੰਦਰ ਮਨਹਾਸ ਆਦਿ ਆਗੂ ਹਾਜ਼ਰ ਸਨ। ਪੁਲੀਸ ਨੇ ‘ਆਪ’ ਪਾਰਟੀ ਦੇ ਆਗੂਆਂ ਨੂੰ ਰੋਕਣ ਲਈ ਨਾਕਾਬੰਦੀ ਕਰ ਦਿੱਤੀ ਸੀ। ਉਨ੍ਹਾਂ ਨੂੰ ਅਸ਼ਵਨੀ ਸ਼ਰਮਾ ਦੀ ਰਿਹਾਇਸ਼ ਤੱਕ ਪਹੁੰਚਣ ਤੋਂ ਰੋਕ ਦਿੱਤਾ ਗਿਆ। ਇਸ ਕਰ ਕੇ ਉੱਥੇ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਸ਼ਵਨੀ ਸ਼ਰਮਾ ਵਿਰੁੱਧ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਸੰਧੂ ਅਤੇ ਅਮਿਤ ਸਿੰਘ ਮੰਟੂ ਨੇ ਕਿਹਾ ਕਿ ਭਾਜਪਾ ਦਾ ਪਾਰਟੀ ਵਿਰੁੱਧ ਕੋਈ ਮੁੱਦਾ ਨਹੀਂ ਹੈ ਅਤੇ ਉਹ ਜਨਤਾ ਨੂੰ ਗੁਮਰਾਹ ਕਰਨ ਲਈ ਸਿਰਫ਼ ਮਨਘੜਤ ਕਹਾਣੀਆਂ ਬਣਾ ਰਹੀ ਹੈ। ਭਾਜਪਾ ਅਤੇ ਕਾਂਗਰਸ ਵੀਡੀਓਜ਼ ਨੂੰ ਐਡਿਟ ਕਰਨ ਅਤੇ ਸੋਸ਼ਲ ਮੀਡੀਆ ’ਤੇ ‘ਆਪ’ ਦੀ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਆਗੂਆਂ ਵਿਰੁੱਧ ਝੂਠੇ ਸੁਨੇਹੇ ਫੈਲਾਉਣ ਲਈ ਏ ਆਈ ਦੀ ਵਰਤੋਂ ਕਰ ਰਹੇ ਹਨ। ਇਸ ਦੀ ਪੂਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਵੀਡੀਓਜ਼ ਵਾਇਰਲ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਭਾਜਪਾ ਅਜਿਹੀ ਰਾਜਨੀਤੀ ਖੇਡਣਾ ਬੰਦ ਨਹੀਂ ਕਰਦੀ ਅਤੇ ਮੁਆਫ਼ੀ ਨਹੀਂ ਮੰਗਦੀ, ਉਦੋਂ ਤੱਕ ‘ਆਪ’ ਪਾਰਟੀ ਵਿਰੋਧ ਪ੍ਰਦਰਸ਼ਨ ਕਰਦੀ ਰਹੇਗੀ। ਕਰੀਬ ਦੋ ਘੰਟਿਆਂ ਬਾਅਦ ‘ਆਪ’ ਆਗੂਆਂ ਨੇ ਆਪਣਾ ਪ੍ਰਦਰਸ਼ਨ ਸਮਾਪਤ ਕੀਤਾ।

