Pharmacy Paper Leak ਮਾਮਲੇ ’ਤੇ ‘ਆਪ’ ਸਰਕਾਰ ਘੇਰੀ
ਭਾਜਪਾ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਮੰਗੀ; ਦਿੱਲੀ ਅਤੇ ਪੰਜਾਬ ਵਿੱਚ ‘ਆਪ’ ਦੇ ਦੋਹਰੇ ਮਾਪਦੰਡਾਂ ’ਤੇ ਸਵਾਲ ਚੁੱਕੇ
ਫਾਰਮੇਸੀ ਪੇਪਰ ਲੀਕ ਮਾਮਲੇ ਦੇ ਰੋਸ ਵਜੋਂ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਪਾਰਟੀ ਆਗੂ ਸਤੀਸ਼ ਬਾਵਾ ਦੀ ਅਗਵਾਈ ਹੇਠ ਘੰਟਾ ਘਰ ਚੌਕ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਮੁਜ਼ਾਹਰਾਕਾਰੀਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫ਼ੇ ਦੀ ਮੰਗ ਕੀਤੀ।
ਸਤੀਸ਼ ਬਾਵਾ ਨੇ ਆਮ ਆਦਮੀ ਪਾਰਟੀ ਉੱਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਦਿੱਲੀ ਵਿੱਚ ਪਾਰਟੀ ਆਗੂ ਪੇਪਰ ਲੀਕ ਮਾਮਲੇ ਵਿੱਚ ਕੇਂਦਰ ਸਰਕਾਰ ਦਾ ਵਿਰੋਧ ਕਰ ਰਹੇ ਹਨ, ਜਦਕਿ ਪੰਜਾਬ ਵਿੱਚ ਐੱਸ ਐੱਸ ਬੋਰਡ, ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਫਾਰਮੇਸੀ ਦੇ ਪੇਪਰ ਲਗਾਤਾਰ ਲੀਕ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਦਲਿਤਾਂ ਅਤੇ ਔਰਤਾਂ ਦੀ ਹਿਤੈਸ਼ੀ ਦੱਸਣ ਵਾਲੀ ਸਰਕਾਰ ਇਨ੍ਹਾਂ ਵਰਗਾਂ ਉੱਤੇ ਲਾਠੀਚਾਰਜ ਕਰਵਾ ਰਹੀ ਹੈ। ਉਨ੍ਹਾਂ ਪੰਜਾਬ ਦੇ ਵਿਗੜ ਰਹੇ ਹਾਲਾਤ ਲਈ ਮਾਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਨੈਤਿਕ ਆਧਾਰ ਉੱਤੇ ਅਸਤੀਫ਼ਾ ਦੇਣ ਦੀ ਮੰਗ ਕੀਤੀ।
ਇਸ ਰੋਸ ਪ੍ਰਦਰਸ਼ਨ ਵਿੱਚ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ, ਸਾਬਕਾ ਮੰਤਰੀ ਤੀਕਸ਼ਣ ਸੂਦ, ਮਹਿੰਦਰ ਕੌਰ ਜੋਸ਼, ਸਾਬਕਾ ਮੇਅਰ ਸ਼ਿਵ ਸੂਦ, ਡਾ. ਦਿਲਬਾਗ ਰਾਏ, ਵਿਜੈ ਪਠਾਣੀਆ, ਸੁਰੇਸ਼ ਭਾਟੀਆ ਬਿੱਟੂ, ਵਿਨੋਦ ਪਰਮਾਰ, ਅਸ਼ਵਨੀ ਗੈਂਦ ਅਤੇ ਅਰਚਨਾ ਜੈਨ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਮੌਜੂਦ ਸਨ।

