DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੇਅਦਬੀ ਦੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਲਈ ਥਾਣੇ ਅੱਗੇ ਪੱਕਾ ਮੋਰਚਾ

ਪਿੰਡ ਪੱਤੜ ਕਲਾਂ ਵਾਸੀਆਂ ਨੇ ਕਰਤਾਰਪੁਰ ਪੁਲੀਸ ’ਤੇ ਪੱਖਪਾਤੀ ਰਵੱਈਆ ਅਪਣਾਉਣ ਦੇ ਦੋਸ਼ ਲਾਏ

  • fb
  • twitter
  • whatsapp
  • whatsapp
featured-img featured-img
ਰਾਤ ਸਮੇਂ ਥਾਣਾ ਕਰਤਾਰਪੁਰ ਅੱਗੇ ਧਰਨਾ ਦਿੰਦੇ ਹੋਏ ਲੋਕ।
Advertisement

ਪਿੰਡ ਪੱਤੜ ਕਲਾਂ ਵਿੱਚ ਭਗਵਾਨ ਵਾਲਮੀਕਿ ਦੇ ਨਿਸ਼ਾਨ ਸਾਹਿਬ ਦੀ ਭੰਨ-ਤੋੜ ਕਰਨ ਅਤੇ ਬੇਅਦਬੀ ਕਰਵਾਉਣ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਵਾਉਣ ਲਈ ਜਨਤਕ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਪੁਲੀਸ ਅਧਿਕਾਰੀਆਂ ਦੇ ਕਥਿਤ ਪੱਖਪਾਤੀ ਵਤੀਰੇ ਖ਼ਿਲਾਫ਼ ਥਾਣੇ ਸਾਹਮਣੇ ਸੜਕ ਉੱਤੇ ਜਾਮ ਲਾ ਕੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ। ਇਹ ਮੋਰਚਾ ਦੁਪਹਿਰ 2:30 ਵਜੇ ਤੋਂ ਸ਼ੁਰੂ ਹੋਇਆ ਜੋ ਰਾਤ ਤੱਕ ਜਾਰੀ ਸੀ। ਇਸ ਮੌਕੇ ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਕੇਸ ਦਰਜ ਨਹੀਂ ਕੀਤਾ ਜਾਂਦਾ, ਉਦੋਂ ਤੱਕ ਧਰਨਾ ਜਾਰੀ ਰਹੇਗਾ। ਇਸ ਮੌਕੇ ਪਿੰਡ ਵਾਸੀ ਸਰਬਜੀਤ ਸਿੰਘ, ਸਨੀ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਸੰਨ 1974 ’ਚ ‘ਬੇਘਰਿਆਂ ਨੂੰ ਘਰ ਸਕੀਮ’ ਤਹਿਤ ਸਰਕਾਰ ਵੱਲੋਂ ਐੱਸ ਸੀ ਭਾਈਚਾਰੇ ਨਾਲ ਸਬੰਧਤ 100 ਤੋਂ ਵੱਧ ਬਜ਼ੁਰਗਾਂ ਨੂੰ ਪੰਚਾਇਤੀ ਜ਼ਮੀਨ ’ਚੋਂ 4-4 ਮਰਲੇ ਦੇ ਰਿਹਾਇਸ਼ੀ ਪਲਾਟ ਅਲਾਟ ਹੋਏ ਸਨ, ਜਿਸ ਦੇ ਇੰਤਕਾਲ ਵੀ ਮਾਲ ਮਹਿਕਮੇ ਦੇ ਰਿਕਾਰਡ ਵਿੱਚ ਦਰਜ ਹਨ। ਇਨ੍ਹਾਂ ਪਲਾਟਾਂ ਵਾਲੀ ਜ਼ਮੀਨ ਪਾਸ ਪਾਠ ਪੂਜਾ ਅਤੇ ਸੇਵਾ ਲਈ ਵਾਲਮੀਕਿ ਭਾਈਚਾਰੇ ਵੱਲੋਂ ਭਗਵਾਨ ਵਾਲਮੀਕਿ ਦੀ ਮੂਰਤੀ ਸਥਾਪਤ ਕਰ ਕੇ ਨਿਸ਼ਾਨ ਸਾਹਿਬ ਲਗਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬੀਤੀ 31 ਮਾਰਚ ਨੂੰ ਭਗਵਾਨ ਵਾਲਮੀਕਿ ਜੀ ਦੇ ਸਥਾਨ ਉੱਤੇ ਕਿਸੇ ਵੱਲੋਂ ਨਿਸ਼ਾਨ ਸਾਹਿਬ ਦੀ ਭੰਨ-ਤੋੜ ਕਰ ਕੇ ਬੇਅਦਬੀ ਕੀਤੀ ਹੋਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਬੀਤੀ 28 ਮਾਰਚ ਨੂੰ ਇਸ ਸਥਾਨ ਉੱਤੇ ਪਿੰਡ ਦੇ ਕੁੱਝ ਲੋਕ ਆਏ ਸਨ, ਜੋ ਉਨ੍ਹਾਂ ਨੂੰ ਧਮਕੀਆਂ ਦੇ ਕੇ ਗਏ ਸਨ। ਪਿੰਡ ਵਾਸੀਆਂ ਨੇ ਦੱਸਿਆ ਕਿ ਥਾਣਾ ਮੁਖੀ ਵੱਲੋਂ ਤਿੰਨ ਦਿਨ ਪਹਿਲਾਂ ਕਈ ਘੰਟੇ ਉਨ੍ਹਾਂ ਨਾਲ ਗੱਲਬਾਤ ਕਰ ਕੇ ਇੱਕ ਘੰਟੇ ਵਿੱਚ ਕੇਸ ਦਰਜ ਕਰਨ ਲਈ ਉਨ੍ਹਾਂ ਪਾਸੋਂ ਲਿਖਤੀ ਦਰਖ਼ਾਸਤ ਲੈ ਲਈ ਗਈ ਸੀ, ਜਿਸ ਵਿੱਚ ਉਨ੍ਹਾਂ ਵਿਅਕਤੀਆਂ ਦੇ ਨਾਂ ਦਰਜ ਕੀਤੇ ਗਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਬੇਅਦਬੀ ਕਰਵਾਉਣ ਦਾ ਸਾਜ਼ਿਸ਼ਕਰਤਾ ਵਿਅਕਤੀ ਸੱਤਾਧਾਰੀ ਧਿਰ ਨਾਲ ਸਬੰਧਤ ਹੋਣ ਕਾਰਨ ਉੱਚ ਸਿਆਸੀ ਦਬਾਅ ਹੇਠ ਪੁਲੀਸ ਕੇਸ ਦਰਜ ਕਰਨ ਤੋਂ ਇਨਕਾਰੀ ਹੈ। ਆਗੂਆਂ ਨੇ ਦੋਸ਼ ਲਗਾਇਆ ਕਿ ਜਥੇਬੰਦੀਆਂ ਦੀ ਅਗਵਾਈ ਹੇਠ ਵੱਡੀ ਗਿਣਤੀ ਮਰਦ ਤੇ ਔਰਤਾਂ ਜਦੋਂ ਥਾਣਾ ਕਰਤਾਰਪੁਰ ਪੁੱਜੇ ਤਾਂ ਪੁਲੀਸ ਅਧਿਕਾਰੀਆਂ ਨੇ ਥਾਣੇ ਦੇ ਗੇਟ ਨੂੰ ਜਿੰਦਰਾ ਮਾਰ ਕੇ ਬੰਦ ਕਰ ਲਿਆ। ਇਸ ਮੌਕੇ ਵਾਲਮੀਕਿ ਮਜ਼ਬੀ ਸਿੱਖ ਮੋਰਚਾ ਦੇ ਪ੍ਰਧਾਨ ਮਹਿੰਦਰ ਸਿੰਘ ਹਮੀਰਾ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਯੂਨੀਅਨ ਦੇ ਯੂਥ ਵਿੰਗ ਦੇ ਆਗੂ ਗੁਰਪ੍ਰੀਤ ਸਿੰਘ ਚੀਦਾ, ਆਦਿਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਦੇ ਕੌਮੀ ਚੇਅਰਮੈਨ ਜੋਗਿੰਦਰ ਸਿੰਘ ਮਾਨ, ਪੰਜਾਬ ਖੇਤ ਮਜ਼ਦੂਰ ਸਭਾ ਦੇ ਵੀਰ ਕੁਮਾਰ ਅਤੇ ਜੌਰਜ ਚੰਦ ਪਾੜਾ ਨੇ ਸੰਬੋਧਨ ਕੀਤਾ।

ਧਰਨਾਕਾਰੀਆਂ ਨਾਲ ਲਗਾਤਾਰ ਗੱਲਬਾਤ: ਡੀ ਐੱਸ ਪੀ

ਡੀ ਐੱਸ ਪੀ ਨਰਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਥਾਣੇ ਅੱਗੇ ਧਰਨੇ ਸਬੰਧੀ ਉੱਚ ਅਫ਼ਸਰ ਧਰਨਾਕਾਰੀਆਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਲਦ ਮਸਲੇ ਦਾ ਹੱਲ ਕਰ ਕੇ ਨਿਆਂ ਦਿੱਤਾ ਜਾਵੇਗਾ।

Advertisement
Advertisement
×