ਹੁਸ਼ਿਆਰਪੁਰ: 3 ਜੂਨ ਮਾਪਿਆਂ ਦੀ ਮਰਜ਼ੀ ਦੇ ਖਿਲਾਫ਼ ਪ੍ਰੇਮ ਵਿਆਹ ਕਰਾਉਣ ਵਾਲੇ ਜੋੜੇ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵਿਆਹ ਮੌਕੇ ਮਾਸਕ ਨਾ ਪਹਿਨਣ ਦੇ ਜੁਰਮ ਵਿੱਚ 10 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਜੁਰਮਾਨੇ ਦੀ ਰਕਮ 15 ਦਿਨਾਂ ਦੇ ਅੰਦਰ-ਅੰਦਰ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਕੋਲ ਜਮ੍ਹਾਂ ਕਰਾਉਣੀ ਪਵੇਗੀ। ਇਹ ਰਕਮ ਜ਼ਿਲ੍ਹੇ ਦੀ ਜਨਤਾ ਨੂੰ ਮਾਸਕ ਮੁਹੱਈਆ ਕਰਵਾਉਣ ਲਈ ਖਰਚੀ ਜਾਵੇਗੀ। ਹੁਸ਼ਿਆਰਪੁਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਨਾਲ ਸਬੰਧਤ ਇਸ ਜੋੜੇ ਨੇ ਮੰਗਲਵਾਰ ਨੂੰ ਆਪਣੀ ਜਾਨ ਦੀ ਰੱਖਿਆ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਅਦਾਲਤ ਨੇ ਗੁਰਦਾਸਪੁਰ ਪੁਲੀਸ ਨੂੰ ਇਨ੍ਹਾਂ ਦੀ ਸੁਰੱਖਿਆ ਅਤੇ ਅਜ਼ਾਦੀ ਲਈ ਜ਼ਰੂਰੀ ਕਦਮ ਚੁੱਕਣ ਦੀ ਹਦਾਇਤ ਤਾਂ ਕਰ ਦਿੱਤੀ ਪਰ ਪਟੀਸ਼ਨ ਨਾਲ ਲਗਾਈਆਂ ਫ਼ੋਟੋਆਂ ਦਾ ਨੋਟਿਸ ਲੈਂਦਿਆਂ ਵਿਆਹ ਮੌਕੇ ਮੁੰਡਾ, ਕੁੜੀ ਅਤੇ ਹੋਰ ਵਿਅਕਤੀਆਂ ਵਲੋਂ ਮਾਸਕ ਨਾ ਪਹਿਨ ਕੇ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਦੇ ਜੁਰਮ ਲਈ 10 ਹਜ਼ਾਰ ਰੁਪਏ ਜੁਰਮਾਨਾ ਵੀ ਲਗਾ ਦਿੱਤਾ। ਜਸਟਿਸ ਹਰੀ ਪਾਲ ਦੀ ਅਦਾਲਤ ਨੇ ਇਹ ਫ਼ੈਸਲਾ ਸੁਣਾਇਆ। –ਪੱਤਰ ਪੇ੍ਰਕ