ਪੱਤਰ ਪ੍ਰੇਰਕ
ਫਗਵਾੜਾ, 24 ਸਤੰਬਰ
ਇੱਥੋਂ ਦੇ ਇੱਕ ਪ੍ਰਮੁੱਖ ਮਨੀਚੇਂਜਰ ਤੋਂ ਪੈਸਿਆਂ ਦੀ ਮੰਗ ਕਰਨ ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਸਬੰਧ ਵਿੱਚ ਸਿਟੀ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਐੱਸਐੱਚਓ ਸਿਟੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਮਿਤ ਕੁਮਾਰ ਸ਼ੁਕਲਾ ਪੁੱਤਰ ਮਹਿੰਦਰਪਾਲ ਸ਼ੁਕਲਾ ਵਾਸੀ ਗੁਰੂ ਹਰਕ੍ਰਿਸ਼ਨ ਨਗਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 26 ਅਗਸਤ ਰਾਤ ਨੂੰ ਉਹ ਆਪਣੇ ਪਰਿਵਾਰ ਸਮੇਤ ਹਵੇਲੀ ਤੋਂ ਖਾਣਾ ਖਾ ਕੇ ਘਰ ਆ ਰਿਹਾ ਸੀ ਤਾਂ ਇੱਕ ਫਾਰਚੂਨਰ ਗੱਡੀ ਨੇ ਉਸ ਦਾ ਪਿੱਛਾ ਕੀਤਾ ਪਰ ਉਹ ਆਪਣੇ ਘਰ ’ਚ ਵੜ ਗਿਆ। ਹੁਣ 9 ਸਤੰਬਰ ਨੂੰ ਇੱਕ ਵ੍ਹਟਸਐਪ ਨੰਬਰ ਤੋਂ ਫ਼ੋਨ ਆਇਆ ਤੇ ਉਕਤ ਵਿਅਕਤੀ ਨੇ ਉਸ ਨੂੰ ਤੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਿਆਂ ਪੈਸਿਆਂ ਦੀ ਮੰਗ ਕੀਤੀ। ਉੱਧਰ, ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਬੰਧ ਵਿੱਚ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਗਈ ਹੈ ਅਤੇ ਛੇਤੀ ਹੀ ਮੁਲਜ਼ਮ ਦਾ ਪਤਾ ਲਗਾ ਕਿ ਉਸ ਨੂੰ ਕਾਬੂ ਕਰ ਲਿਆ ਜਾਵੇਗਾ।