ਇੱਕ ਦਿਨ ’ਚ ਪਰਾਲੀ ਸਾੜਨ ਦੇ 95 ਮਾਮਲੇ ਸਾਹਮਣੇ ਆਏ
ਪਰਾਲੀ ਸਾੜਨ ਵਿਰੁੱਧ ਕਾਰਵਾਈ ਦੌਰਾਨ ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੇ ਦੋਸ਼ ਹੇਠ ਕਿਸਾਨਾਂ ਵਿਰੁੱਧ ਇੱਕ ਦਿਨ ਵਿੱਚ 95 ਐੱਫ ਆਈ ਆਰਜ਼ ਦਰਜ ਕੀਤੀਆਂ ਹਨ। ਵੱਖ-ਵੱਖ ਪਿੰਡਾਂ ਵਿੱਚ ਫਸਲਾਂ ਦੀ...
ਪਰਾਲੀ ਸਾੜਨ ਵਿਰੁੱਧ ਕਾਰਵਾਈ ਦੌਰਾਨ ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੇ ਦੋਸ਼ ਹੇਠ ਕਿਸਾਨਾਂ ਵਿਰੁੱਧ ਇੱਕ ਦਿਨ ਵਿੱਚ 95 ਐੱਫ ਆਈ ਆਰਜ਼ ਦਰਜ ਕੀਤੀਆਂ ਹਨ। ਵੱਖ-ਵੱਖ ਪਿੰਡਾਂ ਵਿੱਚ ਫਸਲਾਂ ਦੀ ਰਹਿੰਦ-ਖੂੰਹਦ ਸਾੜਨ ਦੀਆਂ ਘਟਨਾਵਾਂ ਨੂੰ ਦਰਸਾਉਂਦੀਆਂ ਸੈਟੇਲਾਈਟ ਤਸਵੀਰਾਂ ਦੇ ਆਧਾਰ ’ਤੇ ਇਹ ਮਾਮਲੇ ਦਰਜ ਕੀਤੇ ਗਏ ਹਨ। ਜ਼ਿਆਦਾਤਰ ਮਾਮਲੇ ਅਣਪਛਾਤਿਆਂ ਵਿਰੁੱਧ ਦਰਜ ਕੀਤੇ ਗਏ ਸਨ ਪਰ ਤਿੰਨ ਵੱਖ-ਵੱਖ ਮਾਮਲਿਆਂ ਵਿੱਚ ਚਾਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ। ਇਨ੍ਹਾਂ ਵਿੱਚ ਸੁਖਦੇਵ ਸਿੰਘ ਤੇ ਗੁਰਵਿੰਦਰ ਸਿੰਘ, ਦੋਵੇਂ ਵਰਪਾਲ ਪਿੰਡ ਦੇ ਵਸਨੀਕ ਹਨ ਅਤੇ ਇਨ੍ਹਾਂ ਖ਼ਿਲਾਫ਼ ਚਾਟੀਵਿੰਡ ਪੁਲੀਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ। ਇਸ ਦੌਰਾਨ ਹਰਪਾਲ ਸਿੰਘ ਅਤੇ ਕੁਲਵੰਤ ਸਿੰਘ, ਦੋਵੇਂ ਮਜੀਠਾ ਦੇ ਵਸਨੀਕ, ਨੂੰ ਮਜੀਠਾ ਪੁਲੀਸ ਨੇ ਨਾਮਜ਼ਦ ਕੀਤਾ। ਸਾਰੇ ਥਾਣਿਆਂ ਵਿੱਚੋਂ, ਚਾਟੀਵਿੰਡ ਵਿੱਚ ਸਭ ਤੋਂ ਵੱਧ 18 ਐੱਫ ਆਈ ਆਰ ਦਰਜ ਕੀਤੀਆਂ ਗਈਆਂ ਸਨ।
ਇਸ ਤੋਂ ਬਾਅਦ ਅਜਨਾਲਾ ਪੁਲੀਸ ਸਟੇਸ਼ਨ ਵਿੱਚ 15 ਕੇਸ ਦਰਜ ਕੀਤੇ ਗਏ ਸਨ। ਝੰਡੇਰ, ਬਿਆਸ ਅਤੇ ਮੱਤੇਵਾਲ ਪੁਲੀਸ ਥਾਣਿਆਂ ਨੇ 10-10 ਐੱਫ ਆਈ ਆਰਜ਼ ਦਰਜ ਕੀਤੀਆਂ। ਕੰਬੋਹ ਪੁਲੀਸ ਸਟੇਸ਼ਨ ਨੇ ਸੱਤ ਮਾਮਲੇ ਦਰਜ ਕੀਤੇ, ਜਦੋਂ ਕਿ ਰਾਮਦਾਸ ਅਤੇ ਮਹਿਤਾ ਪੁਲੀਸ ਥਾਣਿਆਂ ਨੇ ਪੰਜ-ਪੰਜ ਐੱਫ ਆਈ ਆਰਜ਼ ਦਰਜ ਕੀਤੀਆਂ। ਰਾਜਾਸਾਂਸੀ ਪੁਲੀਸ ਸਟੇਸ਼ਨ ਨੇ ਚਾਰ ਮਾਮਲੇ ਦਰਜ ਕੀਤੇ, ਜਦੋਂ ਕਿ ਜੰਡਿਆਲਾ ਅਤੇ ਖਲਚੀਆਂ ਨੇ ਤਿੰਨ-ਤਿੰਨ ਮਾਮਲੇ ਦਰਜ ਕੀਤੇ। ਕੱਥੂਨੰਗਲ ਅਤੇ ਮਜੀਠਾ ਪੁਲੀਸ ਥਾਣਿਆਂ ਨੇ ਦੋ-ਦੋ ਐੱਫ ਆਈ ਆਰਜ਼ ਦਰਜ ਕੀਤੀਆਂ।

