Australia ਵਿੱਚ 8 ਸਾਲਾ ਅੰਗਦ ਸਿੰਘ ਨੇ ਵਧਾਇਆ ਪੰਜਾਬ ਦਾ ਮਾਣ; ਸ਼ਾਟਪੁੱਟ ਮੁਕਾਬਲੇ ਵਿੱਚ ਰਿਹਾ ਅੱਵਲ
ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਸਜਾਵਲਪੁਰ ਨਾਲ ਸਬੰਧਤ ਅੰਗਦ ਸਿੰਘ ਨੇ ਨਿਊ ਸਾਊਥ ਵੇਲਜ਼ ਦੀਆਂ ਸੂਬਾ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੰਜਾਬ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।
ਜ਼ਿਲ੍ਹੇ ਦੇ ਪਿੰਡ ਸਜਾਵਲਪੁਰ ਦੇ ਜੰਮਪਲ ਅਤੇ ਸਵਰਗਵਾਸੀ ਸਰੀਰਕ ਸਿੱਖਿਆ ਅਧਿਆਪਕ ਪੀ.ਟੀ.ਆਈ. ਮੂਲ੍ਹਾ ਸਿੰਘ ਦੇ ਪੱਦ-ਚਿੰਨ੍ਹਾਂ ’ਤੇ ਚੱਲਦਿਆਂ ਉਨ੍ਹਾਂ ਦੇ ਪੜਪੋਤੇ 8 ਸਾਲਾ ਅੰਗਦ ਸਿੰਘ ਨੇ ਆਸਟਰੇਲੀਆ ਦੀ ਧਰਤੀ ’ਤੇ ਪੰਜਾਬ ਅਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਅੰਗਦ ਨੇ ਨਿਊ ਸਾਊਥ ਵੇਲਜ਼ ਵਿੱਚ ਹੋਈਆਂ ਸੂਬਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ਼ਾਟਪੁੱਟ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸੂਬਾ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ।
ਮਿਲੀ ਜਾਣਕਾਰੀ ਅਨੁਸਾਰ, ਅੰਗਦ ਸਿੰਘ ਖੇਲਾ ਨੇ 6.72 ਮੀਟਰ ਦੀ ਥ੍ਰੋ ਨਾਲ ਇਹ ਉਪਲਬਧੀ ਹਾਸਲ ਕੀਤੀ। ਇਸ ਜਿੱਤ ਦੇ ਨਾਲ ਹੀ ਉਹ ਪ੍ਰਾਇਮਰੀ ਸਕੂਲ ਪੱਧਰ ’ਤੇ ਨਿਊ ਸਾਊਥ ਵੇਲਜ਼ ਵਿੱਚ ਸ਼ਾਟਪੁੱਟ ਮੁਕਾਬਲੇ ਦਾ ਰਾਜ ਚੈਂਪੀਅਨ ਬਣਨ ਵਾਲਾ ਪਹਿਲਾ ਪੰਜਾਬੀ ਬੱਚਾ ਵੀ ਬਣ ਗਿਆ ਹੈ।
ਡਿਸਕਸ ਥ੍ਰੋ ਵਿੱਚ ਵੀ ਮਾਰੀਆਂ ਮੱਲ੍ਹਾਂਅੰਗਦ ਨੇ ਸਿਰਫ਼ ਸ਼ਾਟਪੁੱਟ ਵਿੱਚ ਹੀ ਨਹੀਂ, ਸਗੋਂ ਡਿਸਕਸ ਥ੍ਰੋ ਪ੍ਰਤੀਯੋਗਤਾ ਵਿੱਚ ਵੀ ਆਪਣਾ ਲੋਹਾ ਮਨਵਾਇਆ, ਜਿਸ ਵਿੱਚ ਉਸ ਨੇ ਪੂਰੇ ਨਿਊ ਸਾਊਥ ਵੇਲਜ਼ ਵਿੱਚ ਤੀਜਾ ਸਥਾਨ ਹਾਸਲ ਕੀਤਾ। ਇਹ ਰਾਜ ਪੱਧਰੀ ਪ੍ਰਤੀਯੋਗਤਾ ਪਿਛਲੇ ਦਿਨੀਂ ਸਿਡਨੀ ਓਲੰਪਿਕ ਪਾਰਕ ਵਿੱਚ ਕਰਵਾਈ ਗਈ ਸੀ, ਜਿਸ ਵਿੱਚ ਵੱਖ-ਵੱਖ ਪ੍ਰਾਇਮਰੀ ਸਕੂਲਾਂ ਦੇ ਸੈਂਕੜੇ ਬੱਚਿਆਂ ਨੇ ਹਿੱਸਾ ਲਿਆ ਸੀ।
ਅੰਗਦ ਦੀ ਇਸ ਵੱਡੀ ਕਾਮਯਾਬੀ ਦੀ ਖ਼ਬਰ ਮਿਲਦਿਆਂ ਹੀ ਨਵਾਂਸ਼ਹਿਰ ਵਿੱਚ ਉਸ ਦੇ ਰਿਸ਼ਤੇਦਾਰਾਂ ਅਤੇ ਸਮੂਹ ਪੰਜਾਬੀ ਭਾਈਚਾਰੇ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ। ਲੋਕਾਂ ਦਾ ਕਹਿਣਾ ਹੈ ਕਿ ਵਿਦੇਸ਼ ਦੀ ਧਰਤੀ ’ਤੇ ਬੈਠ ਕੇ ਵੀ ਅੰਗਦ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਬੱਚਿਆਂ ਵਿੱਚ ਖੇਡਾਂ ਦਾ ਜਜ਼ਬਾ ਕਿਸੇ ਤੋਂ ਘੱਟ ਨਹੀਂ ਹੈ। ਅੰਗਦ ਦੇ ਮਾਤਾ-ਪਿਤਾ ਨੇ ਕਿਹਾ ਕਿ ਉਹ ਆਪਣੇ ਬੇਟੇ ਦੀ ਇਸ ਸਫ਼ਲਤਾ ’ਤੇ ਬਹੁਤ ਮਾਣ ਮਹਿਸੂਸ ਕਰਦੇ ਹਨ ਅਤੇ ਉਮੀਦ ਕਰਦੇ ਹਨ ਕਿ ਅੰਗਦ ਅੱਗੇ ਜਾ ਕੇ ਦੇਸ਼ ਲਈ ਹੋਰ ਮੈਡਲ ਲੈ ਕੇ ਆਵੇਗਾ।

