ਬੀ ਡੀ ਪੀ ਓ ਦਫ਼ਤਰ ’ਚ 78 ਫ਼ੀਸਦ ਅਸਾਮੀਆਂ ਖਾਲੀ
ਪੰਚਾਇਤ ਸਕੱਤਰਾਂ ਤੇ ਗ੍ਰਾਮ ਸੇਵਕਾਂ ਦੀ ਘਾਟ ਕਾਰਨ ਪਿੰਡਾਂ ਵਿੱਚ ਵਿਕਾਸ ਕਾਰਜ ਪ੍ਰਭਾਵਿਤ
ਇੱਥੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ’ਚ 78 ਫੀਸਦੀ ਅਸਾਮੀਆਂ ਖਾਲੀ ਹਨ। ਦਫ਼ਤਰੀ ਅਮਲੇ ਦੀ ਘਾਟ ਕਾਰਨ ਪਿੰਡਾਂ ਦੇ ਵਿਕਾਸ ਕਾਰਜ ਪ੍ਰਭਾਵਿਤ ਹੋ ਰਹੇ ਹਨ। ਨਵੀਂ ਹੱਦਬੰਦੀ ਮਗਰੋਂ 99 ਪੰਚਾਇਤਾਂ ਦਾ ਰਿਕਾਰਡ ਲਿਖਣ ਲਈ ਸਿਰਫ਼ ਪੰਜ ਪੰਚਾਇਤ ਸਕੱਤਰ ਮੌਜੂਦ ਹਨ। ਵੇਰਵਿਆਂ ਅਨੁਸਾਰ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਤਲਵਾੜਾ ’ਚ ਕੁੱਲ 40 ਅਸਾਮੀਆਂ ਮਨਜ਼ੂਰਸ਼ੁਦਾ ਹਨ, ਜਿਨ੍ਹਾਂ ’ਚੋਂ 15 ਪੰਚਾਇਤ ਸਕੱਤਰ ਤੇ ਨੌਂ ਗ੍ਰਾਮ ਸੇਵਕ ਸ਼ਾਮਲ ਹਨ। ਇਨ੍ਹਾਂ ਦਾ ਸਿੱਧਾ ਰਾਬਤਾ ਪਿੰਡਾਂ ਦੀਆਂ ਪੰਚਾਇਤਾਂ ਨਾਲ ਹੈ। ਪੰਚਾਇਤਾਂ ਦੇ ਰਿਕਾਰਡ, ਆਮ ਇਜਲਾਸ ਆਦਿ ਲਿਖਣ ਦੀ ਜ਼ਿੰਮੇਵਾਰੀ ਇਨ੍ਹਾਂ ਦੀ ਹੀ ਹੈ। ਪੰਚਾਇਤ ਸਕੱਤਰ ਅਤੇ ਗ੍ਰਾਮ ਸੇਵਕ ਬੂਥ ਲੈਵਲ ਅਫਸਰ (ਬੀ ਐੱਲ ਓ) ਤੋਂ ਇਲਾਵਾ ਸਰਕਾਰ ਦੀਆਂ ਹੋਰ ਸਕੀਮਾਂ ਨੂੰ ਪਿੰਡਾਂ ਤੱਕ ਪਹੁੰਚਾਉਣ ਦੀ ਡਿਊਟੀ ਵੀ ਨਿਭਾਉਂਦੇ ਹਨ, ਪਰ ਬਲਾਕ ਤਲਵਾੜਾ ’ਚ ਇਸ ਵਕਤ ਪੰਜ ਪੰਚਾਇਤ ਸਕੱਤਰ ਅਤੇ ਇੱਕ ਗ੍ਰਾਮ ਸੇਵਕ ਹੀ ਸੇਵਾ ਨਿਭਾਅ ਰਹੇ ਹਨ। ਪਿੰਡਾਂ ’ਚ ਔਰਤਾਂ ਕੁੜੀਆਂ ਨੂੰ ਸਿਲਾਈ ਕਢਾਈ ਆਦਿ ਦੀ ਟ੍ਰੇਨਿੰਗ ਦੇਣ ਲਈ ਬਲਾਕ ਤਲਵਾੜਾ ’ਚ ਤਿੰਨ ਸਿਲਾਈ ਟੀਚਰਾਂ ਦੀ ਅਸਾਮੀਆਂ ਪਿਛਲੇ ਲੰਮੇ ਸਮੇਂ ਤੋਂ ਖਾਲੀ ਹਨ। ਇਸੇ ਤਰ੍ਹਾਂ ਸੁਪਰਡੈਂਟ, ਸਮਿਤੀ ਪਟਵਾਰੀ, ਲੇਖਾਕਾਰ, ਟੈਕਸ ਕੁਲੈਕਟਰ, ਸਟੈਨੋ, ਐੱਸ ਸੀ ਓ ਪੀ, ਪੰਚਾਇਤ ਅਫ਼ਸਰ ਅਤੇ ਚੌਕੀਦਾਰ ਦੀ ਮਨਜ਼ੂਰਸ਼ੁਦਾ ਇੱਕ-ਇੱਕ ਪੋਸਟਾਂ ਵੀ ਲੰਮੇ ਸਮੇਂ ਤੋਂ ਖਾਲੀ ਪਈਆਂ ਹੋਈਆਂ ਹਨ। ਦਰਜਾ ਚਾਰ ਮੁਲਾਜ਼ਮਾਂ ਦੀਆਂ 4 ਮਨਜ਼ੂਰਸ਼ੁਦਾ ਅਸਾਮੀਆਂ ’ਚੋਂ 2 ਖਾਲੀ ਹਨ। ਕਲਰਕ ਦੀਆਂ 2 ਵਿੱਚੋਂ ਇੱਕ ਪੋਸਟ ਖਾਲੀ ਹੈ। ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ’ਚ ਮਨਜ਼ੂਰ ਸ਼ੁਦਾ 40 ਅਸਾਮੀਆਂ ’ਚੋਂ 9 ਪੋਸਟਾਂ ਹੀ ਭਰੀਆਂ ਹਨ। ਪੰਚਾਇਤ ਯੂਨੀਅਨ ਤਲਵਾੜਾ ਦੇ ਸਾਬਕਾ ਪ੍ਰਧਾਨ ਨਵਲ ਕਿਸ਼ੋਰ ਮਹਿਤਾ ਨੇ ਕਿਹਾ ਕਿ ਬੀ ਡੀ ਪੀ ਓ ਦਫ਼ਤਰ ਤਲਵਾੜਾ ’ਚ ਵੱਡੇ ਪੱਧਰ ’ਤੇ ਅਸਾਮੀਆਂ ਖਾਲੀ ਹੋਣ ਕਾਰਨ ਪਿੰਡਾਂ ’ਚ ਵਿਕਾਸ ਕਾਰਜ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਪੰਚਾਇਤ ਸਕੱਤਰਾਂ ਤੇ ਗ੍ਰਾਮ ਸੇਵਕਾਂ ਦੀ ਲੋੜੀਂਦੀ ਗਿਣਤੀ ਪੂਰੀ ਕਰਨ ਦੀ ਮੰਗ ਕੀਤੀ।
ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਨੇ ਕਿਹਾ ਕਿ ਜਲਦੀ ਹੀ ਦੋ-ਤਿੰਨ ਨਵੇਂ ਪੰਚਾਇਤ ਸਕੱਤਰ ਤਲਵਾੜਾ ਵਿੱਚ ਬਦਲ ਕੇ ਲਿਆਂਦੇ ਜਾ ਰਹੇ ਹਨ। ਖਾਲੀ ਅਸਾਮੀਆਂ ਦੀ ਤਜਵੀਜ਼ ਬਣਾ ਕੇ ਸਰਕਾਰ ਨੂੰ ਭੇਜੀ ਹੈ।

