ਹੁਸ਼ਿਆਰਪੁਰ (ਹਰਪ੍ਰੀਤ ਕੌਰ): ਹੁਸ਼ਿਆਰਪੁਰ ਇਲਾਕੇ ’ਚ ਅੱਜ ਕਰੋਨਾਵਾਇਰਸ ਦੇ 7 ਹੋਰ ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਹੁਣ ਜ਼ਿਲ੍ਹੇ ’ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 623 ਹੋ ਗਈ ਹੈ। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਗੜ੍ਹਸ਼ੰਕਰ ਤੋਂ 3 ਅਤੇ ਦਾਤਾਰਪੁਰ, ਹੁਸ਼ਿਆਰਪੁਰ ਦੇ ਦਸਮੇਸ਼ ਨਗਰ, ਪੁਰਹੀਰਾਂ ਅਤੇ ਗੌਤਮ ਨਗਰ ਤੋਂ 1-1 ਮਰੀਜ਼ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ’ਚ 64 ਕੇਸ ਐਕਟਿਵ ਹਨ ਜਦੋਂਕਿ 541 ਮਰੀਜ਼ ਤੰਦਰੁਸਤ ਹੋ ਕੇ ਆਪਣੇ ਘਰ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਅੱਜ 511 ਸ਼ੱਕੀ ਵਿਅਕਤੀਆਂ ਦੇ ਨਮੂਨੇ ਲੈ ਕੇ ਜਾਂਚ ਵਾਸਤੇ ਭੇਜੇ ਗਏ ਹਨ। ਇਸੇ ਦੌਰਾਨ ਜ਼ਿਲ੍ਹਾ ਮੈਜਿਸਟਰੇਟ ਅਪਨੀਤ ਰਿਆਤ ਨੇ ਹੁਸ਼ਿਆਰਪੁਰ ਵਿੱਚ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨੇ ਹਨ। ਇਨ੍ਹਾਂ ਵਿੱਚ ਮੁਹੱਲਾ ਗੁਰੂ ਗੋਬਿੰਦ ਸਿੰਘ ਨਗਰ, ਗਲੀ ਨੰਬਰ-1 ਤੋਂ 7, ਵਾਰਡ ਨੰਬਰ-27 ਹੁਸ਼ਿਆਰਪੁਰ ਅਤੇ ਨੰਗਲ ਰੋਡ, ਨੇੜੇ ਦੀਪ ਕਲੋਨੀ, ਵਾਰਡ ਨਬਰ-6 ਗੜ੍ਹਸ਼ੰਕਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮਾਈਕ੍ਰੋ ਕੰਟੇਨਮੈਂਟ ਜ਼ੋਨ ਵਿੱਚ ਸਿਰਫ਼ ਮੈਡੀਕਲ ਐਮਰਜੈਂਸੀ ਅਤੇ ਜ਼ਰੂਰੀ ਕੰਮਾਂ ਦੀ ਹੀ ਮਨਜ਼ੂਰੀ ਹੋਵੇਗੀ ਤੇ ਸਿਹਤ ਵਿਭਾਗ ਘਰ-ਘਰ ਜਾ ਕੇ ਸਰਵੇ ਅਤੇ ਸੰਪਰਕ ਦੀ ਟਰੇਸਿੰਗ ਕਰੇਗਾ। ਮਾਈਕ੍ਰੋ ਕੰਟੇਨਮੈਂਟ ਜ਼ੋਨ ਦੀ ਮਿਆਦ 14 ਦਿਨਾਂ ਦੀ ਹੋਵੇਗੀ।