ਨਿੱਜੀ ਪੱਤਰ ਪ੍ਰੇਰਕ
ਜਲੰਧਰ, 17 ਅਕਤੂਬਰ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 18 ਅਕਤੂਬਰ ਨੂੰ ਦੇਸ਼ ਭਰ ਵਿੱਚ ਰੇਲਾਂ ਰੋਕਣ ਦੇ ਦਿੱਤੇ ਸੱਦੇ ’ਤੇ ਕਿਸਾਨ ਤੇ ਮਜ਼ਦੂਰ ਜੱਥੇਬੰਦੀਆਂ ਨੇ ਪੂਰੀ ਤਿਆਰੀ ਕਰ ਲਈ ਹੈ। ਜਲੰਧਰ ਜ਼ਿਲ੍ਹੇ ਵਿੱਚ ਹੀ ਅੱਧੀ ਦਰਜਨ ਤੋਂ ਵੱਧ ਥਾਵਾਂ ’ਤੇ ਕਿਸਾਨ ਜੱਥੇਬੰਦੀਆਂ ਰੇਲਵੇ ਲਾਈਨਾਂ ’ਤੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੈਠ ਕੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਆਵਾਜ਼ ਬੁਲੰਦ ਕਰਨਗੀਆਂ ਤੇ ਲਖੀਮਪੁਰ ਖੀਰੀ ਦੀ ਘਟਨਾ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਅਸਤੀਫੇ ਅਤੇ ਉਸ ਦੀ ਗ੍ਰਿਫਤਾਰੀ ਦੀ ਮੰਗ ਕਰਨਗੀਆਂ।
ਕਿਸਾਨ ਜੱਥੇਬੰਦੀਆਂ ਵੱਲੋਂ ਜਲੰਧਰ ਦੇ ਦਕੋਹਾ ਫਾਟਕ, ਕਾਲਾ ਬੱਕਰਾ ਰੇਲਵੇ ਸਟੇਸ਼ਨ, ਲੋਹੀਆਂ ਖ਼ਾਸ, ਫਿਲੌਰ, ਗੁਰਾਇਆ ਤੇ ਹੋਰ ਥਾਵਾਂ ’ਤੇ ਰੇਲਾਂ ਰੋਕਣਗੀਆਂ।
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਸਮਰਾ, ਬੀਕੇਯੂ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ, ਬੀਕੇਯੂ (ਲੱਖੋਵਾਲ) ਦੀ ਇਸਤਰੀ ਵਿੰਗ ਦੀ ਆਗੂ ਰਾਜਵਿੰਦਰ ਕੌਰ, ਸੀਪੀਆਈ (ਐੱਮ) ਦੇ ਆਗੂ ਕਾਮਰੇਡ ਲਹਿੰਬਰ ਸਿੰਘ ਤੱਗੜ, ਕਿਰਤੀ ਕਿਸਾਨ ਯੂਨੀਅਨ ਦੇ ਕਮੇਟੀ ਮੈਂਬਰ ਗੁਰਨਾਮ ਸਿੰਘ ਤੱਗੜ ਅਤੇ ਹੋਰ ਕਿਸਾਨ ਜੱਥੇਬੰਦੀਆਂ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ’ਤੇ ਰੇਲਾਂ ਰੋਕਣਗੀਆਂ। ਕਿਸਾਨ ਮਜ਼ਦੂਰ ਆਗੂਆਂ ਕਾਮਰੇਡ ਦਿਆਲ ਸਿੰਘ ਢੰਡਾ, ਮਾਸਟਰ ਪ੍ਰਸ਼ੋਤਮ ਬਿਲਗਾ, ਕਾਮਰੇਡ ਰਣਜੀਤ ਸਿੰਘ ਗੁਰਾਇਆ ਅਤੇ ਕਾਮਰੇਡ ਇੰਦਰਜੀਤ ਸਿੰਘ ਜੰਗੀ ਨੇ ਦੱਸਿਆ ਕਿ ਐਕਸ਼ਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਫਗਵਾੜਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਦੋਆਬਾ ਵੱਲੋਂ 18 ਅਕਤੂਬਰ ਨੂੰ ਫਗਵਾੜਾ ਰੇਲਵੇ ਸਟੇਸ਼ਨ ’ਤੇ ਸਵੇਰੇ 10 ਤੋਂ 4 ਵਜੇ ਤੱਕ ਧਰਨਾ ਦਿੱਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ, ਪ੍ਰੈੱਸ ਸਕੱਤਰ ਕ੍ਰਿਪਾਲ ਸਿੰਘ ਪਾਲਾ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਤੇ ਲਖੀਮਪੁਰ ਖੀਰੀ ਦੀ ਘਟਨਾ ਖ਼ਿਲਾਫ਼ ਉਪਰੋਕਤ ਸੰਘਰਸ਼ ਉਲੀਕਿਆ ਗਿਆ ਹੈ।
ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਰੇਲ ਪਟੜੀਆਂ ’ਤੇ ਦਿੱਤੇ ਜਾਣਗੇ ਧਰਨੇ
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਲਖੀਮਪੁਰ ਖੀਰੀ ਘਟਨਾ ਦੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਵੱਲੋਂ 18 ਅਕਤੂਬਰ ਨੂੰ ਸੂਬੇ ਵਿੱਚ ਵੱਖ ਵੱਖ ਥਾਵਾਂ ’ਤੇ ਰੇਲਾਂ ਰੋਕਣ ਦੀ ਤਿਆਰੀ ਕੀਤੀ ਗਈ ਹੈ। ਜਮਹੂਰੀ ਕਿਸਾਨ ਸਭਾ ਦੇ ਆਗੂ ਰਤਨ ਸਿੰਘ ਰੰਧਾਵਾ ਅਤੇ ਬਲਕਾਰ ਸਿੰਘ ਦੁਧਾਲਾ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਵੱਲੋਂ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 4 ਵਜੇ ਤਕ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਰੇਲ ਪਟੜੀਆਂ ’ਤੇ ਧਰਨਾ ਦਿੱਤਾ ਜਾਵੇਗਾ ਅਤੇ ਰੇਲਾਂ ਦਾ ਪਹੀਆ ਜਾਮ ਕੀਤਾ ਜਾਵੇਗਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਵੱਖ ਵੱਖ ਥਾਵਾਂ ’ਤੇ ਰੇਲ ਪਟੜੀਆਂ ’ਤੇ ਧਰਨੇ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਅੰਮ੍ਰਿਤਸਰ-ਦਿੱਲੀ ਰੇਲ ਲਾਈਨ ’ਤੇ ਪਿੰਡ ਦੇਵੀਦਾਸ ਪੁਰਾ ਵਿੱਚ ਅਤੇ ਅੰਮ੍ਰਿਤਸਰ-ਪਠਾਨਕੋਟ ਰੇਲ ਲਾਈਨ ’ਤੇ ਜੈਂਤੀਪੁਰ ਆਦਿ ਥਾਵਾਂ ’ਤੇ ਧਰਨੇ ਦੇ ਕੇ ਰੇਲ ਗੱਡੀਆਂ ਰੋਕੀਆਂ ਜਾਣਗੀਆਂ।