ਅੱਗ ਕਾਰਨ ਪਰਵਾਸੀਆਂ ਦੀਆਂ 35 ਝੁੱਗੀਆਂ ਸੜੀਆਂ
ਪਿੰਡ ਬਹੇੜੀ ਬਜ਼ੁਰਗ ਵਿੱਚ ਅੱਜ ਪਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਵਿੱਚ ਅਚਾਨਕ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਸਾਰੀਆਂ 35 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਇਨ੍ਹਾਂ ਝੁੱਗੀਆਂ ਵਿੱਚ 13 ਪਰਿਵਾਰ ਰਹਿ ਰਹੇ ਸਨ। ਜਦੋਂ ਅੱਗ ਲੱਗੀ ਉਸ ਵੇਲੇ ਸਾਰੇ...
ਪਿੰਡ ਬਹੇੜੀ ਬਜ਼ੁਰਗ ਵਿੱਚ ਅੱਜ ਪਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਵਿੱਚ ਅਚਾਨਕ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਸਾਰੀਆਂ 35 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਇਨ੍ਹਾਂ ਝੁੱਗੀਆਂ ਵਿੱਚ 13 ਪਰਿਵਾਰ ਰਹਿ ਰਹੇ ਸਨ। ਜਦੋਂ ਅੱਗ ਲੱਗੀ ਉਸ ਵੇਲੇ ਸਾਰੇ ਮਜ਼ਦੂਰ ਆਪਣੇ ਪਰਿਵਾਰਾਂ ਸਮੇਤ ਦਿਹਾੜੀ ’ਤੇ ਗਏ ਹੋਏ ਸਨ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਖੇਤਾਂ ਅਤੇ ਆਲੇ ਦੁਆਲੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਜਿਉਂ ਹੀ ਘਟਨਾ ਦੀ ਸੂਚਨਾ ਮਿਲੀ ਤਾਂ ਉਹ ਤੁਰੰਤ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਮਿੱਟੀ ਅਤੇ ਪਾਣੀ ਸੁੱਟ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਹਵਾ ਹੀ ਇੰਨੀ ਤੇਜ਼ ਸੀ ਕਿ ਸੁੱਕੀਆਂ ਲੱਕੜਾਂ ਅਤੇ ਤਰਪਾਲਾਂ ਨਾਲ ਬਣੀਆਂ ਝੁੱਗੀਆਂ ਵਿੱਚ ਤੇਜ਼ੀ ਨਾਲ ਅੱਗ ਫੈਲ ਗਈ ਅਤੇ 10 ਮਿੰਟਾਂ ਵਿੱਚ ਹੀ ਸਭ ਕੁਝ ਸੜ ਕੇ ਸੁਆਹ ਹੋ ਗਿਆ। ਜਦ ਨੂੰ ਫਾਇਰ ਬ੍ਰਿਗੇਡ ਦੀ ਗੱਡੀ ਪੁੱਜੀ ਤਾਂ ਉਸ ਤੋਂ ਪਹਿਲਾਂ ਹੀ ਸਭ ਕੁੱਝ ਸੜ ਚੁੱਕਾ ਸੀ। ਪ੍ਰਭਾਵਿਤ ਮਜ਼ਦੂਰਾਂ ਰਾਮ ਲਖਨ, ਮੁੰਨਾ ਲਾਲ, ਸੋਮਵਤੀ, ਕਾਂਤੀ, ਦਵਿੰਦਰ, ਰੂਪ ਲਾਲ ਆਦਿ ਨੇ ਰੋਂਦੇ ਕੁਰਲਾਉਂਦੇ ਹੋਏ ਦੱਸਿਆ ਕਿ ਉਹ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ ਪਰ ਇੱਥੇ ਦਿਹਾੜੀਆਂ ਲਾ ਕੇ ਝੁੱਗੀਆਂ ਵਿੱਚ ਰਹਿ ਕੇ ਆਪਣਾ ਜੀਵਨ ਬਸਰ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਇਸ ਅੱਗ ਵਿੱਚ ਉਨ੍ਹਾਂ ਦੇ ਮਿਹਨਤ ਦੀ ਸਾਰੀ ਕਮਾਈ, ਰਾਸ਼ਨ, ਕੱਪੜੇ, ਬਰਤਨ, ਆਧਾਰ ਕਾਰਡ, ਆਰ. ਸੀ, ਗਹਿਣੇ ਤੇ ਮਜ਼ਦੂਰੀ ਨਾਲ ਜੋੜੀ ਗਈ ਨਗਦੀ ਵੀ ਸਭ ਸੜ ਗਈ।
ਉਨ੍ਹਾਂ ਦੇ ਤਿੰਨ ਮੋਟਰ ਸਾਈਕਲ ਵੀ ਇਸ ਅੱਗ ਦੀ ਭੇਟ ਚੜ੍ਹ ਗਏ। ਹੁਣ ਉਨ੍ਹਾਂ ਕੋਲ ਕੁੱਝ ਵੀ ਨਹੀਂ ਬਚਿਆ।
ਉਨ੍ਹਾਂ ਦਾ ਕਹਿਣਾ ਸੀ ਕਿ ਘਟਨਾ ਮਗਰੋਂ ਹੁਣ ਉਨ੍ਹਾਂ ਲਈ ਰੋਟੀ ਅਤੇ ਛੱਤ ਦਾ ਗੰਭੀਰ ਸੰਕਟ ਖੜ੍ਹਾ ਹੋ ਗਿਆ ਹੈ। ਪੀੜਤ ਪਰਿਵਾਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਤੁਰੰਤ ਆਰਥਿਕ ਸਹਾਇਤਾ ਦੀ ਮੰਗ ਕੀਤੀ।
ਨਾੜ ਨੂੰ ਅੱਗ ਲੱਗਣ ਕਾਰਨ ਦੋ ਪਸ਼ੂਆਂ ਦੀ ਮੌਤ
ਗੜ੍ਹਸ਼ੰਕਰ (ਪੱਤਰ ਪ੍ਰੇਰਕ): ਸਥਾਨਕ ਚੰਡੀਗੜ੍ਹ ਹੁਸ਼ਿਆਰਪੁਰ ਮੁੱਖ ਮਾਰਗ ਸਥਿਤ ਪਿੰਡ ਗੋਲੀਆਂ ਵਿੱਚ ਕਿਸੇ ਵਲੋਂ ਕਣਕ ਦੇ ਨਾੜ ਨੂੰ ਲੱਗੀ ਅੱਗ ਨੇ ਉਦੋਂ ਭਿਆਨਕ ਰੂਪ ਧਾਰ ਲਿਆ ਜਦੋਂ ਹਵਾ ਨਾਲ ਅੱਗ ਦਾ ਰੁਖ਼ ਖੇਤਾਂ ਨੇੜੇ ਸਥਿਤ ਪਸ਼ੂਆਂ ਦੇ ਵਾੜੇ ਵੱਲ ਹੋ ਗਿਆ। ਇਸ ਦੌਰਾਨ ਇਕ ਕਿਸਾਨ ਦੇ ਵਾੜੇ ਵਿੱਚ ਬੰਨ੍ਹੇ ਪਸ਼ੂ ਅੱਗ ਦੀ ਲਪੇਟ ਵਿਚ ਆ ਗਏ ਅਤੇ ਤੂੜੀ ਵਾਲਾ ਕੋਠਾ ਲਈ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਬਲਵੀਰ ਸਿੰਘ ਪੁੱਤਰ ਅਜੀਤ ਰਾਮ ਦੀ ਹਵੇਲੀ ਤੱਕ ਪੁੱਜੀ ਅੱਗ ਵਿਚ ਪਸ਼ੂ ਪਾਲਕ ਦੀਆਂ ਦੋ ਛੋਟੀਆਂ ਵੱਛੀਆਂ ਦੀ ਝੁਲਸਣ ਨਾਲ ਮੌਕੇ ’ਤੇ ਹੀ ਮੌਤ ਹੋ ਗਈ। ਕਿਸਾਨ ਨੇ ਦੱਸਿਆ ਕਿ ਅੱਗ ਨਾਲ ਉਸ ਦੀ ਇਕ ਮਹਿੰਗੀ ਗਾਂ ਵੀ ਝੁਲਸ ਗਈ ਹੈ ਜਿਸ ਦੀ ਹਾਲਤ ਬੇਹੱਦ ਗੰਭੀਰ ਹੈ। ਪਿੰਡ ਵਾਸੀਆਂ ਅਨੁਸਾਰ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਅਤੇ ਸਥਾਨਕ ਪੁਲੀਸ ਨੂੰ ਦਿੱਤੀ ਗਈ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੱਗ ’ਤੇ ਕਾਬੂ ਪਾਇਆ। ਘਟਨਾ ਸਥਾਨ ’ਤੇ ਪੁੱਜੇ ਏ ਐੱਸ ਆਈ ਰਵੀਸ਼ ਕੁਮਾਰ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

