ਸਰਕਾਰੀ ਆਈਟੀਆਈ ਸੁਨਾਮ ਲਈ 3.27 ਕਰੋੜ ਮਨਜ਼ੂਰ : The Tribune India

ਸਰਕਾਰੀ ਆਈਟੀਆਈ ਸੁਨਾਮ ਲਈ 3.27 ਕਰੋੜ ਮਨਜ਼ੂਰ

ਸਰਕਾਰੀ ਆਈਟੀਆਈ ਸੁਨਾਮ ਲਈ 3.27 ਕਰੋੜ ਮਨਜ਼ੂਰ

ਅਮਨ ਅਰੋੜਾ

ਗੁਰਦੀਪ ਸਿੰਘ ਲਾਲੀ

ਸੰਗਰੂਰ, 4 ਦਸੰਬਰ

ਪੰਜਾਬ ਸਰਕਾਰ ਵੱਲੋਂ ਸਰਕਾਰੀ ਉਦਯੋਗਿਕ ਸਿਖਲਾਈ ਕੇਂਦਰ ਸੁਨਾਮ ਊਧਮ ਸਿੰਘ ਵਾਲਾ ਦੇ ਨਵੀਨੀਕਰਨ ਲਈ 3.27 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਆਈਟੀਆਈ ਸਾਲ 1962-63 ਵਿੱਚ ਹੋਂਦ ਵਿੱਚ ਆਈ ਸੀ ਅਤੇ ਉਸ ਤੋਂ ਲਗਪਗ ਛੇ ਦਹਾਕਿਆਂ ਮਗਰੋਂ ਪਹਿਲੀ ਵਾਰ ਇਸ ਦੀਆਂ ਵਰਕਸ਼ਾਪਾਂ ਦੀ ਮੁਰੰਮਤ ਅਤੇ ਅਤਿ-ਆਧੁਨਿਕ ਢੰਗ ਨਾਲ ਕਾਇਆਕਲਪ ਕਰਨ ਲਈ ਪੰਜਾਬ ਸਰਕਾਰ ਵੱਲੋਂ ਗਰਾਂਟ ਪ੍ਰਵਾਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਉਦਯੋਗਿਕ ਸਿਖਲਾਈ ਕੇਂਦਰ ਵਿਖੇ ਕਾਰਪੈਂਟਰ, ਇਲੈਕਟ੍ਰੀਸ਼ਨ, ਮੋਟਰ ਮਕੈਨਿਕ, ਡੀਜ਼ਲ, ਫਿਟਰ, ਟ੍ਰੇਨਰ ਆਦਿ ਦੀਆਂ 9 ਵਰਕਸ਼ਾਪ ਸ਼ੈਡਾਂ ਹਨ, ਜਿਥੇ 8 ਟਰੇਡਾਂ ਚੱਲਦੀਆਂ ਹਨ, ਨੂੰ ਨਵੇਂ ਸਿਰਿਓਂ ਨਵੀਨਤਮ ਦਿੱਖ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਪ੍ਰਵਾਨ ਕੀਤੀ ਰਾਸ਼ੀ ਨਾਲ ਆਈਟੀਆਈ ਦੀ ਐਗਰੀਕਲਚਰਲ ਮਸ਼ੀਨਰੀ ਵਰਕਸ਼ਾਪ ਦਾ ਵਿਸਥਾਰ, ਅੰਦਰੂਨੀ ਸੜਕਾਂ, ਕਾਰ ਸ਼ੈੱਡ, ਮੁੱਖ ਦਾਖਲਾ ਗੇਟ, ਪਾਰਕਿੰਗ, ਥਿਓਰੀ ਰੂਮ ਆਦਿ ਦਾ ਵੀ ਨਿਰਮਾਣ ਜਾਂ ਲੋੜੀਂਦੀ ਮੁਰੰਮਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਾਰਜਾਂ ਲਈ ਟੈਂਡਰ ਪ੍ਰਕ੍ਰਿਆ ਮੁਕੰਮਲ ਹੋਣ ਤੋਂ ਬਾਅਦ ਮੁੱਢਲੇ ਤੌਰ ‘ਤੇ ਮੁਰੰਮਤ ਕਾਰਜ ਸ਼ੁਰੂ ਹੋ ਗਏ ਹਨ ਅਤੇ ਇਹ ਸਮੁੱਚੇ ਕੰਮ ਛੇ ਮਹੀਨਿਆਂ ਅੰਦਰ ਮੁਕੰਮਲ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਸ੍ਰੀ ਅਰੋੜਾ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੂੰ ਆਪਣੀ ਨਿਗਰਾਨੀ ਹੇਠ ਇਹ ਕਾਰਜ ਗੁਣਵੱਤਾ ਦੇ ਆਧਾਰ ਉੱਤੇ ਨੇਪਰੇ ਚੜ੍ਹਾਉਣ ਦੀ ਹਦਾਇਤ ਕੀਤੀ ਗਈ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਨੌਜਵਾਨ ਦੇਸ਼ ਦਾ ਸਰਮਾਇਆ ਹੁੰਦੇ ਹਨ ਜਿਨ੍ਹਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਅਕਾਦਮਿਕ ਅਦਾਰਿਆਂ ਅਤੇ ਸਿਖਲਾਈ ਕੇਂਦਰਾਂ ਵਿੱਚ ਸ਼ਾਨਦਾਰ ਅਤੇ ਅਤਿ ਆਧੁਨਿਕ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਸਰਕਾਰ ਵਚਨਬੱਧ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All