ਦੁਕਾਨਦਾਰਾਂ ’ਤੇ ਹਮਲਾ ਕਰਨ ਦੇ ਦੋਸ਼ ਹੇਠ 2 ਗ੍ਰਿਫ਼ਤਾਰ
ਪੱਤਰ ਪ੍ਰੇਰਕ
ਜਲੰਧਰ, 13 ਜੂਨ
ਸਿਟੀ ਪੁਲੀਸ ਨੇ ਮਿਲਾਪ ਚੌਕ ’ਤੇ ਇੱਕ ਖਾਣ-ਪੀਣ ਵਾਲੀ ਥਾਂ ਦੇ ਮਾਲਕਾਂ ’ਤੇ ਹਮਲੇ ਦੇ ਸਬੰਧ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦੋ ਵਿਅਕਤੀਆਂ ਦੇ ਨਾਮ ਸੌਰਵ ਸਿੰਘ ਉਰਫ਼ ਬਾਜ਼ (22) ਅਤੇ ਸੌਰਵ ਉਰਫ਼ ਸੋਨੂੰ (20) ਹਨ। ਦੋਵੇਂ ਕਪੂਰਥਲਾ ਦੇ ਰਹਿਣ ਵਾਲੇ ਹਨ। ਇਹ ਦੋਵੇਂ ਨਿਹੰਗਾਂ ਵਾਂਗ ਸਜੇ 15 ਨੌਜਵਾਨਾਂ ਵਿਚ ਸਨ ਅਤੇ ਉਨ੍ਹਾਂ ਨੇ ਦੁੱਗਲ ਸ਼ਾਪ ਹਾਊਸ ਦੇ ਤਿੰਨ ਮਾਲਕਾਂ ’ਤੇ ਹਮਲਾ ਕੀਤਾ ਸੀ।
ਏਡੀਸੀਪੀ-ਆਈ ਆਕਰਸ਼ੀ ਜੈਨ ਨੇ ਕਿਹਾ ਕਿ ਪੁਲੀਸ ਸਟੇਸ਼ਨ ਡਿਵੀਜ਼ਨ ਨੰਬਰ 4 ਵਿਖੇ ਬੀਐਨਐਸ ਦੀ ਧਾਰਾ 109, 332, 191 ਅਤੇ 190 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਐਫਆਈਆਰ ਨੰਬਰ 52 ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੋਵਾਂ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਪੁਲੀਸ ਨੇ ਉਨ੍ਹਾਂ ਦਾ ਪੰਜ ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ। ਏਡੀਸੀਪੀ ਨੇ ਕਿਹਾ ਕਿ ਦੂਜੇ ਮੁਲਜ਼ਮਾਂ ਦੀ ਪਛਾਣ ਲਈ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲੇ ਇਹ ਨਹੀਂ ਕਿਹਾ ਜਾ ਸਕਦਾ ਕਿ ਕੀ ਉਹ ਸਾਰੇ ਸੱਚਮੁੱਚ ਨਿਹੰਗ ਸਨ ਅਤੇ ਕਿਸੇ ਜਥੇ ਨਾਲ ਜੁੜੇ ਹੋਏ ਸਨ ਜਾਂ ਉਨ੍ਹਾਂ ਨੇ ਆਪਣੀ ਪਛਾਣ ਲੁਕਾਉਣ ਲਈ ਪਹਿਰਾਵਾ ਪਹਿਨਿਆ ਸੀ। ਜਾਣਕਾਰੀ ਅਨੁਸਾਰ 15 ਨੌਜਵਾਨਾਂ ਦੇ ਇੱਕ ਸਮੂਹ ਨੇ ਤਿੰਨ ਭਰਾਵਾਂ ’ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਦਾ ਆਰਡਰ ਉਨ੍ਹਾਂ ਤੱਕ ਸਮੇਂ ਸਿਰ ਨਹੀਂ ਪਹੁੰਚਾਇਆ ਗਿਆ ਸੀ। ਉਨ੍ਹਾਂ ਦੁਕਾਨ ਦੀ ਭੰਨਤੋੜ ਵੀ ਕੀਤੀ। ਇਹ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਸੀ। ਉਨ੍ਹਾਂ ਨੇ ਇੱਕ ਮਾਲਕ ਦੀ ਪਹਿਨੀ ਹੋਈ ਸੋਨੇ ਦੀ ਚੇਨ ਵੀ ਖੋਹ ਲਈ ਸੀ। ਟਰੇਡਰਜ਼ ਫੋਰਮ ਦੇ ਮੈਂਬਰਾਂ ਨੇ ਕੱਲ੍ਹ ਦੁਕਾਨ ਮਾਲਕਾਂ ਦੇ ਸਮਰਥਨ ਵਿੱਚ ਇੱਕ ਮੀਟਿੰਗ ਕੀਤੀ ਸੀ ਅਤੇ ਪੁਲੀਸ ਨੂੰ ਗ੍ਰਿਫ਼ਤਾਰੀ ਲਈ ਅੱਜ ਸ਼ਾਮ ਤੱਕ ਦਾ ਸਮਾਂ ਦਿੱਤਾ ਸੀ। ਉਨ੍ਹਾਂ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਅੱਜ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਜਾਂਦੀ ਤਾਂ ਉਹ ਪੰਜਾਬ ਬੰਦ ਦਾ ਸੱਦਾ ਦੇਣਗੇ।