ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 4 ਜੂਨ
ਇੱਥੇ ਅੱਜ ਕਰੋਨਾਵਾਇਰਸ ਦੇ 15 ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਵਿਚੋਂ 11 ਮਰੀਜ਼ ਸ਼ਹਿਰੀ ਇਲਾਕੇ ਨਾਲ ਸਬੰਧਤ ਹਨ ਅਤੇ ਇਨ੍ਹਾਂ ਸਾਰਿਆਂ ਦਾ ਯਾਤਰਾ ਜਾਂ ਪਾਜ਼ੇਟਿਵ ਮਰੀਜ਼ਾਂ ਨਾਲ ਕੋਈ ਸਬੰਧ ਨਹੀਂ ਹੈ। ਬਾਕੀ ਮਾਮਲਿਆਂ ਵਿਚ ਇਕ ਮਰੀਜ਼ ਸ਼ਹੀਦ ਊਧਮ ਸਿੰਘ ਨਗਰ ਦੇ ਪਾਜ਼ੇਟਿਵ ਮਰੀਜ਼ ਦੇ ਸੰਪਰਕ ਵਿਚ ਆਇਆ ਸੀ ਅਤੇ ਉਸ ਨੂੰ ਕਰੋਨਾ ਦੀ ਲਾਗ ਲੱਗ ਗਈ। ਇਕ ਮਰੀਜ਼ ਹਰਿਆਣਾ ਤੋਂ ਆਇਆ ਹੈ। ਇਸੇ ਤਰ੍ਹਾਂ ਬਾਕੀ ਮਰੀਜ਼ ਵੀ ਕਰੋਨਾ ਮਰੀਜ਼ਾਂ ਤੋਂ ਲੱਗੀ ਲਾਗ ਦਾ ਸ਼ਿਕਾਰ ਬਣੇ ਹਨ।
ਪਠਾਨਕੋਟ (ਐੱਨਪੀ ਧਵਨ): ਜ਼ਿਲ੍ਹਾ ਪਠਾਨਕੋਟ ਵਿੱਚ ਅੱਜ 4 ਹੋਰ ਰਿਪੋਰਟ ਕਰੋਨਾ ਪਾਜ਼ੇਟਿਵ ਰਿਪੋਰਟਾਂ ਆਊਣ ਨਾਲ ਕੁੱਲ ਐਕਟਿਵ ਕੇਸਾਂ ਦੀ ਗਿਣਤੀ 35 ਹੋ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਹੁਣ ਤੱਕ 81 ਲੋਕ ਕਰੋਨਾ ਪਾਜ਼ੇਟਿਵ ਪਾਏ ਗਏ ਹਨ ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਚੁੱਕੀ ਹੈ ਜਦ ਕਿ 43 ਲੋਕ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ। 35 ਲੋਕ ਇਸ ਸਮੇਂ ਜ਼ਿਲ੍ਹਾ ਪਠਾਨਕੋਟ ਵਿੱਚ ਕਰੋਨਾ ਪਾਜ਼ੇਟਿਵ ਹਨ ਜਿਨ੍ਹਾਂ ਵਿੱਚੋਂ 30 ਲੋਕਾਂ ਦਾ ਇਲਾਜ ਪਠਾਨਕੋਟ ਵਿਖੇ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਜੋ ਲੋਕ ਕਰੋਨਾ ਪਾਜ਼ੇਟਿਵ ਆਏ ਹਨ ਉਨ੍ਹਾਂ ਵਿੱਚੋਂ ਦੋ ਲੋਕ ਇੱਕ ਕਰੋਨਾ ਮਰੀਜ਼ ਦੇ ਸੰਪਰਕ ਵਿੱਚ ਸਨ ਅਤੇ ਇੱਕ ਮਰੀਜ਼ ਨੂੰ ਕਰੋਨਾ ਦੇ ਲੱਛਣ ਸਨ, ਜਦ ਮੈਡੀਕਲ ਕਰਵਾਇਆ ਗਿਆ ਤਾਂ ਉਹ ਕਰੋਨਾ ਪਾਜ਼ੇਟਿਵ ਪਾਇਆ ਗਿਆ। ਇਸ ਦੇ ਇਲਾਵਾ ਇੱਕ ਵਿਅਕਤੀ ਪਰਵਾਸੀ ਮਜ਼ਦੂਰ ਹੈ।
ਜਲੰਧਰ (ਨਿੱਜੀ ਪੱਤਰ ਪੇ੍ਰਕ): ਕਰੋਨਾ ਵਾਇਰਸ ਦੀ ਜਲੰਧਰ ਵਿੱਚ ਲੜੀ ਟੁੱਟ ਨਹੀਂ ਰਹੀ।ਅੱਜ ਆਈਆਂ ਰਿਪੋਰਟਾਂ ਵਿੱਚ ਚਾਰ ਜਣੇ ਪਾਜ਼ੇਟਿਵ ਆਏ ਹਨ। ਇਨ੍ਹਾਂ ਚਾਰ ਕੇਸਾਂ ਵਿਚ 2 ਔਰਤਾਂ ਅਤੇ 2 ਮਰਦ ਹਨ। ਇਕ ਔਰਤ ਲੰਮਾ ਪਿੰਡ ਦੀ ਗਰਭਵਤੀ ਔਰਤ ਹੈ ਅਤੇ ਦੂਜੀ ਔਰਤ ਰੋਜ਼ ਗਾਰਡਨ ਦੀ ਹੈ।ਜਿਲ੍ਹੇ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 270 ਹੋ ਗਈ ਹੈ ਜਦਕਿ ਇਕ ਵਿਅਕਤੀ ਟੈਗੋਰ ਨਗਰ ਅਤੇ ਦੂਜਾ ਪ੍ਰੀਤ ਨਗਰ ਲੱਧੇਵਾਲੀ ਰੋਡ ਦਾ ਰਹਿਣ ਵਾਲਾ ਹੈ।
ਗੁਰਦਾਸਪੁਰ ਦਾ ਨੌਜਵਾਨ ਕਰੋਨਾ ਪਾਜ਼ੇਟਿਵ
ਗੁਰਦਾਸਪੁਰ (ਜਤਿੰਦਰ ਬੈਂਸ): ਬੀਤੇ ਦਿਨੀਂ ਕਵੈਤ ਤੋਂ ਪਰਤਿਆ ਗੁਰਦਾਸਪੁਰ ਦੇ ਕਾਦਰੀ ਮੁਹੱਲਾ ਦਾ ਵਾਸੀ ਇਕ ਨੌਜਵਾਨ ਕਰੋਨਾ ਪਾਜ਼ੇਟਿਵ ਮਿਲਿਆ ਹੈ। ਉਸ ਨੂੰ ਸਥਾਨਕ ਮੈਰੀਟੋਰੀਅਸ ਸਕੂਲ ਵਿੱਚ ਰੱਖਿਆ ਗਿਆ ਲੇਕਿਨ ਬਾਅਦ ਵਿੱਚ ਧਾਰੀਵਾਲ ਸ਼ਿਫਟ ਕਰ ਦਿੱਤਾ ਗਿਆ। ਜ਼ਿਲ੍ਹਾ ਗੁਰਦਾਸਪੁਰ ਵਿੱਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 10 ਹੋ ਗਈ ਹੈ ਜਿਨ੍ਹਾਂ ਵਿੱਚੋਂ ਤਿੰਨ ਬਟਾਲਾ, 6 ਧਾਰੀਵਾਲ ਅਤੇ ਇਕ ਅੰਮ੍ਰਿਤਸਰ ਦਾਖਲ ਹੈ।
ਹੁਸ਼ਿਆਰਪੁਰ ’ਚ ਇਕ ਹੋਰ ਮਰੀਜ਼ ਦੀ ਪੁਸ਼ਟੀ
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਜ਼ਿਲ੍ਹਾ ਹੁਸ਼ਿਆਰਪੁਰ ’ਚ ਵੀਰਵਾਰ ਨੂੰ ਇੱਕ ਹੋਰ ਕਰੋਨਾ ਪਾਜ਼ੇਟਿਵ ਮਰੀਜ਼ ਦੀ ਪੁਸ਼ਟੀ ਹੋਣ ਨਾਲ ਹੁਣ ਜ਼ਿਲ੍ਹੇ ਵਿੱਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 135 ਹੋ ਗਈ ਹੈ। ਨਵਾਂ ਆਇਆ ਮਰੀਜ਼ ਦਸੂਹੇ ਨਾਲ ਸਬੰਧਤ ਹੈ। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚੋਂ ਸ਼ੱਕੀ ਲੱਛਣਾਂ ਵਾਲੇ 3323 ਵਿਅਕਤੀਆਂ ਦੇ ਨਮੂਨੇ ਲਏ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ 2650 ਨੈਗੇਟਿਵ ਅਤੇ 135 ਪਾਜ਼ੇਟਿਵ ਆਏ ਹਨ। ਇਨ੍ਹਾਂ ਵਿੱਚੋਂ 5 ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 112 ਤੰਦਰੁਸਤ ਹੋ ਕੇ ਘਰ ਪਰਤ ਚੁੱਕੇ ਹਨ। ਉਨ੍ਹਾਂ ਦੱਸਿਆ ਕਿ 512 ਨਮੂਨਿਆਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਬੇਗੋਵਾਲ ਥਾਣੇ ਦੇ ਇੱਕ ਏਐਸਆਈ ਦੀ ਰਿਪੋਰਟ ਪਾਜ਼ੇਟਿਵ
ਨਡਾਲਾ (ਪੱਤਰ ਪੇ੍ਰਕ): ਬੇਗੋਵਾਲ ਥਾਣੇ ਦੇ ਇੱਕ ਏਐਸਆਈ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪੁਲੀਸ ਮੁਲਾਜ਼ਮਾਂ ਅਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਸ ਸਬੰਧੀ ਐਸਐਮਓ ਬੇਗੋਵਾਲ ਡਾ. ਕਿਰਨਪ੍ਰੀਤ ਕੌਰ ਨੇ ਦੱਸਿਆ ਕਿ ਥਾਣੇ ਦੇ 5 ਮੁਲਾਜ਼ਮਾਂ ਦੇ ਕਰਵਾਏ ਟੈਸਟਾਂ ’ਚੋਂ ਇੱਕ ਏਐਸਆਈ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਕਤ ਏਐਸਆਈ ਦਸੂਹਾ ਲਾਗੇ ਪਿੰਡ ਗੌਰਸੀਆਂ ਦਾ ਰਹਿਣ ਵਾਲਾ ਹੈ ਅਤੇ ਕਾਫੀ ਸਮੇਂ ਤੋਂ ਬੇਗੋਵਾਲ ਥਾਣੇ ਵਿੱਚ ਤਾਇਨਾਤ ਹੈ। ਥਾਣੇ ਅੰਦਰ ਉਹ ਇੱਕ ਮੁਲਾਜ਼ਮ ਨਾਲ ਕਮਰੇ ਵਿਚ ਰਹਿ ਰਿਹਾ ਸੀ ਅਤੇ ਰਾਤ 8 ਵਜੇ ਡਿਊਟੀ ਕਰਕੇ ਘਰ ਚਲਾ ਗਿਆ ਸੀ। ਆਈ ਰਿਪੋਰਟ ਸਬੰਧੀ ਉਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਹੁਣ ਉਸ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿਚ ਇਲਾਜ ਲਈ ਰੱਖਿਆ ਜਾਵੇਗਾ। ਪੰਜਾਬ ਵਿੱਚ ਆਏ ਇਸ ਨਵੇਂ ਕੇਸ ਦੀ ਗਿਣਤੀ ਹੁਸ਼ਿਆਰਪੁਰ ਵਿੱਚ ਹੋਵੇਗੀ।