
ਜ਼ਿਲ੍ਹੇ ਵਿੱਚੋਂ ਅੱਵਲ ਰਹੀ ਗੌਰਮਿੰਟ ਮਾਡਲ ਹਾਈ ਸਕੂਲ ਸੈਕਟਰ-2 ਤਲਵਾੜਾ ਦੀ ਅੰਕਿਤਾ ਆਪਣੇ ਮਾਂ ਨਾਲ ਜਿੱਤ ਦਾ ਨਿਸ਼ਾਨ ਬਣਾਉਂਦੀ ਹੋਈ।
ਹਰਪ੍ਰੀਤ ਕੌਰ
ਹੁਸ਼ਿਆਰਪੁਰ, 26 ਮਈ
ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਲਈ ਗਈ ਦੱਸਵੀਂ ਦੀ ਪ੍ਰੀਖਿਆ ਵਿਚ ਜ਼ਿਲ੍ਹੇ ਦੇ 28 ਵਿਦਿਆਰਥੀ ਮੈਰਿਟ ਵਿਚ ਆਏ ਹਨ। ਗੌਰਮਿੰਟ ਮਾਡਲ ਹਾਈ ਸਕੂਲ ਸੈਕਟਰ-2 ਤਲਵਾੜਾ ਦੀ ਅੰਕਿਤਾ ਨੇ 640 ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ’ਚੋਂ ਪਹਿਲਾ ਤੇ ਸੂਬੇ ’ਚੋਂ 16ਵਾਂ ਸਥਾਨ ਹਾਸਲ ਕੀਤਾ ਹੈ। ਪਬਲਿਕ ਹਾਈ ਸਕੂਲ ਅਮਰੋਹ ਦੀ ਅਰਛਿਆ ਸ਼ਰਮਾ ਨੇ 639 ਅੰਕ ਲੈ ਕੇ ਜ਼ਿਲ੍ਹੇ ’ਚੋਂ ਦੂਜਾ ਤੇ ਜੀ.ਆਰ.ਡੀ ਪਬਲਿਕ ਹਾਈ ਸਕੂਲ ਹਾਜੀਪੁਰ ਦੀ ਤਨਵੀ ਰੀਹਲ ਨੇ 638 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ। ਮੈਰਿਟ ਵਿਚ ਆਉਣ ਵਾਲੇ 14 ਵਿਦਿਆਰਥੀ ਸਰਕਾਰੀ ਸਕੂਲਾਂ ਦੇ ਅਤੇ 14 ਪ੍ਰਾਈਵੇਟ ਸਕੂਲਾਂ ਦੇ ਹਨ।

ਜਲੰਧਰ (ਹਤਿੰਦਰ ਮਹਿਤਾ): ਦਸਵੀਂ ਜਮਾਤ ਦੇ ਨਤੀਜੇ ’ਚ 96.92 ਦੀ ਸਮੁੱਚੀ ਪਾਸ ਪ੍ਰਤੀਸ਼ਤਤਾ ਦੇ ਨਾਲ ਜਲੰਧਰ ਸੂਬੇ ਵਿੱਚੋਂ 18ਵੇਂ ਨੰਬਰ ’ਤੇ ਹੈ। ਜ਼ਿਲ੍ਹੇ ਦੇ 19 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿੱਚ ਥਾਂ ਬਣਾਈ। ਜਲੰਧਰ ਦੀ ਮਨਪ੍ਰੀਤ ਕੌਰ ਨੇ 98.62 ਫੀਸਦੀ ਅੰਕ ਲੈ ਕੇ ਸੂਬੇ ’ਚੋਂ ਸੱਤਵਾਂ ਸਥਾਨ ਹਾਸਲ ਕੀਤਾ ਹੈ। ਸੀਨੀਅਰ ਸੈਕੰਡਰੀ ਸਕੂਲ ਰੰਧਾਵਾ ਮਸੰਦਾ ਦੀ ਖਵਾਹਿਸ਼ ਨੇ ਸੂਬੇ ਵਿੱਚੋਂ ਅੱਠਵਾਂ ਸਥਾਨ ਹਾਸਲ ਕੀਤਾ ਅਤੇ ਜ਼ਿਲ੍ਹੇ ਵਿੱਚ ਦੂਜੇ ਸਥਾਨ ’ਤੇ ਰਿਹਾ। ਟੈਗੋਰ ਮਾਡਲਸਕੂਲ ਨਕੋਦਰ ਦੀ ਵਿਦਿਆਰਥਣ ਜੈਸਮੀਨ ਨੇ ਵੀ ਜ਼ਿਲ੍ਹੇ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ। ਇਸੇ ਸਕੂਲ ਦੀ ਜਸਦੀਪ ਕੌਰ ਤੇ, ਐਸਪੀ ਸਕੂਲ ਦਿਉਲ ਨਗਰ ਦੀ ਵਿਦਿਆਰਥਣ ਤਨਵੀ ਨੇ 98.31 ਫੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ 98.97 ਫ਼ੀਸਦ ਦੇ ਸਮੁੱਚੇ ਨਤੀਜੇ ਨਾਲ ਸੂਬੇ ਵਿੱਚੋਂ ਤੀਜੇ ਸਥਾਨ ’ਤੇ ਰਿਹਾ ਹੈ। ਆਤਮ ਪਬਲਿਕ ਸਕੂਲ ਇਸਲਾਮਾਬਾਦ ਦਾ ਵਿਦਿਆਰਥੀ ਨਮਨ ਯਸ਼ਪਾਲ 98.97 ਫੀਸਦੀ ਅੰਕ ਲੈ ਕੇ ਜ਼ਿਲ੍ਹੇ ਵਿੱਚ ਪਹਿਲੇ ਸਥਾਨ ’ਤੇ ਰਿਹਾ ਹੈ। ਨਿਊ ਫਲਾਵਰ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਨਿਤਿਕਾ ਕੁਲ 641 ਅੰਕ ਲੈ ਕੇ ਜ਼ਿਲ੍ਹੇ ਵਿੱਚੋਂ ਦੂਜੇ ਸਥਾਨ ’ਤੇ ਰਹੀ ਹੈ ਜਦੋਂ ਕਿ ਤੀਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਬਾਬਾ ਦੀਪ ਸਿੰਘ ਦੀ ਵਿਦਿਆਰਥਣ ਪਰੀ ਨੇ ਪ੍ਰਾਪਤ ਕੀਤਾ ਹੈ।
ਜ਼ਿਲ੍ਹਾ ਗੁਰਦਾਸਪੁਰ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ
ਕਾਹਨੂੰਵਾਨ (ਵਰਿੰਦਰਜੀਤ ਜਾਗੋਵਾਲ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਦੇ ਨਤੀਜੇ ਵਿੱਚ ਸ਼ਹੀਦ ਗੁਰਬਖ਼ਸ਼ ਸਿੰਘ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੈਨੇਕੋਟ ਦੇ ਵਿਦਿਆਰਥੀ ਅਭਿਸ਼ੇਕ ਪੁੱਤਰ ਨਰਿੰਦਰ ਪਾਲ ਨੇ ਬੋਰਡ ਦੀ ਮੈਰਿਟ ਲਿਸਟ ਵਿਚੋਂ 9ਵਾਂ ਅਤੇ ਜ਼ਿਲ੍ਹੇ ਭਰ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਤਰ੍ਹਾਂ ਹੀ ਚਰਨ ਸਿੰਘ ਮੈਮੋਰੀਅਲ ਗਿਆਨ ਅਨੁਜਨ ਸੀਨੀਅਰ ਸੈਕੰਡਰੀ ਸਕੂਲ ਭੈਣੀ ਮੀਆਂ ਖਾਂ ਦੀ ਵਿਦਿਆਰਥਣ ਚੇਤਨਾ ਪੁੱਤਰੀ ਨਰੇਸ਼ ਕੁਮਾਰ ਨੇ ਬੋਰਡ ਦੀ ਮੈਰਿਟ ਵਿਚੋਂ 10ਵਾਂ ਅਤੇ ਜ਼ਿਲ੍ਹੇ ਭਰ ਵਿਚੋਂ ਦੂਸਰਾ ਸਥਾਨ ਹਾਸਲ ਕੀਤਾ ਹੈ। ਇਸ ਦਾ ਸਿਹਰਾ ਅਭਿਸ਼ੇਕ ਦੇ ਮਾਪਿਆਂ ਨੇ ਸਕੂਲ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਨੂੰ ਦਿੱਤਾ ਹੈ।
ਲਤਾ 97.23 ਫ਼ੀਸਦ ਅੰਕ ਲੈ ਕੇ ਜ਼ਿਲ੍ਹਾ ਪਠਾਨਕੋਟ ਵਿੱਚੋਂ ਅੱਵਲ

ਪਠਾਨਕੋਟ (ਐੱਨਪੀ ਧਵਨ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਦਸਵੀਂ ਜਮਾਤ ਦੇ ਐਲਾਨੇ ਨਤੀਜੇ ਵਿੱਚ ਜ਼ਿਲ੍ਹਾ ਪਠਾਨਕੋਟ ਦੇ ਸਕੂਲ ਆਫ਼ ਐਮੀਨੈਂਸ, ਭੋਆ ਦੀ ਵਿਦਿਆਰਥਣ ਲਤਾ ਨੇ 632 ਨੰਬਰ (97.23 ਪ੍ਰਤੀਸ਼ਤ) ਪ੍ਰਾਪਤ ਕਰਕੇ ਮੈਰਿਟ ਵਿੱਚ ਸਥਾਨ ਪ੍ਰਾਪਤ ਕਰਨ ਦੇ ਨਾਲ ਨਾਲ ਜ਼ਿਲ੍ਹਾ ਪਠਾਨਕੋਟ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ। ਵਿਦਿਆਰਥਣ ਦੀ ਇਸ ਕਾਮਯਾਬੀ ਤੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸ਼ ਗੁਪਤਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਰਾਜੇਸ਼ਵਰ ਸਲਾਰੀਆ ਨੇ ਵਿਦਿਆਰਥਣ ਅਤੇ ਮਾਪਿਆਂ ਨੂੰ ਵਧਾਈ ਦਿੱਤੀ।
ਤਰਨ ਤਾਰਨ ਜ਼ਿਲ੍ਹੇ ਦਾ ਨਤੀਜਾ ਸ਼ਾਨਦਾਰ
ਤਰਨ ਤਾਰਨ (ਗੁਰਬਖ਼ਸ਼ਪੁਰੀ): ਦਸਵੀਂ ਜਮਾਤ ਦੇ ਨਤੀਜੇ ਵਿੱਚ ਤਰਨ ਤਾਰਨ ਜ਼ਿਲ੍ਹੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 12ਵੀਂ ਜਮਾਤ ਦੇ ਨਤੀਜੇ ਨੂੰ ਦੁਹਰਾਇਆ। ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਸਤਨਾਮ ਸਿੰਘ ਬਾਠ ਨੇ ਅੱਜ ਇਥੇ ਦੱਸਿਆ ਕਿ ਜ਼ਿਲ੍ਹੇ ਦੇ ਪੰਜ ਹੋਣਹਾਰ ਵਿਦਿਆਰਥੀ ਮੈਰਿਟ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾਉਣ ਵਿੱਚ ਸਫਲ ਰਹੇ ਹਨ| ਇਨ੍ਹਾਂ ਪੰਜ ਵਿੱਚੋਂ ਸਰਕਾਰੀ ਸਕੂਲਾਂ ਦੇ ਦੋ ਵਿਦਿਆਰਥੀ ਸ਼ਾਮਲ ਹਨ| ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁਬਲੀ ਦੇ ਵਿਦਿਆਰਥੀ ਜਤਨਪ੍ਰੀਤ ਸਿੰਘ ਨੇ 636/650ਅੰਕ ਲੈ ਕੇ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚੋਂ ਪਹਿਲਾ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ਼ਪੁਰ ਦੀ ਵਿਦਿਆਰਥਣ ਨਵਜੋਤ ਕੌਰ ਨੇ 632/650 ਅੰਕ ਲੈ ਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚੋਂ ਦੂਸਰਾ ਸਥਾਨ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਮੈਰਿਟ ਸੂਚੀ ਵਿੱਚ ਸਥਾਨ ਹਾਸਲ ਕਰਕੇ ਆਪਣੇ ਮਾਤਾ ਪਿਤਾ, ਅਧਿਆਪਕਾਂ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਇਸੇ ਤਰ੍ਹਾਂ ਪ੍ਰਾਈਵੇਟ ਸੰਸਥਾਵਾਂ ਵਿੱਚੋਂ ਬਾਬਾ ਗੁਰਮੁਖ ਸਿੰਘ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ ਦੇ ਵਿਦਿਆਰਥੀ ਹਰਮਨਬੀਰ ਸਿੰਘ ਨੇ 640/650 ( 97.85%) ਅੰਕ ਲੈਕੇ ਪ੍ਰਾਈਵੇਟ ਸਕੂਲਾਂ ਵਿੱਚੋਂ ਜ਼ਿਲ੍ਹੇ ‘ਚੋਂ ਪਹਿਲਾ ਅਤੇ ਸਤਲੁਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਠੱਕਰਪੁਰਾ (ਪੱਟੀ) ਦੀ ਪਲਕਦੀਪ ਕੌਰ ਨੇ 634/650 ਨੇ ਦੂਸਰਾ ਅਤੇ ਸ਼ਹੀਦ ਬਾਬਾ ਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਕੰਗ ਦੀ ਵਿਦਿਆਰਥਣ ਰਿਆ ਅਰੋੜਾ ਨੇ 632/650 ਅੰਕ ਲੈ ਕੇ ਮੈਰਿਟ ਸੂਚੀ ਵਿੱਚ ਜਗ੍ਹਾ ਬਣਾਈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ