ਤੁਸੀਂ ਸਮਝੋ...
ਕੁਝ ਦਿਨ ਪਹਿਲਾਂ ਮੇਰੇ ਕੋਲ ਕਾਊਂਸਲਿੰਗ ਸੈਸ਼ਨ ਵਿੱਚ ਇੱਕ ਔਰਤ ਆਈ। ਉਮਰ ਲਗਭਗ 55 ਸਾਲ। ਬਹੁਤ ਸੋਹਣਾ ਲਿਬਾਸ, ਪੂਰੀ ਇੱਜ਼ਤਦਾਰ, ਪਰ ਅੱਖਾਂ ਵਿੱਚ ਅਜੀਬ ਜਿਹੀ ਖਾਮੋਸ਼ੀ। ਅਸੀਂ ਇੱਕ ਦੂਜੇ ਨੂੰ ਸਤਿ ਸ਼੍ਰੀ ਅਕਾਲ ਕੀਤੀ, ਉਸ ਨੇ ਪਾਣੀ ਪੀਤਾ ਅਤੇ ਫਿਰ...
ਕੁਝ ਦਿਨ ਪਹਿਲਾਂ ਮੇਰੇ ਕੋਲ ਕਾਊਂਸਲਿੰਗ ਸੈਸ਼ਨ ਵਿੱਚ ਇੱਕ ਔਰਤ ਆਈ। ਉਮਰ ਲਗਭਗ 55 ਸਾਲ। ਬਹੁਤ ਸੋਹਣਾ ਲਿਬਾਸ, ਪੂਰੀ ਇੱਜ਼ਤਦਾਰ, ਪਰ ਅੱਖਾਂ ਵਿੱਚ ਅਜੀਬ ਜਿਹੀ ਖਾਮੋਸ਼ੀ। ਅਸੀਂ ਇੱਕ ਦੂਜੇ ਨੂੰ ਸਤਿ ਸ਼੍ਰੀ ਅਕਾਲ ਕੀਤੀ, ਉਸ ਨੇ ਪਾਣੀ ਪੀਤਾ ਅਤੇ ਫਿਰ ਸੈਸ਼ਨ ਸ਼ੁਰੂ ਹੋਇਆ। ਮੈਂ ਉਸ ਨੂੰ ਕੁਝ ਮੁੱਢਲੇ ਸਵਾਲ ਪੁੱਛੇ। ਮੈਂ ਉਸ ਨੂੰ ਪੁੱਛਿਆ “ਤੁਹਾਡੇ ਕਿੰਨੇ ਬੱਚੇ ਹਨ?”
ਉਸ ਨੇ ਕਿਹਾ: “ਇੱਕ।”
ਮੈਂ ਫਿਰ ਸਵਾਲ ਦੁਹਰਾਇਆ। ਉਸ ਦਾ ਉੱਤਰ ਫਿਰ ਵੀ “ਇੱਕ” ਸੀ।
ਮੈਂ ਨਰਮਦਿਲੀ ਨਾਲ ਫਿਰ ਪੁੱਛਿਆ। ਉਸ ਨੇ ਫਿਰ ਉਹੀ ਉੱਤਰ ਦਿੱਤਾ। ਮੈਂ ਸਹਿਜ ਸੁਭਾਅ ਨਾਲ ਉਸ ਨੂੰ ਦੁਬਾਰਾ ਪੁੱਛਿਆ ਕਿ ਜਿਸ ਜਾਣਕਾਰ ਰਾਹੀਂ ਉਹ ਮੇਰੇ ਕੋਲ ਆਈ ਸੀ, ਉਸ ਨੇ ਮੈਨੂੰ ਉਸ ਦੇ ਚਾਰ ਬੱਚਿਆਂ ਦੇ ਹੋਣ ਬਾਰੇ ਦੱਸਿਆ ਸੀ। ਜਦ ਮੈਂ ਇਹ ਗੱਲ ਉਸ ਨੂੰ ਦੱਸੀ, ਤਾਂ ਉਹ ਅਜੀਬ ਜਿਹੀ ਹਾਸੀ ਨਾਲ ਕਹਿੰਦੀ;
“ਓਕੇ।” ਫਿਰ ਕਹਿੰਦੀ, “ਹਾਂ, ਚਾਰ ਨੇ, ਪਰ ਉਨ੍ਹਾਂ ਵਿੱਚੋਂ ਇੱਕ ਪੁੱਤਰ ਹੈ, ਬਾਕੀ ਤਿੰਨ ਧੀਆਂ।”
ਮੈਂ ਕਿਹਾ, “ਫਿਰ ਵੀ, ਮੈਡਮ, ਇਹ ਹੋਏ ਤਾਂ ਚਾਰ ਹੀ।”
ਉਹ ਅੜੀ: “ਨਹੀਂ, ਤੁਸੀਂ ਇੱਕ ਹੀ ਲਿਖੋ।”
ਮੈਂ ਕਿਹਾ, “ਮੈਡਮ, ਸਮਝਣ ਦੀ ਕੋਸ਼ਿਸ਼ ਕਰੋ।”
ਉਹ ਮੇਰੀਆਂ ਅੱਖਾਂ ’ਚ ਅੱਖਾਂ ਪਾ ਕੇ ਨਿਰੀ ਖਾਮੋਸ਼ੀ ਨਾਲ ਕਹਿੰਦੀ;
“ਤੁਸੀਂ ਸਮਝੋ...ਮੈਂ ਤਾਂ ਸਮਝ ਗਈ ਹਾਂ।”
ਇਹ ਉਹ ਵਾਕ ਸੀ ਜੋ ਮੇਰੀ ਰੂਹ ਨੂੰ ਝੰਜੋੜ ਗਿਆ। ਚੁੱਪ ਛਾ ਗਈ। ਉਸ ਦਾ ਗਲਾ ਤਾਂ ਭਰ ਆਇਆ ਸੀ, ਪਰ ਰੋਣਾ ਨਹੀਂ। ਉਹ ਚੁੱਪੀ ਵੀ ਕਿੰਨੀ ਉੱਚੀ ਸੀ
ਜੋ ਸਿੱਧੀ ਰੂਹ ’ਤੇ ਲੱਗ ਰਹੀ ਸੀ। ਮੈਨੂੰ ਉਸ ਦੀਆਂ ਅੱਖਾਂ ਵਿੱਚ ਪਾਣੀ ਤੈਰਦਾ ਹੋਇਆ ਨਜ਼ਰ ਆਇਆ, ਪਰ ਉਹ ਹੰਝੂ ਬਣ ਕੇ ਬਾਹਰ ਨਹੀਂ ਡਿੱਗਿਆ।
ਉਹ ਦਰਦ ਅਜੇ ਵੀ ਅੱਖਾਂ ਦੇ ਕਿਨਾਰੇ ’ਤੇ ਅਟਕਿਆ ਹੋਇਆ ਸੀ.... ਨਾ ਬੋਲਿਆ ਗਿਆ, ਨਾ ਰੋਇਆ ਗਿਆ, ਸਿਰਫ਼ ਮਹਿਸੂਸ ਕੀਤਾ ਗਿਆ। ਪਰ ਅੰਦਰ ਦੀ ਸਾਂਝ ਬਣ ਚੁੱਕੀ ਸੀ।
ਉਸ ਦੀਆਂ ਅੱਖਾਂ ਵਿੱਚ ਸਾਲਾਂ ਦੀ ਚੀਕ ਸੀ। ਲੋਕਾਂ ਦੀਆਂ ਟਿੱਪਣੀਆਂ, ਪੁੱਤਰ ਦੀ ਲੋੜ, ਧੀਆਂ ਨੂੰ ਘੱਟ ਸਮਝਣਾ। ਉਹ ਰੋ ਨਾ ਸਕੀ...ਉਹ ਘੁੱਟ ਕੇ ਬੈਠੀ ਰਹੀ... ਬਿਲਕੁਲ ਸ਼ੀਸ਼ੇ ਦੇ ਪਿੰਜਰੇ ਵਾਂਗ ਜਿਸ ਵਿੱਚ ਉਸ ਦੇ ਦਰਦ ਦਿਖਾਈ ਦੇ ਰਹੇ ਸਨ, ਪਰ ਸਮਝ ਨਹੀਂ ਆ ਰਹੇ ਸਨ। ਉਸ ਦੀ ਉਹ ਘੁੱਟ, ਉਹ ਥਰਥਰਾਉਂਦੀ ਆਵਾਜ਼, ਮੇਰੀ ਰੂਹ ਨੂੰ ਅੰਦਰੋਂ ਚੀਰਦੀ ਜਾ ਰਹੀ ਸੀ।
ਫਿਰ ਉਸ ਨੇ ਹੌਲੀ-ਹੌਲੀ ਬੋਲਣਾ ਸ਼ੁਰੂ ਕੀਤਾ।
ਕਹਿੰਦੀ: ਮੇਰੇ ਤਿੰਨ ਧੀਆਂ ਹਨ ਜੋ ਕਿ ਮੇਰੇ ਜਿਗਰ ਦਾ ਟੁਕੜਾ ਹਨ, ਮੇਰੇ ਸਿਰ ਦਾ ਤਾਜ ਹਨ, ਪਰ ਸਮਾਜ ਲਈ ਉਹ ਤਿੰਨ ਪੱਥਰ ਹਨ... ਜਦੋਂ ਮੇਰੀ ਤੀਜੀ ਧੀ ਹੋਈ, ਤਾਂ ਮੇਰਾ ਜਿਉਣਾ ਨਰਕ ਬਣ ਗਿਆ।
ਪਤੀ ਨੇ ਕਿਹਾ, ‘‘ਇਸ ਵਾਰੀ ਪੁੱਤਰ ਚਾਹੀਦਾ ਹੈ, ਕਿਸੇ ਵੀ ਕੀਮਤ ’ਤੇ।’’
ਮੈਂ ਤਿੰਨ ਸੀ-ਸੈਕਸ਼ਨ ਤੋਂ ਲੰਘ ਚੁੱਕੀ ਸੀ, ਪਰ ਚੌਥੀ ਵਾਰੀ ਸਾਧਾਰਨ ਡਿਲਿਵਰੀ ਹੋਈ। ਹਾਂ, ਪੁੱਤਰ ਹੋਇਆ, ਪਰ ਮੇਰੀ ਆਤਮਾ ਜ਼ਖ਼ਮੀ ਹੋ ਗਈ। ਮੈਂ ਆਪਣੇ ਕੰਨਾਂ ਨਾਲ ਸੁਣਿਆ;
“ਪੁੱਤਰ ਚਾਹੀਦਾ ਸੀ, ਜੇ ਇਸ ਦੀ ਜਾਨ ਵੀ ਚਲੀ ਜਾਂਦੀ, ਤਾਂ ਵੀ ਪਰਵਾਹ ਨਹੀਂ ਸੀ।” ਉਸ ਦੀ ਹਰ ਇੱਕ ਸਿਸਕੀ ਇੱਕ ਜ਼ਖ਼ਮ ਸੀ।
ਜੋ ਸਿਰਫ਼ ਉਸ ਦੀ ਨਹੀਂ, ਸਾਡੀ ਸਮਾਜਿਕ ਸੋਚ ਦਾ ਨਤੀਜਾ ਸੀ। ਉਹ ਰੋਣ ਤੋਂ ਵੀ ਡਰਦੀ ਸੀ ਕਿਉਂਕਿ ਕਈ ਵਾਰ ਧੀਆਂ ਦੀਆਂ ਮਾਵਾਂ ਨੂੰ ਆਪਣੇ ਹੰਝੂਆਂ ਲਈ ਵੀ ਸਫ਼ਾਈ ਦੇਣੀ ਪੈਂਦੀ ਏ।
ਕਹਿੰਦੀ, “ਉਸ ਦਿਨ ਤੋਂ ਮੈਂ ਅੰਦਰੋਂ ਟੁੱਟ ਚੁੱਕੀ ਹਾਂ। ਮੈਂ ਮਾਂ ਤਾਂ ਹਾਂ ਚਾਰ ਬੱਚਿਆਂ ਦੀ, ਪਰ ਪਰਿਵਾਰ ਨੇ ਤਿੰਨ ਨੂੰ ਕਦੇ ਮੰਨਿਆ ਹੀ ਨਹੀਂ, ਕਿਉਂਕਿ ਇਹ ਧੀਆਂ ਹਨ ...ਧੀਆਂ ਹੋਣ ਦੀ ਸਜ਼ਾ ਪਾ ਰਹੀਆਂ ਹਨ।” ਉਹ ਬੋਲਦੀ ਜਾ ਰਹੀ ਸੀ ਤੇ ਮੇਰੀ ਰੂਹ ਨੂੰ ਅੰਦਰ ਤੱਕ ਚੀਰਦੀ ਜਾ ਰਹੀ ਸੀ।
ਉਹ ਆਪਣੇ ਜਜ਼ਬਾਤਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੀ ਰਹੀ। ਉਹ ਰੋਣ ਦੀ ਇਜਾਜ਼ਤ ਤਲਾਸ਼ ਰਹੀ ਸੀ, ਪਰ ਸਮਾਜ ਨੇ ਉਸ ਤੋਂ ਉਹ ਹੱਕ ਵੀ ਖੋਹ ਲਿਆ ਸੀ।
ਉਹ ਦੇ ਹਾਲਾਤ ਸਿਰਫ਼ ਉਸ ਦੀ ਜ਼ਿੰਦਗੀ ਦੀ ਕਹਾਣੀ ਨਹੀਂ ਸਨ, ਇਹ ਸਾਡੀ ਨਕਾਰਾਤਮਕ ਸਮਾਜਿਕ ਬਿਮਾਰੀ ਦੀ ਗੂੰਜ ਸਨ। ਉਹ ਤੱਤ ਜੋ ਔਰਤ ਨੂੰ ਹੀ ਔਰਤ ਦੀ ਹੋਂਦ ਤੋਂ ਇਨਕਾਰ ਕਰਾਉਂਦਾ ਹੈ।
ਇਸ ਮਾਂ ਦੀਆਂ ਅੱਖਾਂ ਦੀ ਨਮੀ ਮੇਰੀ ਰੂਹ ’ਤੇ ਲੱਗ ਗਈ। ਮੈਂ ਸੋਚਣ ਲੱਗੀ, ਅੱਜ ਵੀ ਅਸੀਂ ਕਿੰਨੇ ਹੀ ਘਰਾਂ ਵਿੱਚ ਧੀ ਹੋਣ ਦੇ ਗੁਨਾਹ ਦੀ ਸਜ਼ਾ ਦੇ ਰਹੇ ਹਾਂ? ਕਿੰਨੀਆਂ ਮਾਵਾਂ ਨੇ ਆਪਣਾ ਹਿੱਸਾ ਹੀ ਮੰਨਣਾ ਛੱਡ ਦਿੱਤਾ? ਜਦ ਉਸ ਨੇ ਕਿਹਾ “ਤੁਸੀਂ ਸਮਝੋ।”
ਉਹ ਸਿਰਫ਼ ਮੇਰੇ ਲਈ ਨਹੀਂ ਸੀ, ਉਹ ਸਾਡੇ ਸਾਰਿਆਂ ਲਈ ਸੀ। ਸਮਾਜ ਲਈ, ਔਰਤਾਂ ਲਈ ਜੋ ਹੋਰ ਔਰਤਾਂ ਨੂੰ ਧੀਆਂ ਦੀ ਮਾਂ ਬਣਨ ਤੇ ਪੁੱਤਰ ਦੇ ਨਾਂ ’ਤੇ ਅਸਵੀਕਾਰ ਕਰਦੀਆਂ ਹਨ। ਉਹੋ ਸਮਾਜਿਕ ਤਾਣਿਆਂ ’ਤੇ, ਸਮਾਜਿਕ ਸ਼ਗਨ ਵਿਹਾਰਾਂ ’ਤੇ ਆਪਣੇ ਹੰਝੂਆਂ ਨੂੰ ਰੋਕ ਕੇ, ਸਦਾ ਇੱਕ ਅਜਿਹੇ ਇਲਜ਼ਾਮ ਨਾਲ ਜਿਉਂਦੀ ਰਹੀ, ਜਿਵੇਂ ਧੀਆਂ ਨੂੰ ਜੰਮਣਾ ਉਸ ਦਾ ਗੁਨਾਹ ਹੋਵੇ। ਨਾ ਕਿਸੇ ਨੇ ਉਸ ਦਾ ਦਰਦ ਪੜ੍ਹਿਆ, ਨਾ ਕਿਸੇ ਨੇ ਉਸ ਦੀ ਹੋਂਦ। ਇਹ ਵਿਗਿਆਨਕ ਤੌਰ ’ਤੇ ਸੱਚ ਹੈ ਕਿ ਸੰਤਾਨ ਦਾ ਪੁੱਤਰ ਹੋਣਾ ਜਾਂ ਧੀ ਹੋਣਾ ਔਰਤ ਦੇ ਹੱਥ ਵਿੱਚ ਕਦੇ ਵੀ ਨਹੀਂ ਹੁੰਦਾ। ਉਹ ਸਿਰਫ਼ ਆਪਣੇ ਲਈ ਤੜਫ਼ ਨਹੀਂ ਰਹੀ ਸੀ...ਉਹ ਤੜਫ਼ ਰਹੀ ਸੀ ਹਰ ਉਸ ਮਾਂ ਲਈ, ਜਿਸ ਨੇ ਧੀ ਜਣ ਕੇ ਆਪਣੀ ਹੀ ਵੁੱਕਤ ਗਵਾ ਲਈ। ਉਹ ਰੋ ਰਹੀ ਸੀ ਉਸ ਸਮਾਜ ਲਈ ਜੋ ਅੱਜ ਵੀ ਪੁੱਤਰ ਨੂੰ ਮਾਣ ਸਮਝਦਾ ਹੈ ਤੇ ਧੀ ਨੂੰ ਭਾਰ।
ਸਮਾਂ ਆ ਗਿਆ ਹੈ ਰੁਕ ਕੇ ਸੋਚਣ ਦਾ, ਮਹਿਸੂਸ ਕਰਨ ਦਾ ਤੇ ਬਦਲਣ ਦਾ।
ਜਦ ਤੱਕ ਅਸੀਂ ‘ਧੀ’ ਦੇ ਜਨਮ ਨੂੰ ਸ਼ਾਨ ਨਹੀਂ ਬਣਾਉਂਦੇ, ਉਹ ਹੰਝੂ ਵਗਦੇ ਰਹਿਣਗੇ ਤੇ ਹਰ ਧੀ ਦੀ ਮਾਂ ‘ਤੁਸੀਂ ਸਮਝੋ’ ਆਖਦੀ ਰਹੇਗੀ। ਉਹ ਰੋ ਰਹੀ ਸੀ, ਪਰ ਉਹ ਰੋਣਾ ਸਿਰਫ਼ ਆਪਣੀ ਅਪਮਾਨਿਤ ਜ਼ਿੰਦਗੀ ਲਈ ਨਹੀਂ ਸੀ। ਉਹ ਹੰਝੂ ਨਹੀਂ ਸਨ, ਉਹ ਤਾਂ ਸਦੀਆਂ ਤੋਂ ਦੱਬੇ ਹੋਏ ਦਰਦ ਦੀ ਸਜੀਵੀ ਚੀਕ ਸਨ। ਧੀਆਂ ਦੀਆਂ ਮਾਵਾਂ ਅੱਜ ਵੀ ਆਪਣੇ ਹੀ ਘਰਾਂ ਵਿੱਚ ਬੇਗਾਨੀਆਂ ਬਣ ਕੇ ਜੀ ਰਹੀਆਂ ਹਨ। ਉਹ ਮਾਂ ਜੋ ਚਾਰ ਬੱਚਿਆਂ ਦੀ ਮਾਂ ਸੀ, ਅੱਜ ਤਿੰਨ ਨੂੰ ਗਿਣਦੀ ਵੀ ਨਹੀਂ ਕਿਉਂਕਿ ਸਮਾਜ ਨੇ ਉਸ ਦੇ ਮਨ ਵਿੱਚ ਇਹ ਲਿਖ ਦਿੱਤਾ ਕਿ ਧੀਆਂ ਗਿਣਤੀ ਵਿੱਚ ਨਹੀਂ ਆਉਂਦੀਆਂ। ‘ਤੁਸੀਂ ਸਮਝੋ...’ ਇਹ ਸਿਰਫ਼ ਇੱਕ ਵਾਕ ਨਹੀਂ ਸੀ, ਇਹ ਤਾਂ ਸਾਡੇ ਸਮੂਹਿਕ ਅਣਸੁਣੇ ਪਾਪਾਂ ਦਾ ਖ਼ਾਮੋਸ਼ ਇਲਜ਼ਾਮ ਸੀ। ਸਮਾਂ ਆ ਗਿਆ ਹੈ, ਜਦ ਅਸੀਂ ਗੁਰੂ ਨਾਨਕ ਜੀ ਦੀ ਬਾਣੀ ਨੂੰ ਸਿਰਫ਼ ਪੜ੍ਹੀਏ ਨਹੀਂ, ਜੀਵੀਏ: ਸੋ ਕਿਉਂ ਮੰਦਾ ਆਖੀਐ ਜਿਤੁ ਜੰਮੈ ਰਾਜਾਨ।।
ਅਸੀਂ ਚੁੱਪ ਰਹੇ ਤਾਂ ਉਹ ਹੰਝੂ ਕਦੇ ਨਹੀਂ ਸੁੱਕਣਗੇ ਅਤੇ ਹਰ ਧੀ ਦੀ ਮਾਂ, ‘ਤੁਸੀਂ ਸਮਝੋ...’ ਆਖਦੀ ਰਹੇਗੀ। ਸੱਚ ਇਹ ਵੀ ਹੈ ਕਿ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ। ਸਮਾਜ ਵਿੱਚ ਅਜੇ ਵੀ ਬਹੁਤ ਸਾਰੇ ਸਮਝਦਾਰ, ਪਿਆਰ ਕਰਨ ਵਾਲੇ ਤੇ ਵਧੀਆ ਸੋਚ ਵਾਲੇ ਲੋਕ ਮੌਜੂਦ ਹਨ। ਅਜਿਹੇ ਮਾਪੇ ਵੀ ਹਨ ਜੋ ਆਪਣੀਆਂ ਧੀਆਂ ਨਾਲ ਬੇਹੱਦ ਪਿਆਰ ਕਰਦੇ ਹਨ, ਉਨ੍ਹਾਂ ਉੱਤੇ ਮਾਣ ਕਰਦੇ ਹਨ। ਅਜਿਹੇ ਸੱਸ-ਸਹੁਰੇ ਵੀ ਹਨ ਜੋ ਆਪਣੀ ਨੂੰਹ ਨੂੰ ਧੀ ਵਾਂਗ ਸਮਝਦੇ ਹਨ ਤੇ ਕਦੇ ਵੀ ਇਹ ਨਹੀਂ ਆਖਦੇ ਕਿ ਤੂੰ ਧੀ ਜਣ ਕੇ ਕੋਈ ਗ਼ਲਤੀ ਕੀਤੀ ਹੈ। ਉਹ ਲੋਕ ਧੀਆਂ ਨੂੰ ਰੱਬ ਦੀ ਨਿਯਾਮਤ ਮੰਨਦੇ ਹਨ। ਉਹ ਦੋ ਜਾਂ ਤਿੰਨ ਧੀਆਂ ਹੋਣ ਉੱਤੇ ਨਾ ਤਾ ਅਫ਼ਸੋਸ ਕਰਦੇ ਹਨ, ਨਾ ਹੀ ਤਾਅਨੇ ਮਾਰਦੇ ਹਨ।
ਸਾਨੂੰ ਇਹ ਸਮਝਣਾ ਹੋਵੇਗਾ ਕਿ ਬਦਲਾਅ ਹਮੇਸ਼ਾਂ ਨਿੱਕੀ ਨਿੱਕੀ ਸੋਚ ਤੋਂ ਸ਼ੁਰੂ ਹੁੰਦਾ ਹੈ। ਅਸੀਂ ਜੇ ਹਰ ਧੀ ਨੂੰ ਮਾਣ ਦੇਈਏ ਤਾਂ ਅਸਲ ਬਦਲਾਅ ਤਾਂ ਫਿਰ ਖੁਦ-ਬ-ਖੁਦ ਆ ਜਾਏਗਾ। ‘ਤੁਸੀਂ ਸਮਝੋ’ ਇਹ ਸਿਰਫ਼ ਸ਼ਬਦ ਨਹੀਂ, ਇੱਕ ਪੁਕਾਰ ਹੈ...ਇੱਕ ਅਜਿਹੀ ਪੁਕਾਰ, ਜੋ ਹਰ ਉਸ ਔਰਤ ਦੇ ਦਿਲ ਵਿੱਚੋਂ ਨਿਕਲ ਰਹੀ ਹੈ ਜੋ ਸਦੀਆਂ ਤੋਂ ਆਪਣੇ ਵਜੂਦ ਲਈ, ਆਪਣੀ ਧੀ ਦੀ ਕਦਰ ਲਈ ਚੁੱਪਚਾਪ ਲੜ ਰਹੀ ਹੈ।
ਸੰਪਰਕ: +1 (437) 871-0333

