ਹਰਜੀਤ ਅਟਵਾਲ
ਉਂਜ ਤਾਂ ਹਰ ਸ਼ਹਿਰ ਵਿਚ ਬਹੁਤ ਸਾਰੇ ਬੁੱਤ ਹੁੰਦੇ ਹਨ, ਪਰ ਲੰਡਨ ਨੂੰ ਬੁੱਤਾਂ ਦਾ ਸ਼ਹਿਰ ਕਿਹਾ ਜਾਵੇ ਤਾਂ ਗ਼ਲਤ ਨਹੀਂ ਹੋਵੇਗਾ। ਹਰ ਚੌਕ ਵਿਚ ਹੀ ਕੋਈ ਨਾ ਕੋਈ ਬੁੱਤ ਜਾਂ ਸਮਾਰਕ ਦੇਖਣ ਨੂੰ ਮਿਲ ਜਾਵੇਗਾ। ਆਮ ਤੌਰ ’ਤੇ ਬੁੱਤ ਕਿਸੇ ਵਿਸ਼ੇਸ਼ ਵਿਅਕਤੀ ਦੇ ਜੀਵਨ ਦਾ ਜਸ਼ਨ ਮਨਾਉਂਦਿਆਂ ਲਾਏ ਜਾਂਦੇ ਹਨ ਤੇ ਸਮਾਰਕ ਕਿਸੇ ਘਟਨਾ ਜਾਂ ਸਮੂਹ ਲੋਕਾਂ ਦੀ ਯਾਦ ਵਿਚ ਹੁੰਦੇ ਹਨ। ਮੈਨੂੰ ਇਨ੍ਹਾਂ ਬੁੱਤਾਂ ਨੂੰ ਦੇਖਣ ਤੇ ਇਨ੍ਹਾਂ ਬਾਰੇ ਜਾਣਨ ਦੀ ਹਮੇਸ਼ਾਂ ਜਗਿਆਸਾ ਰਹੀ ਹੈ। ਚਾਲੀ ਸਾਲ ਪਹਿਲਾਂ ਲੰਡਨ ਵਿਚ ਪੁੱਜ ਕੇ ਜਿਸ ਬੁੱਤ ਨੂੰ ਦੇਖ ਕੇ ਮੈਨੂੰ ਬਹੁਤ ਖ਼ੁਸ਼ੀ ਹੋਈ ਸੀ ਉਹ ਸੀ ਲੰਡਨ ਦੇ ਟੈਵੀਸਟੋਕ ਸੁਕੁਏਅਰ ਵਿਚ ਮਹਾਤਮਾ ਗਾਂਧੀ ਦਾ ਬੁੱਤ। ਹੁਣ ਤਾਂ ਬਰਤਾਨੀਆ ਵਿਚ ਗਾਂਧੀ ਦੇ ਕਈ ਬੁੱਤ ਲੱਗ ਚੁੱਕੇ ਹਨ, ਪਰ ਉਦੋਂ ਸ਼ਾਇਦ ਇਹ ਇਕੱਲਾ ਬੁੱਤ ਹੀ ਕਿਸੇ ਭਾਰਤੀ ਜਾਂ ਕਾਲੇ ਰੰਗ ਦੇ ਬੰਦੇ ਦਾ ਸੀ। ਇਹ ਬੁੱਤ ਮੇਰੇ ਕੰਮ ’ਤੇ ਜਾਂਦਿਆਂ ਰਾਹ ਤੋਂ ਕੁਝ ਹਟਵਾਂ ਸੀ, ਪਰ ਮੈਂ ਸਿਰਫ਼ ਇਸ ਬੁੱਤ ਨੂੰ ਦੇਖਣ ਲਈ ਇੱਧਰ ਦੀ ਘੁੰਮ ਕੇ ਜਾਂਦਾ। ਜਦੋਂ ਵੀ ਮੇਰਾ ਕੋਈ ਮਹਿਮਾਨ ਭਾਰਤ ਤੋਂ ਆਉਂਦਾ ਤਾਂ ਮੈਂ ਉਸ ਨੂੰ ਇਹ ਬੁੱਤ ਦਿਖਾਉਣ ਜ਼ਰੂਰ ਲੈ ਕੇ ਜਾਂਦਾ। ਬਹੁਤੀ ਵਾਰ ਇਸ ਮੁਹਰੇ ਫੁੱਲ ਚੜ੍ਹਾਏ ਹੁੰਦੇ, ਕਈ ਵਾਰ ਗਲ਼ ਵਿਚ ਫੁੱਲਾਂ ਦੇ ਹਾਰ ਹੁੰਦੇ, ਪਰ ਕਦੇ ਕਦੇ ਜੁੱਤੀਆਂ ਦੇ ਹਾਰ ਵੀ ਦੇਖਣ ਨੂੰ ਮਿਲ ਜਾਂਦੇ। ਇਕ ਵਾਰ ਕੋਈ ਇਸ ਦੇ ਸਿਰ ’ਤੇ ਪੱਗ ਵੀ ਬੰਨ੍ਹ ਗਿਆ ਸੀ, ਇਕ ਵਾਰ ਕਿਸੇ ਨੇ ਇਸ ਨੂੰ ਰੰਗ ਵੀ ਕਰ ਦਿੱਤਾ ਸੀ। ਜਿੱਥੇ ਬੁੱਤਾਂ ਦੀ ਪੂਜਾ ਕੀਤੀ ਜਾਂਦੀ ਹੈ ਜਾਂ ਅਦਬ ਕੀਤਾ ਜਾਂਦਾ ਹੈ, ਉੱਥੇ ਵਿਚਾਰਾਂ ਦੀ ਵੱਖਰਤਾ ਕਾਰਨ ਇਨ੍ਹਾਂ ਦੀ ਬੇਅਦਬੀ ਵੀ ਹੋਣ ਲੱਗਦੀ ਹੈ। ਇਸ ਬਾਰੇ ਹੋਰ ਗੱਲ ਬਾਅਦ ਵਿਚ ਕਰਦੇ ਹਾਂ। ਦੂਜਾ ਬੁੱਤ ਜੋ ਮੈਨੂੰ ਖ਼ੁਸ਼ ਕਰਦਾ ਹੈ, ਉਹ ਕਾਰਲ ਮਾਰਕਸ ਦਾ ਹੈ। ਉਸ ਨਾਲ ਵੀ ਕਈ ਵਾਰ ਗਾਂਧੀ ਦੇ ਬੁੱਤ ਵਾਲੀ ਗੱਲ ਹੋ ਜਾਂਦੀ ਹੈ। ਸਮਾਰਕਾਂ ਵਿਚੋਂ 1666 ਵਿਚ ਲੰਡਨ ਵਿਚ ਲੱਗੀ ਭਿਆਨਕ ਅੱਗ ਦੀ ਯਾਦ ਵਿਚ ਬਣਾਇਆ ਸਮਾਰਕ ਮੈਂ ਵਾਰ ਵਾਰ ਦੇਖਣ ਜਾਂਦਾ ਹਾਂ।
ਲੰਡਨ ਦੇ ਜਿਸ ਬੁੱਤ ਨੇ ਮੈਨੂੰ ਬਹੁਤ ਹੈਰਾਨ ਕੀਤਾ ਸੀ ਉਹ ਇਕ ਬਿੱਲੀ ਦਾ ਨਿੱਕਾ ਜਿਹਾ ਬੁੱਤ ਹੈ ਜੋ ਆਰਚਵੇਅ ਸਟੇਸ਼ਨ ਦੇ ਨਜ਼ਦੀਕ ਵਿਟਿੰਗਟਨ ਹਸਪਤਾਲ ਮੁਹਰੇ ਲੱਗਾ ਹੋਇਆ ਹੈ। ਇਹ ਬਿੱਲੀ ਚੌਦਵੀਂ ਸਦੀ ਵਿਚ ਹੋਈ ਹੈ ਜੋ ਇਕ ਆਮ ਆਦਮੀ ਡਿਕ ਵਿਟਿੰਗਟਨ ਦੀ ਸੀ, ਜਿਸ ਨੂੰ ਵਰ ਮਿਲਿਆ ਸੀ ਕਿ ਉਹ ਇਕ ਦਿਨ ਲੰਡਨ ਦਾ ਲੌਰਡ ਮੇਅਰ ਬਣੇਗਾ ਤੇ ਬਣਿਆ ਵੀ। ਲੰਡਨ ਦੇ ਹਜ਼ਾਰਾਂ ਬੁੱਤਾਂ ਵਿਚੋਂ ਕੁਝ ਮੈਨੂੰ ਬਹੁਤ ਦਿਲਚਸਪ ਜਾਪਦੇ ਹਨ ਜਿਵੇਂ ਕਿ ‘ਦਿ ਯੰਗ ਲਵਰਜ਼’ ਇਕ ਪ੍ਰੇਮੀ ਜੋੜੇ ਦਾ ਬੁੱਤ ਜੋ ਸੇਂਟ ਪਾਲ ਦੇ ਇਲਾਕੇ ਵਿਚ ਹੈ, ‘ਦਿ ਮੀਟਿੰਗ ਪਲੇਸ’ ਸਟੇਸ਼ਨ ’ਤੇ ਮਿਲਦੇ ਦੋ ਲੋਕਾਂ ਦਾ ਬੁੱਤ ਜੋ ਕਿ ਸੇਂਟ ਪੈਂਕਰਜ਼ ਸਟੇਸ਼ਨ ’ਤੇ ਲੱਗਾ ਹੈ, ‘ਸਟਿਲ ਵਾਟਰ ਹੌਰਸ’ ਪਾਣੀ ਪੀਂਦੇ ਇਕ ਘੋੜੇ ਦੇ ਸਿਰ ਦਾ ਬੁੱਤ ਜੋ ਮਾਰਬਲ ਆਰਚ ਵਿਚ ਹੈ। ਲੰਡਨ ਦੇ ਕੁਝ ਬੁੱਤ ਤਾਂ ਦੁਨੀਆਂ ਭਰ ਵਿਚ ਮਸ਼ਹੂਰ ਹਨ ਜਿਨ੍ਹਾਂ ਦੀਆਂ ਤਸਵੀਰਾਂ ਦੇ ਕਾਰਡ ਸੈਰਗਾਹਾਂ ਉੱਪਰ ਵਿਕਦੇ ਦਿਸ ਸਕਦੇ ਹਨ। ਇੰਟਰਨੈੱਟ ’ਤੇ ਇਨ੍ਹਾਂ ਦੀਆਂ ਤਸਵੀਰਾਂ ਦੀ ਭਰਮਾਰ ਹੈ ਤੇ ਇਨ੍ਹਾਂ ਬਾਰੇ ਜਾਣਕਾਰੀ ਦੀ ਵੀ। ਲੰਡਨ ਵਿਚ ਇਨਸਾਨਾਂ ਦੇ ਬੁੱਤ ਹੀ ਨਹੀਂ ਬਹੁਤ ਸਾਰੇ ਜਾਨਵਰਾਂ ਦੇ ਬੁੱਤ ਵੀ ਮਿਲ ਜਾਂਦੇ ਹਨ। ਇਨ੍ਹਾਂ ਵਿਚੋਂ ਘੋੜਿਆਂ-ਕੁੱਤਿਆਂ ਦੇ ਬੁੱਤ ਬਹੁਗਿਣਤੀ ਵਿਚ ਹਨ ਜਿਨ੍ਹਾਂ ਨੇ ਲੜਾਈਆਂ ਵਿਚ ਬਰਤਾਨਵੀ ਫ਼ੌਜ ਦੀ ਮਦਦ ਕੀਤੀ ਹੈ। ਕੁਝ ਬੁੱਤ ਕਾਲੇ ਲੋਕਾਂ ਦੇ ਵੀ ਮਿਲ ਜਾਂਦੇ ਹਨ। ਗਾਂਧੀ ਤੋਂ ਬਾਅਦ ਨੈਲਸਨ ਮੰਡੇਲਾ ਦਾ ਬੁੱਤ ਵੀ ਪਾਰਲੀਮੈਂਟ ਸੁਕੁਏਅਰ ਵਿਚ ਲੱਗਾ ਹੋਇਆ ਹੈ। ਹਾਂ, ਔਰਤਾਂ ਦੇ ਬੁੱਤ ਓਨੀ ਗਿਣਤੀ ਵਿਚ ਨਹੀਂ ਹਨ ਜਿੰਨੇ ਮਰਦਾਂ ਦੇ ਹਨ।
ਲੰਡਨ ਵਿਚ ਬੁੱਤਾਂ ਦੀ ਭਰਮਾਰ ਦੇਖਦਿਆਂ ਹੀ ਮੈਂ ਇਸ ਨੂੰ ਬੁੱਤਾਂ ਦਾ ਸ਼ਹਿਰ ਆਖਦਾ ਹਾਂ, ਪਰ ਇਨ੍ਹਾਂ ਬੁੱਤਾਂ ਉੱਪਰ ਜਾਂ ਇਨ੍ਹਾਂ ਵਿਚੋਂ ਕੁਝ ਉੱਪਰ ਅੱਜ ਕੱਲ੍ਹ ਕਹਿਰ ਵਰਸ ਰਿਹਾ ਹੈ। ਲੋਕ ਇਨ੍ਹਾਂ ਵਿਚੋਂ ਕੁਝ ਬੁੱਤਾਂ ਦੀ ਹੋਂਦ ਤੋਂ ਦੁਖੀ ਹੋਏ ਇਨ੍ਹਾਂ ਨੂੰ ਤੋੜਨ ਜਾਂ ਬੇਅਦਬੀ ਦੇ ਯਤਨਾਂ ਵਿਚ ਹਨ। ਇਹ ਬੁੱਤ ਇਤਿਹਾਸ ਦੀ ਗਵਾਹੀ ਹਨ, ਪਰ ਇਤਿਹਾਸ ਵਿਚ ਬਹੁਤ ਕੁਝ ਅਣਮਨੁੱਖੀ ਵੀ ਵਾਪਰਦਾ ਹੈ। ਜਿਸ ਨੂੰ ਚੇਤੇ ਰੱਖਣਾ ਕੁਝ ਲੋਕਾਂ ਲਈ ਤਾਂ ਅਨੰਦਮਈ ਹੋ ਸਕਦਾ ਹੈ, ਪਰ ਬਹੁਤ ਸਾਰਿਆਂ ਨੂੰ ਤਕਲੀਫ਼ ਵੀ ਦੇ ਸਕਦਾ ਹੈ। ਅਜਿਹਾ ਹੀ ਇਕ ਬੁੱਤ ਐਡਵਰਡ ਕੌਲਸਟਨ ਦਾ ਬ੍ਰਿਸਟਲ ਸ਼ਹਿਰ ਵਿਚ ਸੀ। ਕਾਂਸੀ ਦਾ ਬਣਿਆ ਇਹ ਬੁੱਤ 1895 ਵਿਚ ਲਗਾਇਆ ਗਿਆ ਸੀ। ਐਡਵਰਡ ਕੌਲਸਟਨ ਉਨੀਵੀਂ ਸਦੀ ਵਿਚ ਗ਼ੁਲਾਮਾਂ ਦਾ ਵਪਾਰੀ ਸੀ। ਅਫ਼ਰੀਕਾ ਵਿਚੋਂ ਕਾਲੀ ਨਸਲ ਦੇ ਲੋਕਾਂ ਨੂੰ ਜ਼ਬਰਦਸਤੀ ਬੰਦੀ ਬਣਾ ਕੇ ਅਮਰੀਕਾ ਤੇ ਹੋਰਨਾਂ ਮੁਲਕਾਂ ਵਿਚ ਜਾਨਵਰਾਂ ਵਾਂਗ ਵੇਚਦਾ ਸੀ ਜਿਸਤੋਂ ਉਸਨੇ ਬੇਅੰਤ ਪੈਸੇ ਕਮਾਏ ਤੇ ਸ਼ਹਿਰ ਦਾ ਨਾਮੀ-ਗਰਾਮੀ ਬੰਦਾ ਬਣ ਗਿਆ। ਬ੍ਰਿਸਟਲ ਵਿਚ ਅਨੇਕਾਂ ਜਾਇਦਾਦਾਂ ਖੜ੍ਹੀਆਂ ਕੀਤੀਆਂ ਜੋ ਅੱਜ ਵੀ ਕਾਇਮ ਹਨ। ਐਡਵਰਡ ਕੌਲਸਟਨ ਦੇ ਇਸ ਬੁੱਤ ਨੂੰ ਲੈ ਕੇ ਸਦਾ ਹੀ ਵਿਵਾਦ ਚੱਲਦਾ ਰਿਹਾ ਹੈ। ਹੁਣ ਅਮਰੀਕਾ ਵਿਚ ਜਾਰਜ ਫਲਾਇਡ ਦੇ ਪੁਲੀਸ ਵੱਲੋਂ ਹੋਏ ਨਸਲਵਾਦੀ ਕਤਲ ਤੋਂ ਬਾਅਦ ਬਰਤਾਨੀਆਂ ਵਿਚ ਵੀ ਨਸਲਵਾਦੀਆਂ ਦੇ ਖਿਲਾਫ਼ ਗੁੱਸੇ ਦੀ ਲਹਿਰ ਫੈਲ ਗਈ ਹੈ ਜਿਸ ਦੇ ਫਲਸਰੂਪ ਇਸ ਬੁੱਤ ਨੂੰ ਤੋੜ ਕੇ ਦਰਿਆ ਵਿਚ ਸੁੱਟ ਦਿੱਤਾ ਗਿਆ। ਉਸੇ ਦਰਿਆ ਵਿਚ ਜਿਸ ਰਾਹੀਂ ਉਹ ਗ਼ੁਲਾਮਾਂ ਦੀ ਤਜ਼ਾਰਤ ਕਰਿਆ ਕਰਦਾ ਸੀ। ਜਾਰਜ ਫਲਾਇਡ ਦੇ ਕਤਲ ਤੋਂ ਬਾਅਦ ਨਸਲਵਾਦ ਖਿਲਾਫ਼ ਉੱਠੀ ਲਹਿਰ ਨੂੰ ਬੀ. ਐੱਲ. ਐੱਮ. ਦਾ ਨਾਂ ਦਿੱਤਾ ਗਿਆ ਹੈ, ਭਾਵ ਕਿ ਬਲੈਕ ਲਾਈਵਜ਼ ਮੈਟਰ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਾਲੇ ਲੋਕਾਂ ਦੀ ਜ਼ਿੰਦਗੀ ਵੀ ਓਨੀ ਹੀ ਮਹੱਤਵਪੂਰਨ ਹੈ। ਇਸ ਤਹਿਰੀਕ ਵਿਚ ਹਿੱਸਾ ਲੈਣ ਵਾਲੇ ਇਕੱਲੇ ਕਾਲੇ ਹੀ ਨਹੀਂ, ਏਸ਼ੀਅਨ ਵੀ ਹਨ ਤੇ ਬਹੁਤ ਸਾਰੇ ਗੋਰੇ ਵੀ। ਲੰਡਨ ਵਿਚ ਇਸ ਲਹਿਰ ਨੇ ਬਹੁਤ ਜ਼ੋਰ ਫੜਿਆ ਹੋਇਆ ਹੈ। ਹਰ ਸਪਤਾਹ ਅੰਤ ’ਤੇ ਦੇਸ਼ ਭਰ ਵਿਚ ਹੀ ਦਿਖਾਵੇ ਹੋ ਰਹੇ ਹਨ। ਕਈ ਵਾਰ ਇਹ ਦਿਖਾਵੇ ਕਰੂਪਤਾ ਭਾਵ ਹਿੰਸਾ ਵੀ ਅਖਤਿਆਰ ਕਰ ਲੈਂਦੇ ਹਨ। ਬ੍ਰਿਸਟਲ ਵਿਚੋਂ ਐਡਵਰਡ ਕੌਲਸਟਨ ਦਾ ਬੁੱਤ ਤੋੜਨ ਤੋਂ ਬਾਅਦ ਇਨ੍ਹਾਂ ਦੀ ਨਜ਼ਰ ਹੋਰਨਾਂ ਸ਼ਹਿਰਾਂ ਵਿਚ ਲੱਗੇ ਬੁੱਤਾਂ ਉੱਪਰ ਹੈ। ਲੰਡਨ ਵਿਚ ਲੱਗੇ ਬੁੱਤਾਂ ਵਿਚੋਂ ਕਾਫ਼ੀ ਬੁੱਤ ਉਨ੍ਹਾਂ ਲੋਕਾਂ ਦੇ ਹਨ ਜਿਹੜੇ ਨਸਲਵਾਦੀ ਹੋਏ ਹਨ ਜਾਂ ਜਿਨ੍ਹਾਂ ਨੇ ਕਾਲੇ ਤੇ ਏਸ਼ੀਅਨ ਲੋਕਾਂ ਖਿਲਾਫ਼ ਜ਼ਹਿਰ ਉਗਲੀ ਹੈ। ਇਨ੍ਹਾਂ ਵਿਚੋਂ ਹੀ ਇਕ ਬੁੱਤ ਚਰਚਿਲ ਦਾ ਵੀ ਹੈ। ਬੀ. ਐੱਲ. ਐੱਮ. ਵਾਲਿਆਂ ਦੀ ਨਜ਼ਰ ਹੁਣ ਚਰਚਿਲ ਦੇ ਬੁੱਤ ਉੱਪਰ ਹੈ। ਇਸ ਨੂੰ ਲੈ ਕੇ ਲੰਡਨ ਵਿਚ ਬਹੁਤ ਤਣਾਅ ਚੱਲ ਰਿਹਾ ਹੈ। ਸਰਕਾਰ ਚਰਚਿਲ ਦੇ ਬੁੱਤ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਬੀ. ਐੱਲ. ਐੱਮ. ਤਹਿਤ ਹੁਣ ਅਜਿਹੇ ਲੋਕਾਂ ਦੇ ਬੁੱਤਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਜਿਹੜੇ ਆਪਣੀ ਹਿਆਤੀ ਵਿਚ ਨਸਲਵਾਦ ਫੈਲਾਉਂਦੇ ਰਹੇ ਹਨ। ਅਜਿਹੇ ਬੁੱਤਾਂ ਨੂੰ ਬਚਾਉਣ ਲਈ ਥਾਂ ਥਾਂ ਪੁਲੀਸ ਤਾਇਨਾਤ ਕੀਤੀ ਜਾ ਰਹੀ ਹੈ। ਇਕ ਖ਼ਬਰ ਮੁਤਾਬਕ ਸਰਕਾਰ ਵਿਚ ਇਕ ਵਿੰਗ ਅਜਿਹਾ ਵੀ ਹੈ ਜੋ ਕਹਿ ਰਿਹਾ ਹੈ ਕਿ ਵਿਵਾਦਤ ਬੁੱਤਾਂ ਨੂੰ ਚੌਕਾਂ ਵਿਚੋਂ ਹਟਾ ਕੇ ਮਿਊਜ਼ੀਅਮ ਵਿਚ ਰੱਖਿਆ ਜਾਵੇ।
ਇਸ ਲਹਿਰ ਦੇ ਮੁਕਾਬਲੇ ਵਿਚ ਬਰਤਾਨੀਆਂ ਵਿਚ ਅਜਿਹੇ ਲੋਕਾਂ ਦੀ ਇਕ ਲਹਿਰ ਵੀ ਸ਼ੁਰੂ ਹੋ ਗਈ ਹੈ ਜੋ ਇਨ੍ਹਾਂ ਬੁੱਤਾਂ ਦੀ ਹਿਫਾਜ਼ਤ ਵਿਚ ਸਾਹਮਣੇ ਆਏ ਹਨ। ਉਹ ਕਹਿ ਰਹੇ ਹਨ ‘ਬੁੱਤ ਹਟਾਓ’ ਤੇ ਇਹ ਆਖਦੇ ਹਨ ‘ਬੁੱਤ ਬਚਾਓ’। ਇਨ੍ਹਾਂ ਲੋਕਾਂ ਨੇ ਕਾਲੇ ਲੋਕਾਂ ਦੇ ਬੁੱਤਾਂ ਨੂੰ ਹਟਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਲੈਸਟਰ ਵਿਚੋਂ ਗਾਂਧੀ ਦੇ ਬੁੱਤ ਨੂੰ ਚੁੱਕਣ ਲਈ ਪਟੀਸ਼ਨ ਤਿਆਰ ਹੈ। ਬ੍ਰਿਸਟਲ ਵਿਚ ਹੀ ਅਫ਼ਰੀਕੀ ਮੂਲ ਦੇ ਐਲਫਰਡ ਫੈਗਨ ਦੇ ਬੁੱਤ ਉੱਪਰ ਚਿੱਟਾ ਰੰਗ ਫੇਰ ਦਿੱਤਾ ਗਿਆ। ਐਲਫਰਡ ਫੈਗਨ 1955 ਵਿਚ ਇੰਗਲੈਂਡ ਆਇਆ ਸੀ। ਉਹ ਸੱਠਵਿਆਂ-ਸੱਤਰਵਿਆਂ ਵਿਚ ਇਕ ਮਸ਼ਹੂਰ ਐਕਟਰ ਤੇ ਡਰਾਮਾਕਾਰ ਸੀ। ਇਵੇਂ ਹੀ ਗਲਾਸਗੋ ਦੇ ਜੌਰਜ ਸੁਕੁਏਅਰ ਵਿਚ ਪਿਛਲੇ ਦਿਨੀਂ ਵਿਸ਼ਵ-ਯੁੱਧਾਂ ਦੀ ਯਾਦ ਵਿਚ ਬਣੇ ਸਮਾਰਕਾਂ ਨੂੰ ਬਚਾਉਣ ਲਈ ਪੈਂਦੇ ਮੀਂਹ ਵਿਚ ਬਹੁਤ ਸਾਰੇ ਲੋਕਾਂ ਦੀ ਭੀੜ ਜਮ੍ਹਾਂ ਰਹੀ। ਉੱਥੇ ਲੱਗੇ ਰੌਬਰਟ ਪੀਲ ਦੇ ਬੁੱਤ ਨੂੰ ਹਟਾਉਣ ਦੀ ਮੰਗ ਜ਼ੋਰਾਂ ’ਤੇ ਹੈ ਜਿਸ ਦਾ ਸਬੰਧ ਗ਼ੁਲਾਮੀ ਨਾਲ ਰਿਹਾ ਹੈ ਤੇ ਸੱਜੇ ਪੱਖੀ ਗੋਰੇ ਲੋਕ ਇਸ ਬੁੱਤ ਤੇ ਅਜਿਹੇ ਹੋਰਨਾਂ ਬੁੱਤਾਂ ਨੂੰ ਬਚਾਉਣ ਲਈ ਹੱਥੋ-ਪਾਈ ਹੋਣ ਤਕ ਜਾ ਰਹੇ ਹਨ। ਸਾਰੀ ਸਥਿਤੀ ਨੂੰ ਦੇਖਦਿਆਂ ਡਰ ਬਣ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਕੋਈ ਮੰਦਭਾਗੀ ਘਟਨਾ ਨਾ ਵਾਪਰ ਜਾਵੇ।