ਹਵਾ ’ਚ ਉੱਛਲੇ ਬੋਲ
ਕਹਾਣੀ ‘‘ਆ ਬਈ ਬਠਿੰਡਵੀਆ... ਕੀ ਹਾਲ ਐ ਤੇਰੇ ਇਲਾਕੇ ਦਾ? ਆ ਗਿਆ ਵੈਸਾਖ-ਜੇਠ ... ਚੱਲ ਪਈਆਂ ਹੋਣੀਆਂ ਕਾਲੀਆਂ ਬੋਲੀਆਂ ’ਨ੍ਹੇਰੀਆਂ.... ਤੱਤੀਆਂ ਲੋਆਂ.... ਹੋਰ ਤਾਂ ਛੱਡ... ਤੇ ਗੱਲ ਉੱਥੋਂ ਦੇ ਅੰਗੂਰਾਂ ਦੀ?’’ ‘‘ਬਾਗ਼ ਤਾਂ ਲਾਏ ਸੀ ਲੋਕਾਂ ਨੇ... ਪਰ ਬਹੁਤੇ ਕਾਮਯਾਬ...
ਕਹਾਣੀ
‘‘ਆ ਬਈ ਬਠਿੰਡਵੀਆ... ਕੀ ਹਾਲ ਐ ਤੇਰੇ ਇਲਾਕੇ ਦਾ? ਆ ਗਿਆ ਵੈਸਾਖ-ਜੇਠ ... ਚੱਲ ਪਈਆਂ ਹੋਣੀਆਂ ਕਾਲੀਆਂ ਬੋਲੀਆਂ ’ਨ੍ਹੇਰੀਆਂ.... ਤੱਤੀਆਂ ਲੋਆਂ.... ਹੋਰ ਤਾਂ ਛੱਡ... ਤੇ ਗੱਲ ਉੱਥੋਂ ਦੇ ਅੰਗੂਰਾਂ ਦੀ?’’
‘‘ਬਾਗ਼ ਤਾਂ ਲਾਏ ਸੀ ਲੋਕਾਂ ਨੇ... ਪਰ ਬਹੁਤੇ ਕਾਮਯਾਬ ਨ੍ਹੀਂ ਹੋਏ.... ਪੱਟ ’ਤੇ ਸੀ।’’
‘‘ਉਏ ਮੈਂ ਉਨ੍ਹਾਂ ਅੰਗੂਰਾਂ ਦੀ ਗੱਲ ਨਹੀਂ ਕਰਦਾ...ਮੈਂ ਤਾਂ ਟਿੱਬਿਆਂ-ਰੇਲਵੇ ਲਾਈਨ ਦੇ ਨਾਲ ਨਾਲ ਉੱਗੇ ਵਣਾਂ ਨੂੰ ਲੱਗਦੀਆਂ ਮਿੱਠੀਆਂ ਤੇ ਅੰਗੂਰਾਂ ਦੀਆਂ ਭੈਣਾਂ... ਪੀਲਾਂ ਦੀ ਗੱਲ ਪੁੱਛਦਾਂ?’’
‘‘ਕਿੱਥੇ ਬਾਈ....? ਉਹ ਤਾਂ ਇਤਿਹਾਸ ਦਾ ਹਿੱਸਾ ਬਣ ਗੀਆਂ। ਜਦੋਂ ਲੋਕਾਂ ਨੇ ਟਿੱਬਿਆਂ ’ਤੇ ਪਾਣੀ ਚੜ੍ਹਾ ਲਿਆ, ਵਣਾਂ ਨੂੰ ਖ਼ਤਮ ਕਰ ’ਤਾ ਤੇ ਪੀਲਾਂ...ਕਿੱਥੇ ਰਹਿਣੀਆਂ ਸੀ? ਉਨ੍ਹਾਂ ਦਾ ਜ਼ਿਕਰ ਤਾਂ ਹੁਣ ਕਹਾਣੀਆਂ ’ਚ ਹੀ ਹੋਇਆ ਕਰੂ।’’
ਗੁਰਦੁਆਰਾ ਸਾਹਿਬ ਵਿੱਚ ਪਾਸੇ ’ਤੇ ਬਣਿਆ ਬਜ਼ੁਰਗਾਂ ਦੇ ਬੈਠਣ ਵਾਲੇ ‘ਸੀਨੀਅਰ ਸਿਟੀਜਨ ਸੱਥ’ ਕਮਰੇ ਵਿੱਚ ਜਿਉਂ ਹੀ ਮੈਂ ਮੱਥਾ ਟੇਕ, ਲੰਗਰ ਖਾ ਕੇ ਆਇਆ ਤਾਂ ਲੀਲਾ ਸਿੰਘ ਪੁਆਧੀ ਨੇ ਪੁੱਛਿਆ ਸੀ... ਤੇ ਉਦੋਂ ਮੈਨੂੰ ਯਾਦ ਆ ਗਿਆ ਕਿ ਸਰ ਦੀਆਂ ਪਤਲੀਆਂ ਕਾਨੀਆਂ ਅਤੇ ਬਲਖੀ ਦੇ ਧਾਗਿਆਂ ਨਾਲ ਸੰਗਲੀ ਗੰਢਾਂ ਪਾ ਕੇ ਬਣਾਈਆਂ ਟੋਰੀਆਂ ਜਾਂ ਟੋਰੇ ਨੂੰ ਗਲ ਵਿੱਚ ਪਾ ਕੇ ਵਣਾਂ ਉੱਪਰ ਚੜ੍ਹ ਪੀਲਾਂ ਤੋੜ ਭਰ ਕੇ ਘਰ ਲੈ ਆਉਣਾ ਤੇ ਕੋਰੇ ਤੌੜਿਆਂ ਵਿੱਚ ਠੰਢੇ ਹੋਏ ਪਾਣੀ ਵਿੱਚ ਪਾ ਠੰਢੀਆਂ ਕਰਕੇ ਫੱਕੇ ਮਾਰ ਖਾਣੀਆਂ, ਗਿੱਟਕਾਂ ਵਿਹੜੇ ਵਿੱਚ ਖਿਲਾਰ ਦੇਣੀਆਂ। ਸ਼ਾਮੀ ਤਿੰਨ ਵਜੇ ਧੁੱਪ ਦੀ ਤਪਸ਼, ਵਗਦੀਆਂ ਲੋਆਂ ਨਾਲ ਤਪੀ ਟਿੱਬਿਆਂ ਦੀ ਰੇਤ, ਉੱਧਰੋਂ ਪੋਹਲੀ ਦੇ ਅੱਧ ਸੁੱਕੇ ਬੂਟਿਆਂ ਦੇ ਕੰਡੇਦਾਰ ਪੱਤਿਆਂ ਦੀ ਹਵਾ ਨਾਲ ਸਾਂ...ਸਾਂ..., ਕਿਤੇ ਕਿਤੇ ਪੋਹਲੀ ਦੇ ਫਿੱਕੀ ਗੁਲਾਬੀ ਭਾਅ ਮਾਰਦੇ ਜਾਂ ਫਿੱਕੇ ਪੀਲੇ ਫੁੱਲਾਂ ਦੀ ਝਲਕ, ਗੋਡਿਆਂ ਤੋਂ ਹੇਠ ਨੰਗੀਆਂ ਟੰਗਾਂ ’ਤੇ ਕੰਡੇ ਵੱਜਣੇ, ਇਹੀ ਨਹੀਂ ਕਿਤੇ ਕਿਤੇ ਧਰਤੀ ’ਤੇ ਫੈਲਿਆ ਭੱਖੜਾ ਅਤੇ ਉਸਦੇ ਜ਼ਬਰਦਸਤ ਤਕੜੇ ਛੋਟੇ ਛੋਟੇ ਕੰਡੇ; ਠਿੱਬੀਆਂ ਜੁੱਤੀਆਂ ਵਿੱਚ ਦੀ ਵੀ ਪੈਰਾਂ ਨੂੰ ਜਾ ਚੁੱਭਦੇ, ਉਦੋਂ ਉਹ ਚੀਕਾਂ ਕਢਾ ਦਿੰਦੇ, ਪਰ ਪੀਲਾਂ ਤੋੜਨ ਦਾ ਚਾਅ ਇਨ੍ਹਾਂ ਨੂੰ ਭੁਲਾ ਦਿੰਦਾ। ਮਨ ਨੂੰ ਉਦੋਂ ਕੁਝ ਰਾਹਤ ਵੀ ਮਿਲਦੀ ਜਦ ਬੂਈਆਂ ਦੇ ਪੌਦਿਆਂ ਦੀਆਂ ਆਸੇ ਪਾਸੇ ਪਸਰੀਆਂ ਲਗਰਾਂ ਉੱਪਰ ਹਰੇ ਹਰੇ ਨਰਮ ਪੱਤੇ ਜਾਂ ਕਦੇ ਕਦੇ ਚਿੱਟੇ ਚਿੱਟੇ ਫੁੱਲ ਲੱਤਾਂ ਦੇ ਨੰਗੇ ਹਿੱਸੇ ਨੂੰ ਛੋਂਹਦੇ। ਲੱਖ ਬਚਾਅ ਕਰਨ ’ਤੇ ਵੀ ਲੂੰ ਕੰਡੇ ਜਾਂ ਗੁੱਤ-ਚੁੰਬੜੇ ਕੰਡੇ ਕੱਪੜਿਆਂ ਨੂੰ ਚਿੰਬੜ ਹੀ ਬਹਿੰਦੇ ਜਿਹੜੇ ਘਰ ਆ ਕੇ ਲਾਹ ਲਾਹ ਸੁੱਟਣੇ ਪੈਂਦੇ। ਜਾਣ ਲੱਗਿਆਂ ਕਦੇ ਕਦੇ ਮਾਂ ਨਾਲ ਵੀ ਤਲਖੀ ਹੋ ਜਾਣੀ ਜਦੋਂ ਉਹਨੇ ਕਹਿਣਾ, ‘‘ਵੇ ਜ਼ੈਲਿਆ... ਆਹ ਖਾਲੀ ਗੱਟਾ (ਬੋਰੀ) ਲੈ ਜਾ ਨਾਲ... ਆਉਂਦਾ ਹੋਇਆ ਰੇਤੇ ਦਾ ਭਰ ਲਿਆਂਈ, ਘਰੇ ਹੈ ਨਹੀਂ, ਕਈ ਦਿਨਾਂ ਤੋਂ ਮੈਂ ਸੁਆਹ ਨਾਲ ਹੀ ਭਾਂਡੇ ਮਾਂਜਦੀ ਹਾਂ।’’
‘‘ਮੈਥੋਂ ਨ੍ਹੀਂ ਲਿਆਈਦਾ...।’’
‘‘ਖਾ ਲਈਂ... ਰਾਤ ਨੂੰ ਮੰਡੇ ਫਿਰ।’’ ਇਹ ਤਾਂ ਸ਼ੁਕਰ ਹੁੰਦਾ ਸੀ ਕਿ ਅਜਿਹੇ ਮੌਕੇ ਕੱਲੋ ਆ ਜਾਂਦੀ, ‘‘ਕੋਈ ਨਾ ਚਾਚੀ... ਜਾਣ ਦੇ ਬਾਈ ਨੂੰ, ਮੈਂ ਲਿਆਦੂੰਗੀ ਬੱਠਲ ਭਰ ਕੇ।’’
ਕਦੇ ਸੋਚਿਆ ਹੀ ਨਹੀਂ ਸੀ ਕਿ ਜ਼ਿੰਦਗੀ ਇਸ ਤਰ੍ਹਾਂ ਮੋੜ ਕੱਟ ਜਾਵੇਗੀ। ਆਜੜੀ ਪਰਿਵਾਰ ਦਾ ਮੁੰਡਾ ਕਦੇ ਸੱਤ ਸਮੁੰਦਰੋਂ ਪਾਰ ਆ ਵੱਸੇਗਾ। ਛੋਟੇ ਹੁੰਦਿਆਂ ਤਾਂ ਬਸ ਜੇ ਕਿਤੇ ਸਾਈਕਲ ਦੇ ਦਰਸ਼ਨ ਹੋ ਜਾਂਦੇ ਤਾਂ ਉਸ ’ਤੇ ਝੂਟਾ ਲੈਣ ਨੂੰ ਹੀ ਤਰਸ ਜਾਈਦਾ ਸੀ। ਮੇਰੇ ਅੱਜ ਵੀ ਯਾਦ ਐ ਜਦੋਂ ਜ਼ੈਲਦਾਰਾਂ ਦਾ ਸਕੂਲੇ ਪੜ੍ਹਦਾ ਰਾਜ ਭੁਪਿੰਦਰ ਆਪਣੀ ਨਵੀਂ ਨਕੋਰ ਸਾਈਕਲ ਲੈ ਕੇ ਡੰਡੇ ’ਤੇ ਬੈਠਾ, ਕੱਚੇ ਰਾਹਾਂ ਵਿੱਚ ਦੀ ਭਜਾਈਂ ਆਪਣੇ ਬਾਗ਼ ਵਾਲੇ ਖੇਤ ਨੂੰ ਜਾਂਦਾ, ਜੀਹਦੇ ਬਾਰੇ ਮਾਂ ਕਹਿੰਦੀ ਹੁੰਦੀ ਸੀ ਕਿ ਕਦੇ ਇਹ ਵਾਹਣ (ਖੇਤ) ਸਾਡੇ ਹੁੰਦੇ ਸੀ। ਉਹਨੂੰ ਦੂਰੋਂ ਆਉਂਦੇ ਨੂੰ ਵੇਂਹਦਾ ਰਹਿੰਦਾ- ਉਦੋਂ ਤੱਕ ਜਦੋਂ ਤੱਕ ਉਹ ਆਪਣੇ ਬਾਗ਼ ਦੇ ਨੇੜੇ ਨਾ ਪਹੁੰਚ ਜਾਂਦਾ। ਉਦੋਂ ਜੀਅ ਕਰਦਾ ਕਿ ਮੈਂ ਭੱਜ ਕੇ ਜਾਵਾਂ ਅਤੇ ਬਾਈ ਨੂੰ ਮਿੰਨਤ ਕਰਾਂ ਕਿ ਮੈਨੂੰ ਵੀ ਝੂਟਾ ਲੈ ਲੈਣ ਦੇ।
ਮਾਂ ਨੇ ਇਹ ਵੀ ਦੱਸਿਆ ਸੀ ਕਿ ਅਸੀਂ ਰਾਜਪੂਤਾਂ ਦੇ ਜ਼ਿਮੀਂਦਾਰਾਂ ਦੇ ਪਰਿਵਾਰ ’ਚੋਂ ਹਾਂ, ਸਾਡੀ ਪੰਜਵੀਂ-ਛੇਵੀਂ ਪੀੜ੍ਹੀ ਦੇ ਬਜ਼ੁਰਗਾਂ ਨੇ ਕਤਲ ਕਰ ’ਤੇ ਸੀ, ਉਨ੍ਹਾਂ ਨੂੰ ਸਜ਼ਾ ਹੋ ਗੀ। ਉਨ੍ਹਾਂ ਨੂੰ ਬਰੀ ਜ਼ੈਲਦਾਰਾਂ ਦੇ ਵੱਡ- ਵਡੇਰਿਆਂ ਨੇ ਕਰਾਇਆ ਜਿਹੜੇ ’ਗਰੇਜ਼ਾ ਦੇ ਖ਼ਾਸ ਸੀ ਤੇ ਆਹ ਜ਼ਮੀਨਾਂ ਉਨ੍ਹਾਂ ਨੂੰ ਦੇਣੀਆਂ ਪੈ ਗੀਆਂ। ਇਨ੍ਹਾਂ ਦਾ ਜ਼ੋਰ ਹੋਣ ਕਰਕੇ ਨੇੜੇ ਦੀ ਨਹਿਰ ਨਿਕਲ ਗਈ, ਮੋਘਾ ਲੱਗ ਗਿਆ ਤੇ ਉਹੀ ਰੇਤਲਾ ਇਲਾਕਾ ਹਰਿਆ ਭਰਿਆ ਹੋ ਗਿਆ। ਇਨ੍ਹਾਂ ਨੇ ਬਾਗ਼ ਲਾ ਲਏ। ਆਪਣੇ ਕੋਲ ਤਾਂ ਇੱਥੋਂ ਬਰਾਨੀ ਪੈਦਾਵਾਰ ਮਸਾਂ ਆਪਣੇ ਗੁਜ਼ਾਰੇ ਜੋਗੀ ਹੀ ਹੁੰਦੀ ਸੀ। ਬਾਅਦ ’ਚ ਤਾਂ ਰੋਟੀਆਂ ਦੇ ਲਾਲੇ ਪੈ ਗਏ। ਪੇਟ ਭਰਨ ਲਈ ਬੱਕਰੀਆਂ-ਭੇਡਾਂ ਚਾਰਨੀਆਂ ਸ਼ੁਰੂ ਕਰਤੀਆਂ ਅਤੇ ਹੌਲੀ ਹੌਲੀ ਲੋਕਾਂ ਨੇ ਇਨ੍ਹਾਂ ਦੀ ‘ਆਜੜੀ’ ‘ਅੱਲ’ ਪਕਾ ’ਤੀ। ਆਪਣੇ ਬਜ਼ੁਰਗਾਂ ਨੇ ਵੀ ਉਸ ਨੂੰ ਮਨਜ਼ੂਰ ਕਰ ਲਿਆ। ਤੇਰੇ ਪਿਉ ਨੇ ਵੀ ਕਦੇ ਉਜਰ ਨਹੀਂ ਕੀਤਾ, ਕਈ ਵਾਰ ਸਗੋਂ ਕਹਿ ਦਿੰਦਾ, ‘ਹਰਵਿੰਦ ਕੁਰੇ... ਆਪਾਂ ਭੇਡਾਂ ਬੱਕਰੀਆਂ ਦੇ ਇੱਜੜ ਨੂੰ ਹੋਰ ਵੀ ਵੱਡਾ ਕਰ ਲਾਂ ਗੇ ਤੇ ਆਪਣਾ ਜ਼ੈਲਾ ਐਸ਼ ਕਰੂਗਾ ਐਸ਼...ਨਾਲੇ ਦੱਸਦਾ ਵੀ ਸੀ ਕਿ ਇੱਕ ਦਿਨ ਜ਼ੈਲਦਾਰ ਸੰਪੂਰਨ ਸਿਉਂ ਮੇਰੇ ਕੋਲ ਵਣ ਹੇਠਾਂ, ਬੱਕਰੀਆਂ ਦਾ ਦੁੱਧ ਘਰੇ ਸਰਦਾਰਨੀ ਨੂੰ ਫੜਾ ਕੇ ਆਉਣ ਨੂੰ ਕਹਿਣ ਲਈ ਆ ਗਿਆ, ਉਦੋਂ ਉਹ ਦਸ ਮਿੰਟ ਮੇਰੇ ਕੋਲ ਬੈਠਾ ਆਪਣੇ ਵਲੈਤੋਂ ਆਏ ਕਾਕੇ ਬਾਰੇ ਦੱਸਣ ਲੱਗ ਪਿਆ ਸੀ ਕਿ ਉਹ ਸਾਰੇ ਜੱਗ ਦੀ ਸੈਰ ਕਰ ਕੇ ਆਇਐ, ਇੱਧਰ ਦੱਖਣ ਵੰਨੀ ਸੋਨ-ਲੰਕਾ ਤੋਂ ਵੀ ਅੱਗੇ ਕੋਈ ਦੇਸ਼ ਐ... ਉੱਥੇ ਹਜ਼ਾਰਾਂ ਕਿੱਲਿਆਂ ਦੇ ਮਾਲਕ... ਜ਼ਿਮੀਂਦਾਰ, ਭੇਡਾਂ ਬੱਕਰੀਆਂ ਦੇ ਇੱਜੜ ਰੱਖਦੇ ਨੇ, ਅਜਿਹੇ ਕੰਮਾਂ ਦੀ ਬੜੀ ਇੱਜ਼ਤ ਐ, ਬੜੀਆ ਕਮਾਈਆਂ ਕਰਦੇ ਨੇ ਇਹ ਤੋਂ...ਉਹ ਲੋਕ।’’
ਮਾਂ-ਪਿਉ ਨੇ ਤਾਂ ਮੇਰਾ ਨਾਂ ਜ਼ੈਲਾ ਹੀ ਰੱਖਿਆ ਸੀ... ਪੜ੍ਹਦਿਆਂ ਜ਼ੈਲਾ ਤੋਂ ਜ਼ੈਲਾ ਸਿੰਘ ਹੋ ਗਿਆ ਅਤੇ ਬਾਅਦ ’ਚ ਅਖ਼ਬਾਰਾਂ ਨੂੰ ਆਰਟੀਕਲ ਭੇਜਣ ਕਰਕੇ ਜ਼ੈਲਾ ਸਿੰਘ ਤੋਂ ਜ਼ੈਲਾ ਦਾਰਪੁਰੀਆ ਬਣ ਗਿਆ। ਜ਼ਿੰਦਗੀ ਵਿੱਚ ਅਨੇਕਾਂ ਉਤਰਾਅ ਚੜ੍ਹਾਅ ਵੇਖੇ, ਦੁੱਖ-ਸੁੱਖ ਹੰਢਾਏ, ਮਾਂ-ਪਿਉ ਵੀ ਨਹੀਂ ਰਹੇ, ਕੱਲੋ ਨਰਸ ਬਣ ਕੇ ਜਲੰਧਰ ਆਪਣੇ ਪਰਿਵਾਰ ਨਾਲ ਜਾ ਵਸੀ। ਮੈਂ ਹੁਣ ਰੌਕੀ ਬਾਈ ਦੇ ਯੂਕੇ ਦੇਸ਼ ਦੀ ਧਰਤੀ ’ਤੇ ਲੰਡਨ ਸ਼ਹਿਰ ਦੇ ਸਾਊਥਹਾਲ ਵਿੱਚ ਆ ਸੈੱਟ ਹੋਇਆ।
ਪਿੰਡ ਰਹਿੰਦਿਆਂ ਬਚਪਨ ਵਿੱਚ ਪੜ੍ਹਾਈ ਦੀ ਸ਼ੁਰੂਆਤ ਵੀ ਬੜੇ ਅਜੀਬ ਢੰਗ ਨਾਲ ਹੋਈ। ਪਿੰਡ ਵਿੱਚ ਰਹਿੰਦੇ ਸੇਠਾਂ ਦੇ ਵਲੈਤੀਏ ‘ਰੌਕੀ’ ਨੇ ਪਿੰਡ ਆਉਣਾ ਸੀ, ਮਾਂ ਨੇ ਸੇਠਾਣੀ ਨੂੰ ਕਹਿ ਦਿੱਤਾ ਕਿ ਭੈਣੇ ਕੰਮਕਾਰ ਦਾ ਭੋਰਾ ਫ਼ਿਕਰ ਨਾ ਕਰੀਂ ਮੈਂ ਆਪੇ ਕਰ ਦਿਆਂ ਕਰੂੰ। ਉਹਨੂੰ ਵੇਖਣ ਦੀ ਚਾਹ ਨੇ ਪੜ੍ਹਾਈ ਦਾ ਰਾਹ ਖੋਲ੍ਹ ਦਿੱਤਾ। ਸੇਠਾਣੀ ਦੇ ਘਰ ਦੇ ਕਿਸੇ ਵੀ ਕੰਮਕਾਰ ਨੂੰ ਮੇਰੀ ਮਾਂ ਨੇ ਕਦੇ ਜਵਾਬ ਨਹੀਂ ਦਿੱਤਾ ਸੀ ਅਤੇ ਨਾ ਹੀ ਸੇਠਾਣੀ ਸਾਡੇ ਨਾਲ ਕੋਈ ਦਰਿਆਉਤ ਰੱਖਦੀ ਸੀ।
‘‘ਨੀਂ ਕੁੜੇ ਹਰਵਿੰਦੇ ਮੈਂ ਤੈਨੂੰ ਹੀ ਯਾਦ ਕਰੀ ਜਾਂਦੀ ਸੀ।’’ ਜਿਉਂ ਹੀ ਮਾਂ ਤੇ ਮੈਂ ਮਾਂ ਦੀ ਉਂਗਲ ਫੜੀਂ ਸੇਠਾਂ ਦੇ ਘਰੇ ਵੜੇ, ਸੇਠਾਣੀ ਤਾਈ ਨੇ ਕਿਹਾ।
‘‘ਸੇਠਾਣੀਏ, ਮੈਂ ਸੁਣਿਆ ਵਲੈਤੀਆ ਆ ਗਿਐ।’’ ਮਾਂ ਨੇ ਪੁੱਛਿਆ।
‘‘ਹਾਂ ਪਰਸੋਂ ਹੀ ਆ ਗਿਆ ਸੀ, ਨਹਾਈ ਜਾਂਦੈ, ਕਹਿੰਦੈ ਅੱਜ ਬਠਿੰਡੇ ਜਾਣੈ...।’’
‘‘ਆਹ ਜ਼ੈਲਾ ਕੱਲ੍ਹ ਦਾ ਵੀਹਰਿਆ ਬੈਠੈ ਕਿ ਮੈਂ ਵਲੈਤੀਆ ਬਾਈ ਨੂੰ ਵੇਖ ਕੇ ਆਉਣੈ। ਪਤਾ ਨਹੀਂ ਇਹਨੂੰ ਕਿੱਥੋਂ ਪਤਾ ਲੱਗ ਗਿਆ... ਉਹਦੇ ਆਏ ਦਾ।’’
‘‘ਕੋਈ ਨਾ.... ਨਹਾ ਲੈਣ ਦੇ.... ਉਹਨੂੰ ਵੇਖ ਲਊ ਰੱਜ ਕੇ....। ਕਿਉਂ ਵੇ... ਅੱਜ ਗਿਆ ਨਹੀਂ ਆਪਦੇ ਬਾਪੂ ਨਾਲ?’’
‘‘ਵੇ ਰੌਕੀ... ਜਦੋਂ ਨਹਾ ਲਿਆ, ਬਾਹਰ ਆਜੀਂ.... ਤੇਰੀ ਚਾਚੀ ਆਈ ਬੈਠੀ ਹੈ।’’ ਤੇ ਉਦੋਂ ਮੈਂ ਮਾਂ ਦੇ ਮਗਰ ਮਗਰ ਲੁਕ ਰਿਹਾ ਸੀ; ਪਤਾ ਨਹੀਂ ਵਲੈਤੀਆ ਕਿਹੋ ਜਿਹਾ ਹੋਵੇਗਾ? ਮੈਂ ਉਹਦਾ ਸ੍ਵਾਮਣਾ ਕਿਵੇਂ ਕਰੂੰ? ਪਰ ਤਸੱਲੀ ਸੀ ਕਿ ਮਾਂ ਨਾਲ ਹੈ ਤੇ ਕੁਝ ਸੇਠਾਣੀ ਤਾਈ ਦਾ ਸਹਾਰਾ ਵੀ ਹੈ ਕਿਉਂਕਿ ਇਹ ਤਾਈ ਤਾਂ ਕਦੇ ਕਦੇ ਕੁਝ ਖਾਣ ਨੂੰ ਦੇ ਹੀ ਦਿੰਦੀ ਤੇ ਮੈਂ ਵੀ ਕਦੇ ਕਦੇ ਉਨ੍ਹਾਂ ਦੇ ਘਰ ਛੋਟੇ-ਮੋਟੇ ਕੰਮ ਕਰ ਆਉਂਦਾ ਸੀ। ਮੈਨੂੰ ਤਾਂ ਇਉਂ ਹੀ ਲੱਗੀ ਗਿਆ ਕਿ ਉਹ ਵੀ ਜ਼ੈਲਦਾਰਾਂ ਦੇ ਵਲੈਤੋਂ ਆਏ ਕਾਕਾ ਜੀ ਵਰਗਾ ਹੋਵੇਗਾ ਕਿਉਂਕਿ ਲੋਕ ਉਹਨੂੰ ਉਡੀਕਦੇ ਰਹਿੰਦੇ... ਉਹ ਕਿਸੇ ਨੂੰ ਮਿਲਦਾ ਹੀ ਨਹੀਂ ਸੀ। ਬਸ ਉਹਦੇ ਸਿਰ ਦੇ ਅਜੀਬ ਜਿਹੇ ਵਾਲ, ਹੱਥਾਂ ਵਿੱਚ ਪਾਏ ਸੋਨੇ ਦੇ ਕੜੇ-ਮੁੰਦਰੀਆਂ ਜਾਂ ਰੰਗ ਬਰੰਗੇ ਕੱਪੜੇ ਪਾਏ, ਲੋਕਾਂ ਨੂੰ ਦੂਰੋਂ ਹੀ ਦੇਖਣ ਨੂੰ ਮਿਲਦੇ ਸਨ।
‘‘ਪੈਰੀਂ ਪੈਨਾ ਚਾਚੀ, ਕੀ ਹਾਲ ਏ? ਚਾਚਾ ਤਾਂ ਚਲਾ ਗਿਆ ਹੋਣੈ..... ਇੱਜੜ ਲੈ ਕੇ?’’ ਬਿਲਕੁਲ ਸਾਧਾਰਨ ਕੁੜਤਾ ਪਜਾਮਾ ਪਾਈਂ ਰੌਕੀ ਹਰਵਿੰਦ ਕੌਰ ਦੇ ਸਾਹਮਣੇ ਖੜ੍ਹਾ ਸੀ।
‘‘ਹਾਂ ਪੁੱਤ... ਉਹ ਤਾਂ ਸਾਝਰੇ ਹੀ ਚਲਾ ਜਾਂਦੈ, ਆਹ ਜ਼ੈਲਾ ਬਾਅਦ ’ਚ ਉਹਦੀ ਰੋਟੀ ਲੈ ਕੇ ਜਾ ਵੜਦੈ...ਆਹ ਕੱਲ੍ਹ ਦਾ ਕਹੀ ਜਾਂਦੈ ਮੈਂ ਵਲੈਤੀਏ ਬਾਈ ਨੂੰ ਵੇਖ ਕੇ ਆਉਣੈ...।’’
‘‘ਲੈ ਵੀ...ਵੇਖ ਲੈ ਜ਼ੈਲਿਆ ਰੱਜ ਕੇ..’’ ਤੇ ਮੈਥੋਂ ਹੁਣ ਅੱਖ ਉਤਾਂਹ ਨਹੀਂ ਚੁੱਕੀ ਜਾ ਰਹੀ ਸੀ। ਮਾਂ ਦੇ ਮਗਰ ਮੈਂ ਲੁਕ ਰਿਹਾ ਸੀ। ‘‘ਵੇ ਲੁਕਦਾ ਕਾਹਤੋਂ ਐਂ? ਪੁੱਛ ਲੈ ਜੇ ਕੁਝ ਪੁੱਛਣੈ ਤਾਂ....।’’
‘‘ਸਕੂਲੇ ਜਾਣੈ ਕਿ ਨਹੀਂ ਉਏ ?’’ ਬੋਲਿਆ ਤਾਂ ਮੈਥੋਂ ਗਿਆ ਹੀ ਨਹੀਂ, ਬਸ ਨਾਂਹ ’ਚ ਸਿਰ ਹੀ ਹਿਲਾ ਸਕਿਆ।
‘‘ਚਾਚੀ... ਇਹਨੂੰ ਸਕੂਲੇ ਕਿਉਂ ਨਹੀਂ ਭੇਜਦੇ? ਇਹਦੀ ਉਮਰ ਤਾਂ 10 ਸਾਲ ਹੋ ਗਈ ਹੋਣੀ ਐ?’’
‘‘ਵੇ ਪੁੱਤ... ਤੇਰਾ ਚਾਚਾ ਆਂਹਦਾ...ਆਪਾਂ ਤਾਂ ਇਹਨੂੰ ਭੇਡਾਂ ਬੱਕਰੀਆਂ ਦਾ ਵੱਗ ਬਣਾ ਦਿਆਂਗੇ। ਇਹਨੇ ਕਿਹੜਾ ਪਟਵਾਰੀ ਲੱਗਣੈ ਪੜ੍ਹ ਕੇ?’’
‘‘ਉਏ ਜ਼ੈਲਿਆ ਤੂੰ ਪੜ੍ਹਨਾ ਚਾਹੁੰਨੈ....?’’ ਹੁਣ ਵੀ ਮੈਂ ਹਾਂ ਵਿੱਚ ਸਿਰ ਹੀ ਹਿਲਾਇਆ।
ਤੇ ਚਾਚੀ ਬੋਲ ਪਈ, ‘‘ਪੁੱਤ ਇਹਨੂੰ ਪੜ੍ਹਨ ਦਾ ਭੁੱਸ ਤਾਂ ਬੌਤ ਹੈ, ਕੈਦੇ ਦੇ ਸਾਰੇ ਅੱਖਰ ਉਠਾ ਲੈਂਦੈ ਅਤੇ ਉਂਗਲਾਂ ’ਤੇ ਗਿਣਤੀਆਂ ਜਿਹੀਆਂ ਵੀ ਕਰ ਲੈਂਦਾ, ਸਾਡੇ ਘਰਾਂ ’ਚੋਂ ਇਹਦੇ ਤਾਏ ਦੀ ਕੁੜੀ ਕੱਲੋ ਐ ਜੋ ਸਕੂਲੇ ਪੜ੍ਹਨ ਜਾਂਦੀ ਐ। ਆਥਣੇ ਘਰੇ ਆ ਕੇ ਇਹਦੇ ਕੋਲ ਬੈਠ ਇਹਨੂੰ ਸਿਖਾਉਂਦੀ ਰਹਿੰਦੀ ਐ, ਇਹ ਵੀ ਮਗਰ ਹਾਂ ਹੂੰ ਕਰੀ ਜਾਂਦੈ।’’
‘‘ਹਾਂ ਬਈ ਜ਼ੈਲਿਆ...ਦੱਸ ਫਿਰ...ਤੂੰ ਸਕੂਲੇ ਜਾਣਾ ਚਾਹੁੰਦੈ?’’ ਮੈਂ ਹੂੰ...ਤਾਂ ਕਿਹਾ, ਪਰ ਮੂੰਹ ’ਚ ਹੀ, ਪਰ ਮੈਂ ਸਿਰ ਤਾਂ ਹਿਲਾਤਾ।
‘‘ਵੇ ਪੁੱਤ ਹੁਣ ਇਹ ਸਕੂਲ ’ਚ ਗਿਆ ਜਵਾਕਾਂ ’ਚ ਬੋਤੇ ਅਰਗਾ ਲੱਗੂ।’’
‘‘ਛੱਡ ਚਾਚੀ ਇਹ ਕੀ ਗੱਲ ਹੈ, ਮੈਂ ਅੱਜ ਬਠਿੰਡੇ ਜਾ ਆਵਾਂ, ਆ ਕੇ ਕਰਦਾਂ ਗੱਲ- ਮਾਸਟਰ ਅਜਾਇਬ ਸਿੰਘ ਨਾਲ ਜੋ ਪ੍ਰਾਇਮਰੀ ਵਾਲਿਆਂ ਨੂੰ ਪੜ੍ਹਾਉਂਦੇ ਨੇ, ਉਹ ਹੀ ਕੋਈ ਹੱਲ ਦੱਸਣਗੇ।’’
ਤੇ ਉਦੋਂ ਮੇਰਾ ਚਾਅ ਨ੍ਹੀਂ ਸੀ ਚੁੱਕਿਆ ਜਾ ਰਿਹਾ। ਘਰੇ ਆ ਕੇ ਝੱਟ ਹੀ ਮੈਂ ਤਾਈ ਨੂੰ ਪੁੱਛ ਕੇ ਆਇਆ ਕਿ ਕੱਲੋ ਕਦੋਂ ਕੁ ਆਵੇਗੀ ? ਨਾਲੇ ਪਤਾ ਸੀ ਕਿ ਕੱਲੋ ਨੇ ਤਾਂ ਛੁੱਟੀ ਮਿਲੇ ’ਤੇ ਹੀ ਆਉਣਾ ਸੀ, ਪਰ ਮੈਨੂੰ ਅੱਜ, ਉਹ ‘ਲੇਟ ਹੀ ਲੇਟ ਹੋਈ ਜਾ ਰਹੀ ਹੈ’, ਲੱਗ ਰਿਹਾ ਸੀ। ‘‘ਮੈਂ ਵੀ ਹੁਣ ਸਕੂਲ ਜਾਇਆ ਕਰੂੰ’’...ਦੱਸ ਕੇ ਹੀ ਮੇਰੇ ਮਨ ਨੂੰ ਚੈਨ ਆਉਣਾ ਸੀ।
ਦੂਸਰੇ ਦਿਨ ਬਾਈ ਰੌਕੀ ਨੇ ਮਾਂ ਨੂੰ ਕਿਹਾ ਸੀ, ‘‘ਚਾਚੀ ਅੱਜ ਮੈਂ ਮਾਸਟਰ ਅਜਾਇਬ ਸਿੰਘ ਜੀ ਨੂੰ ਮਿਲ ਕੇ ਆਇਆਂ ਹਾਂ। ਉਨ੍ਹਾਂ ਕਿਹਾ ਜੇ ਉਹਨੂੰ ਪੜ੍ਹਨ ਦਾ ਚਾਅ ਹੈ ਤਾਂ ਉਹ ਸਕੂਲੋਂ ਛੁੱਟੀ ਹੋਣ ਤੋਂ ਬਾਅਦ ਮੇਰੇ ਕੋਲ ਆ ਜਿਆ ਕਰੇ... ਮੈਂ ਉਹਨੂੰ ਪੜ੍ਹਾ ਦਿਆ ਕਰਾਂਗਾ। ਜੇ ਉਹ ਪੰਜਾਬੀ ਪੜ੍ਹਨੀ ਲਿਖਣੀ ਸਿੱਖ ਗਿਆ ਅਤੇ ਇੱਕ ਦੋ ਪਹਾੜੇ, ਸੌ ਤੱਕ ਦੀ ਗਿਣਤੀ ਕਰਨ ਲੱਗ ਪਿਆ ਤਾਂ ਉਸ ਨੂੰ ਐਤਕੀਂ ਅਪਰੈਲ ’ਚ ਪੰਜਵੀਂ ਵਿੱਚ ਹੀ ਬੈਠਾ ਦੇਵਾਂਗੇ, ਨਾਲੇ ਇਸ ਕੰਮ ਲਈ ਤਾਂ ਹੈੱਡਮਾਸਟਰ ਐੱਸ.ਬੀ. ਮਿੱਤਲ ਵੀ ਸਹਾਇਤਾ ਕਰ ਦਊ। ਖ਼ਰਚੇ ਖੁਰਚੇ ਦਾ ਤੁਸੀਂ ਫ਼ਿਕਰ ਨਾ ਕਰਿਓ, ਮੈਂ ਦੇ ਦਿਆ ਕਰੂੰ, ਨਾਲੇ ਚਾਚੇ ਨੂੰ ਕਹਿ ਦਈਂ ਬਈ ਉਹ ਇੱਜੜ ਆਪੇ ਚਾਰ ਲਿਆਇਆ ਕਰੇ।’’
‘‘ਜ਼ੈਲਿਆ ਸਕੂਲੋਂ ਬਾਅਦ ਤੂੰ ਵੀ ਆਪ ਦੇ ਬਾਪੂ ਦੀ ਸਹਾਇਤਾ ਕਰਿਆ ਕਰੀਂ। ਨਾਲੇ ਉੱਥੇ ਭੇਡਾਂ ਬੱਕਰੀਆਂ ਨੂੰ ਪੁਚਕਾਰਦਾ ਰਿਹਾ ਨਾਲੇ ਊੜਾ-ਐੜਾ ਅਤੇ ਪਹਾੜੇ ਯਾਦ ਕਰਦਾ ਰਿਹਾਂ ਕਰੀਂ।’’
ਤੇ ਰੌਕੀ ਬਾਈ ਦੀ ਗੱਲ ਮੈਂ ਪੱਲੇ ਬੰਨ੍ਹ ਲਈ। ਦਸਵੀਂ ਤੋਂ ਬਾਅਦ ਰੌਕੀ ਬਾਈ ਨੇ ਮੈਨੂੰ ਸਮਝਾਇਆ, ਬਈ ਹੁਣ ਤੂੰ ਕੋਈ ਡਿਪਲੋਮਾ ਕਰ ਲੈ, ਨੌਕਰੀ ’ਤੇ ਲੱਗ ਜਾ, ਚਾਰ ਪੈਸਿਆਂ ਦਾ ਜੁਗਾੜ ਬਣ ਜਾਵੇਗਾ, ਘਰ ਦਿਆਂ ਨੂੰ ਕੁਝ ਸਹਾਰਾ ਹੋ ਜਾਊ। ਅੱਗੇ ਤੇਰੀ ਪੜ੍ਹਾਈ ਆਪਾਂ ਪ੍ਰਾਈਵੇਟ ਚਾਲੂ ਰੱਖਾਂਗੇ। ਦਸਵੀਂ ਵਿੱਚ ਆਏ ਮੇਰੇ ਨੰਬਰਾਂ ਨੂੰ ਵੇਖਦਿਆਂ ਹੈੱਡਮਾਸਟਰ ਸਾਹਿਬ ਨੇ ਪਟਿਆਲਾ ਮੈਡੀਕਲ ਕਾਲਜ ਵਿੱਚ ਫਾਰਮੇਸੀ ਦੇ ਡਿਪਲੋਮੇ ਲਈ ਮੇਰੇ ਫਾਰਮ ਭਰਵਾ ਦਿੱਤੇ। ਦਾਖਲਾ ਪੱਕਾ ਸੀ। ਮਿਲ ਵੀ ਗਿਆ। ਕੋਰਸ ਪੂਰਾ ਹੁੰਦਿਆਂ ਹੀ ਨੌਕਰੀ ਮਿਲ ਗਈ, ਪਰ ਪਹਿਲੀ ਪੋਸਟਿੰਗ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਚੱਬੇਵਾਲ ਦੀ ਡਿਸਪੈਂਸਰੀ ’ਚ ਹੋ ਗਈ। ਯਤਨ ਸਾਡਾ ਰਿਹਾ ਕਿ ਬਦਲੀ ਕਰਵਾ ਕੇ ਆਪਣੇ ਮਾਲਵੇ ਇਲਾਕੇ ਜਾਂ ਇਸ ਦੇ ਨੇੜੇ-ਤੇੜੇ ਆ ਜਾਈਏ। ਕੋਈ ਫਹੁ ਨਾ ਪਿਆ। ਇਹ ਤਾਂ ਤਿੰਨ ਸਾਲਾਂ ਬਾਅਦ ਰੌਕੀ ਦੀ ਭੈਣ ਦੀ ਨਣਦ ਦਾ ਸਹੁਰਾ ਸਿਹਤ ਮੰਤਰੀ ਬਣਿਆ ਤਾਂ ਜਾ ਕੇ ਫ਼ਰੀਦਕੋਟ ਜ਼ਿਲ੍ਹੇ ਦੇ ਕਸਬੇ ਸਾਹੋਕੇ ਦੇ ਕੋਲ ਬਣੇ ਆਲੀਸ਼ਾਨ ਪੇਂਡੂ ਹਸਪਤਾਲ ਵਿੱਚ ਬਦਲੀ ਹੋ ਸਕੀ ਕਿਉਂਕਿ ਮੰਤਰੀ ਸਾਹਿਬ ਦਾ ਪੈਦਾਇਸ਼ੀ ਜ਼ਿਲ੍ਹਾ ਇਹੀ ਸੀ, ਇਸੇ ਲਈ ਇਸ ਜ਼ਿਲ੍ਹੇ ਦਾ ਮੁੱਖ ਸਿਹਤ ਅਫ਼ਸਰ ਦਿਨ ਵਿੱਚ ਦੋ ਵਾਰ ਘਰੇ ਹਾਜ਼ਰੀ ਭਰਦਾ ਹੀ ਭਰਦਾ ਸੀ। ‘ਮੇਰੀ ਬਦਲੀ ਅਤੇ ਕੋਈ ਵਧੀਆ ਜਿਹੇ ਹਸਪਤਾਲ ਵਿੱਚ ਡਿਊਟੀ ਲਾਉਣ’ ਦੀ ਉਹਦੀ ਜ਼ਿੰਮੇਵਾਰੀ, ਮੰਤਰੀ ਸਾਹਿਬ ਨੇ ਲਾ ਦਿੱਤੀ।
ਇਲਾਕੇ ਦੇ ਐੱਨਆਰਆਈ ਸੱਜਣਾਂ ਨੇ ਹਸਪਤਾਲ ਦੀ ਇਮਾਰਤ ਬਣਵਾਈ ਸੀ। ਇਸ ਲਈ ਪੇਂਡੂ ਇਲਾਕੇ ਵਿੱਚ ਹੁੰਦਿਆਂ ਹੋਇਆਂ ਇਸ ਹਸਪਤਾਲ ਦੀ ਇਮਾਰਤ ਵੱਡੇ ਹਸਪਤਾਲਾਂ ਨੂੰ ਵੀ ਮਾਤ ਪਾਉਂਦੀ ਸੀ। ਸਰਕਾਰ ਦੀ ਵੀ ਨੀਤੀ ਸੀ ਕਿ ਪਿੰਡਾਂ ਵਿੱਚ ਵਧੀਆ ਹਸਪਤਾਲ ਬਣਾ ਕੇ ਪੇਂਡੂ ਲੋਕਾਂ ਨੂੰ ਸ਼ਹਿਰਾਂ ਜਿਹੀਆਂ ਡਾਕਟਰੀ ਸਹੂਲਤਾਂ ਉੱਥੇ ਹੀ ਦਿੱਤੀਆਂ ਜਾਣ। ਇਸੇ ਨੀਤੀ ਅਧੀਨ ਇਸ ਹਸਪਤਾਲ ਵਿੱਚ ਵੀ ਕਾਫ਼ੀ ਕਿਸਮਾਂ ਦੇ ਕਰਮਚਾਰੀਆਂ ਦੀਆਂ ਅਸਾਮੀਆਂ ਬਣਾਈਆਂ ਗਈਆਂ, ਪਰ ਦੋ ਕੁ ਸਾਲਾਂ ’ਚ ਹੀ ਪਤਾ ਲੱਗ ਗਿਆ ਕਿ ਬਹੁਤਾ ਸਟਾਫ ਪੇਂਡੂ ਹਸਪਤਾਲਾਂ ਵਿੱਚ ਨੌਕਰੀਆਂ ਕਰਨ ਦੀ ਬਜਾਏ ਸ਼ਹਿਰੀ ਹਸਪਤਾਲਾਂ ਨੂੰ ਹੀ ਤਰਜੀਹ ਦਿੰਦਾ ਹੈ। ਫਿਰ ਵੀ ਇੱਕ ਡਾਕਟਰ ਇੱਥੇ ਪੱਕੇ ਤੌਰ ’ਤੇ ਟਿਕ ਗਿਆ: ਕਿਸੇ ਬਾਹਰਲੇ ਰਾਜ ਵਿੱਚ ਜੰਮਿਆ-ਪਲਿਆ ਡਾ.ਚੌਧਰੀ। ਉਸ ਨੇ ਆਪਣੇ ਆਪ ਨੂੰ ਪੇਂਡੂ ਪੰਜਾਬੀ ਲਹਿਜੇ ਵਿੱਚ ਢਾਲ ਲਿਆ।
‘‘ਮੇਰੇ ਨਾਨਕੇ ਇਸ ਇਲਾਕੇ ਵਿੱਚ ਹੋਣ ਕਰਕੇ ਮੇਰੀ ਜਾਣ ਪਛਾਣ ਵੀ ਕਾਫ਼ੀ ਸੀ। ਕੁਝ ਇਸ ਕਰਕੇ ਅਤੇ ਕੁਝ ਸੁਹਿਰਦਤਾ ਨਾਲ ਲੋਕਾਂ ਨੂੰ ਸੇਵਾਵਾਂ ਦੇਣ ਕਰਕੇ ਹਸਪਤਾਲ ਦਾ ਨਾਂ ਮਸ਼ਹੂਰ ਹੋ ਰਿਹਾ ਸੀ। ਏ.ਐੱਨ.ਐੱਮ, ਐੱਲ.ਐੱਚ.ਵੀ ਬੇਸਿਕ ਹੈਲਥ ਵਰਕਰ ਆਦਿ ਜਿਨ੍ਹਾਂ ਦਾ ਜ਼ਿਆਦਾ ਕੰਮ ਫੀਲਡ ਵਿੱਚ ਹੁੰਦਾ, ਉਹ ਸਵੇਰੇ ਹਾਜ਼ਰੀ ਲਾ ਕੇ ਚਲੇ ਜਾਂਦੇ ਅਤੇ ਕਲੈਰੀਕਲ ਸਟਾਫ, ਕਲਾਸ ਫੋਰ, ਸਟਾਫ ਨਰਸ, ਡਾਕਟਰ ਅਤੇ ਫਾਰਮਾਸਿਸਟ ਮਰੀਜ਼ਾਂ ਨੂੰ ਚੈੱਕ ਅੱਪ ਕਰਨ, ਉਨ੍ਹਾਂ ਦਾ ਇਲਾਜ ਕਰਨ ਲਈ ਅਸੀਂ ਸਾਰਾ ਦਿਨ ਹਸਪਤਾਲ ’ਚ ਹੀ ਰਹਿੰਦੇ।
ਇਸ ਇਲਾਕੇ ਵਿੱਚ ਖੱਬੇ-ਪੱਖੀ ਲਹਿਰ ਦਾ ਕਾਫ਼ੀ ਬੋਲਬਾਲਾ ਸੀ। ਇਸ ਲਈ ਜਥੇਬੰਦੀਆਂ ਵਿੱਚ ਕਾਮਰੇਡੀ ਵਿਚਾਰਾਂ ਵਾਲੇ ਕਰਮਚਾਰੀ ਹੀ ਅਹੁਦੇਦਾਰ ਬਣ ਰਹੇ ਸਨ, ਪਰ ਅਫ਼ਸਰ ਚਾਹੁੰਦੇ ਸਨ ਕਿ ਮੁਲਾਜ਼ਮ-ਜਥੇਬੰਦੀਆਂ ਖ਼ਾਸ ਕਰਕੇ ਪੈਰਾ-ਮੈਡੀਕਲ ਜਥੇਬੰਦੀਆਂ ਦੀ ਵਾਗਡੋਰ ਅਫ਼ਸਰਪੱਖੀ ਨੁਮਾਇੰਦਿਆਂ ਦੇ ਹੱਥ ਹੋਣੀ ਚਾਹੀਦੀ ਹੈ ਤਾਂ ਕਿ ਲੋਕ-ਘੋਲਾਂ ਨੂੰ ਤਾਰਪੀਡੋ ਕੀਤਾ ਜਾ ਸਕੇ। ਪੈਰਾ ਮੈਡੀਕਲ ਦੇ ਅਹੁਦੇਦਾਰਾਂ ਦੀ ਚੋਣ ਹੋਣ ਨੂੰ ਸੀ, ਪਿਛਲੇ ਲੰਬੇ ਸਮੇਂ ਤੋਂ ਕਾਮਰੇਡਾਂ ਦੇ ਹੱਥ ਇਹਦੀ ਡੋਰ ਹੋਣ ਕਰਕੇ ਅਫ਼ਸਰਸ਼ਾਹੀ ਦੇ ਆਪ-ਹੁਦਰੇਪਣ ਨੂੰ ਠੱਲ੍ਹ ਪਈ ਹੋਈ ਸੀ, ਪਰ ਹੁਣ ਵਾਲਾ ਜ਼ਿਲ੍ਹਾ ਸਿਹਤ ਅਫ਼ਸਰ ਇਸ ਜ਼ਿਲ੍ਹੇ ਦੀ ਜਥੇਬੰਦੀ ਵਿੱਚ ਦੁਫੇੜ ਪਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ ਸੀ। ਇਸ ਵਾਰ ਉਹ ਕਾਮਯਾਬ ਹੋ ਵੀ ਗਿਆ। ਕਈ ਲੀਡਰਾਂ ਵਿੱਚ ਸਾਮ ਦਾਮ ਦੰਡ ਭੇਦ ਦੀ ਨੀਤੀ ਨਾਲ ਦਰਾੜ ਪੈਦਾ ਕਰ ਦਿੱਤੀ। ਇਸ ਇਲਾਕੇ ਵਿੱਚ ਬੇਸਿਕ ਹੈਲਥ ਵਰਕਰ ਲੱਗਿਆ ਸਰਮੰਦਿਰ ਸਿੰਘ ਕਈ ਸਾਲਾਂ ਤੋਂ ਬਿਨਾਂ ਮੁਕਾਬਲਾ ਪ੍ਰਧਾਨ ਚੁਣਿਆ ਆਉਂਦਾ ਸੀ। ਜਥੇਬੰਦੀ ਵਿੱਚ ਕੋਈ ਅਹੁਦੇ ’ਤੇ ਨਾ ਹੁੰਦਿਆਂ ਵੀ ਮੈਂ ਸਰਗਰਮ ਮੈਂਬਰ ਸਾਂ। ਇਨ੍ਹਾਂ ਦੀਆਂ ਸਾਰੀਆਂ ਮੀਟਿੰਗਾਂ ਮੇਰੀ ਦੇਖ-ਰੇਖ ’ਚ ਹੀ ਹੁੰਦੀਆਂ ਸਨ। ਜਥੇਬੰਦੀ ਦੇ ਕੰਮਾਂ ਕਾਰਾਂ ਦੀਆਂ ਰੂਪ ਰੇਖਾਵਾਂ ਮੇਰੇ ਕਮਰੇ ’ਚ ਬੈਠ ਕੇ ਹੀ ਬਣਾਈਆਂ ਜਾਂਦੀਆਂ। ਉਂਝ ਵੀ ਉਸ ਇਲਾਕੇ ਦੀਆਂ ਕਈ ਸਵੈ-ਸੇਵੀ ਸੰਸਥਾਵਾਂ ਵਿੱਚ ਮੈਂ ਸਰਗਰਮ ਸੀ।
ਲੋਕ-ਸਹਾਇਤਾ ਲਈ ਮੇਰਾ ਨਾਂ ਮਸ਼ਹੂਰ ਹੋ ਗਿਆ। ਕਾਮਰੇਡੀ ਦੇ ਗੜ੍ਹ ਨੂੰ ਤੋੜਨ ਲਈ ਅਫ਼ਸਰ ਦੀ ਅੱਖ ਵੀ ਮੇਰੇ ’ਤੇ ਸੀ ਅਤੇ ਉਹ ਮੇਰੀ ਬਦਲੀ ਕਰਵਾ ਕੇ ਲਿਆਂਦੀ ਦੀ ਕੀਮਤ ਇਸ ਰੂਪ ’ਚ ਵਸੂਲਣਾ ਚਾਹੁੰਦਾ ਸੀ। ਉਸ ਨੇ ਆਪਣਾ ਏਜੰਟ ਮੇਰੇ ਕੋਲ ਭੇਜਿਆ, ਜਿਹਨੇ ਆਉਂਦਿਆਂ ਸਾਰ ਹੀ ਕਿਹਾ;
‘‘ਬਾਬੂ ਜੀ, ਸਾਬ੍ਹ ਚਾਹੁੰਦੇ ਨੇ ਕਿ ਇਸ ਵਾਰ ਇੱਥੋਂ ਦੇ ਸਾਰੇ ਮੁਲਾਜ਼ਮਾਂ ਦੀਆ ਵੋਟਾਂ ਸਰਮੰਦਿਰ ਨੂੰ ਨਹੀਂ ਸਵਰਨੇ ਨੂੰ ਪੈਣੀਆਂ ਚਾਹੀਦੀਆਂ ਨੇ।’’
‘‘ਸਵਰਨਾ... ਜਿਹੜਾ ਸਭ ਦੀਆਂ ਚੁਗਲੀਆਂ ਅਫ਼ਸਰਾਂ ਕੋਲ ਕਰਦੈ!..... ਪੈਸੇ ਲੈ ਦੇ ਕੇ ਕੰਮ ਕਰਵਾਉਂਦੈ?.... ਮਿੱਤਰਾ ਅਸੀਂ ਚਮਚਿਆਂ ਨੂੰ ਵੋਟਾਂ ਨਹੀਂ ਪਾਉਂਦੇ ਹੁੰਦੇ।’’
‘‘ਫਿਰ ਸਜ਼ਾ ਭੁਗਤਣ ਲਈ ਤਿਆਰ ਰਹੀਂ।’’ ਉਹਦੇ ’ਚ ਤਾਂ ਜਿਵੇਂ ਅਫ਼ਸਰ ਹੀ ਬੋਲ ਰਿਹਾ ਸੀ।
ਵੋਟਾਂ ਪੈ ਗਈਆਂ, ਇਸ ਵਾਰ ਅਫ਼ਸਰਸ਼ਾਹੀ ਜਥੇਬੰਦੀ ਨੂੰ ਢਾਹ ਲਾਉਣ ’ਚ ਕਾਮਯਾਬ ਹੋ ਹੀ ਗਈ, ਪੈਰਾ-ਮੈਡੀਕਲ ਜਥੇਬੰਦੀ ਦੇ ਸੱਤਰ ਫੀਸਦੀ ਅਹੁਦੇਦਾਰ ਅਫ਼ਸਰ-ਪਿੱਠੂ ਕਰਮਚਾਰੀ ਜਿੱਤ ਗਏ। ਸਾਰੀ ਜਥੇਬੰਦੀ ਦਾ ਗੜ੍ਹ ਇੱਥੋਂ ਬਦਲ ਕੇ ਹੈੱਡਕੁਆਰਟਰ ’ਤੇ ਚਲਾ ਗਿਆ। ਪਤਾ ਮੈਨੂੰ ਵੀ ਲੱਗ ਗਿਆ ਕਿ ਕਾਰਵਾਈ ਸ਼ੁਰੂ ਹੋਣ ਵਾਲੀ ਐ ਕਿਉਂਕਿ ਜਿੱਦਣ ਦਾ ਡਾਕਟਰ ਨੂੰ ਫ਼ਰੀਦਕੋਟ ਸੱਦਿਆ ਸੀ... ਉਹਦੇ ਤੌਰ ਵੀ ਬਦਲੇ ਲੱਗੇ।
‘‘ਬਾਬੂ ਜੀ ਮੇਰੇ ਕੁਝ ਵੱਸ ਨਹੀਂ, ਤੁਹਾਨੂੰ ਅੱਜ ਹੀ ਰੀਲੀਵ ਕੀਤਾ ਜਾਂਦਾ ਹੈ....ਉੱਥੇ ਜਾ ਕੇ ਹਾਜ਼ਰੀ ਦਿਓ।’’ ਹੁਕਮਾਂ ਦੀ ਕਾਪੀ ਹੱਥ ਫੜਾਉਂਦਿਆਂ ਉਸ ਨੇ ਬੇਵਸੀ ਜ਼ਾਹਰ ਕੀਤੀ। ਮੇਰਾ ਡੈਪੂਟੇਸ਼ਨ ਇੱਥੋਂ 30 ਕਿਲੋਮੀਟਰ ਦੂਰ ਡਿਸਪੈਂਸਰੀ ਵਿੱਚ ਕਰ ਦਿੱਤਾ ਜਿੱਥੇ ਪਹੁੰਚਣ ਲਈ ਬੱਸਾਂ ਆਦਿ ਦਾ ਕੋਈ ਪ੍ਰਬੰਧ ਹੀ ਨਹੀਂ ਸੀ। ਹੈਰਾਨੀ ਤਾਂ ਮੈਨੂੰ ਉਦੋਂ ਹੋਈ ਜਦੋਂ ਇੱਥੇ ਲੱਗੀ ਸਟਾਫ ਨਰਸ ਪਰਿਜੀਤ ਮੇਰੇ ਤੋਂ ਪਾਸਾ ਵੱਟਣ ਲੱਗ ਪਈ ? ਮੈਨੂੰ ਇਹ ਨਾ ਸਮਝ ਆਇਆ ਕਿ ਉਸ ਨੂੰ ਵੀ ਰੀਲੀਵ ਕਿਉਂ ਕਰ ਦਿੱਤਾ ਗਿਆ? ਪਰ ਉਹ ਤਾਂ ਜਿਵੇਂ ਖ਼ੁਸ਼ ਹੀ ਸੀ। ਮੇਰੇ ਆਰਡਰਾਂ ਵਿੱਚ ਕੇਵਲ ‘ਸਟਾਫ ਨਾਲ ਮਿਸ-ਬਿਹੇਵ’ ਲਿਖਿਆ ਹੋਇਆ ਸੀ। ਸਾਬਕਾ ਪ੍ਰਧਾਨ ਬਣ ਗਏ ਸਰਮਿੰਦਰ ਨੇ ਸਾਰੀ ਖੇਡ ਦਾ ਪਤਾ ਲਗਾ ਲਿਆ ਕਿ ਦਫ਼ਤਰ ਵੱਲੋਂ ਸਟਾਫ ਨਰਸ ਨੂੰ ਉਹਦੇ ਮਨਪਸੰਦ ਦੇ ਸਟੇਸ਼ਨ ’ਤੇ ਭੇਜਣ ਲਈ, ‘ਇੰਨਾ ਕਹਿਣ ਲਈ’ ਮਨਾ ਲਿਆ ਗਿਆ ਸੀ ਕਿ ਦਾਰਪੁਰੀਆ ਮੇਰੇ ਨਾਲ ਮਾੜਾ ਵਰਤਾਅ ਕਰਦਾ ਹੈ।
ਆਰਡਰਾਂ ਨੂੰ ਕੈਂਸਲ ਕਰਵਾਉਣ ਲਈ ਕੁਝ ਕਰਨ ਦੀ ਜਦੋਂ ਵਿਚਾਰ ਚੱਲੀ ਤਾਂ ਸਰਮਿੰਦਰ ਦਾ ਕਹਿਣਾ ਸੀ ਬਾਬੂ ਜੀ ਜੇ ਆਪਾਂ ਹੁਣ ਤੁਹਾਡੀ ਬਦਲੀ ਰੁਕਵਾਉਣ ਲਈ ਧਰਨਾ ਬਗੈਰਾ ਲਾਵਾਂਗੇ ਤਾਂ ਕੁੜੀ ਦਾ ਨਾਂ ਉਛਲੂਗਾ, ਉਹਦੀ ਬਦਨਾਮੀ ਹੋਵੇਗੀ। ਇਸ ਲਈ ਤੇਲ ਵੇਖੀਏ ਤੇ ਤੇਲ ਦੀ ਧਾਰ ਵੇਖੀਏ, ਕੁਝ ਚਿਰ ਇੰਤਜ਼ਾਰ ਕਰੀਏ।
ਮੇਰੇ ਵਾਲੀ ਡਿਸਪੈਂਸਰੀ ਦੀ ਚੈਕਿੰਗ ਵਧ ਗਈ। ਦਫ਼ਤਰ ਵਿੱਚ ਲੱਗੇ ਇੱਕ ਵਫ਼ਾਦਾਰ ਕਲਰਕ ਨੇ ਜਾਣਕਾਰੀ ਦਿੱਤੀ, ‘‘ਜ਼ੈਲਿਆ ਇਹ ਬੁਰੀ ਤਰ੍ਹਾਂ ਤੇਰੇ ਮਗਰ ਪਿਆ ਹੋਇਐ। ਵੋਟਾਂ ਪਾਉਣ ਤੋਂ ਜਵਾਬ ਦੇਣ ਕਰ ਕੇ ਤੇਰੇ ’ਤੇ ਚਿੜਿਆ ਹੋਇਆ ਹੈ। ਐਂਵੇਂ ਹੋਰ ਨਾ ਤੇਰੇ ’ਤੇ ਸਟੋਰ ਦੀ ਹੇਰਾਫੇਰੀ ਦਾ ਇਲਜ਼ਾਮ ਲਗਾ ਕੇ ਤੇਰਾ ਨੁਕਸਾਨ ਕਰ ਦੇਵੇ, ਤੂੰ ਇਹ ਜ਼ਿਲ੍ਹਾ ਹੀ ਛੱਡ ਜਾ।’’ ਨਾਲ ਹੀ ਉਹਨੇ ਰਾਹ ਵੀ ਦੱਸ ਦਿੱਤਾ ਇਹ ਕਹਿੰਦਿਆਂ, ‘‘ਮੈਨੂੰ ਪਤੈ ਰਿਸ਼ਵਤ ਦੇਣ-ਲੈਣ ਨੂੰ ਰੋਕਣ ਲਈ ਤੁਸੀਂ ਸੰਘਰਸ਼ ਕਰਦੇ ਹੋ, ਪਰ ਮਿੱਤਰਾ ਦਫ਼ਤਰਾਂ ’ਚ ਸਾਰਾ ਕੁਝ ਈ ਚੱਲੀ ਜਾ ਰਿਹੈ। ਨਾਲੇ ਤੁਹਾਡੀ ਯੂਨੀਅਨ ਹੁਣ ਮਜ਼ਬੂਤ ਵੀ ਨਹੀਂ ਰਹੀ, ਚੁੱਪ ਕਰਕੇ ਚੰਡੀਗੜ੍ਹ ਜਾ, ਉੱਥੇ ਕੁਸਵੰਤ ਡੀਲਿੰਗ ਕਲਰਕ ਹੈ, ਉਹਨੂੰ ਦਫ਼ਤਰੋਂ ਬਾਹਰ ਲਿਜਾ ਕੇ ਮਿਲ ਲਈਂਂ, ਉਹ ਆਪੇ ਹੀ ਤੇਰੇ ਬਠਿੰਡੇ ਜ਼ਿਲ੍ਹੇ ਵਿੱਚ ਕਿਤੇ ਆਰਡਰ ਕਰਵਾ ਦੇਵੇਗਾ।’’
ਬਠਿੰਡਾ ਜ਼ਿਲ੍ਹੇ ਵਿੱਚ ਬਦਲੀ ਹੋ ਜਾਣ ਨਾਲ ਆਪਣੇ ਪਿੰਡ ਦਾਰਪੁਰ ਦੇ ਨਜ਼ਦੀਕ ਅਬੋਹਰ-ਬਠਿੰਡਾ ਮੇਨਰੋਡ ਉੱਪਰ ਬਣੇ ਚੌਕ ਦੇ ਆਸੇ ਪਾਸੇ ਕਈ ਪਿੰਡਾਂ ਅਤੇ ਮਸ਼ਹੂਰ ਸੰਤ ਡੇਰਿਆਂ ਦੇ ਵਿਚਕਾਰ ਬਣੇ ਪੇਂਡੂ ਹਸਪਤਾਲ ਵਿੱਚ ਜ਼ੈਲਾ ਦਾਰਪੁਰੀਆ ਆ ਲੱਗਿਆ। ਕਾਮਰੇਡੀ ਗਤੀਵਿਧੀਆਂ ਚੱਲਦੀਆਂ ਤਾਂ ਰਹੀਆਂ, ਪਰ ਘਟਦੀਆਂ ਜ਼ਰੂਰ ਗਈਆਂ। ਉਦੋਂ ਤਾਂ ਬਿਲਕੁਲ ਖ਼ਤਮ ਹੀ ਹੋ ਗਈਆਂ ਜਦੋਂ ਉਹਦਾ ਵਿਆਹ ਹੁਸ਼ਿਆਰਪੁਰ ਇਲਾਕੇ ’ਚ ਰਹਿੰਦੇ ਰੰਗੂਨ ਸਿੰਘ ਦੀ ਲੜਕੀ ਸ਼ਮਿੰਦਰ ਨਾਲ ਹੋ ਗਿਆ। ਚੱਬੇਵਾਲ ਡਿਸਪੈਂਸਰੀ ’ਚ ਲੱਗਣ ਵੇਲੇ ਦੀ ਰੰਗੂਨ ਨਾਲ ਹੋਈ ਜਾਣ ਪਛਾਣ ਹੁਣ ਰਿਸ਼ਤੇਦਾਰੀ ’ਚ ਬਦਲ ਗਈ। ਸ਼ਮਿੰਦਰ ਅਧਿਆਪਕ ਲੱਗੀ ਸੀ।
ਦੋਵਾਂ ਦੀ ਨੌਕਰੀ ਵਧੀਆ ਚੱਲਦੀ ਰਹੀ। ਇੱਕ ਮੁੰਡਾ ਤੇ ਇੱਕ ਕੁੜੀ ਦੋ ਬੱਚੇ ਹੋ ਗਏ। ਪੜ੍ਹਾਈ ’ਚ ਦੋਵੇਂ ਹੀ ਹੁਸ਼ਿਆਰ ਨਿਕਲੇ: ਮੁੰਡਾ ਆਈ ਟੀ ਸੈਕਟਰ ’ਚ ਜਾਣ ਦੀ ਤਿਆਰੀ ’ਚ ਸੀ ਅਤੇ ਕੁੜੀ ਮੈਡੀਕਲ ਵੱਲ। ਬੱਚਿਆਂ ਦੀ ਪੜ੍ਹਾਈ ਦੇ ਲਗਭਗ ਪੂਰੇ ਹੁੰਦਿਆਂ ਹੀ ਉਨ੍ਹਾਂ ਦੀ ਲਾਟਰੀ ਹੀ ਨਿਕਲ ਆਈ ਕਿਉਂਕਿ ਉਸ ਦੇ ਸਹੁਰੇ ਨੇ ਕਦੇ ਬਰਮਾ ਦੀ ਲੜਾਈ ਵਿੱਚ ਹਿੱਸਾ ਲਿਆ ਸੀ ਅਤੇ ਜੰਗਬੰਦੀ ਤੋਂ ਬਾਅਦ ਬਹੁਤੇ ਸੈਨਿਕਾਂ ਨੂੰ ਇੰਗਲੈਂਡ ਦੀ ਨਾਗਰਿਕਤਾ ਲਈ ਸਰਟੀਫਿਕੇਟ ਮਿਲ ਗਿਆ ਸੀ। ਸੈਨਿਕਾਂ ਦੇ ਬੱਚਿਆਂ ਨੂੰ ਮਿਲਦੀ ਵਿਸ਼ੇਸ਼ ਸਹੂਲਤ ਦੇ ਆਧਾਰ ’ਤੇ ਜ਼ੈਲਾ ਪਰਿਵਾਰ ਸਮੇਤ ਇੱਥੇ ਆਉਣ ’ਚ ਕਾਮਯਾਬ ਹੋ ਗਿਆ। ਦੋ-ਤਿੰਨ ਸਾਲਾਂ ਵਿੱਚ ਬੱਚੇ ਇੱਥੇ ਵਧੀਆ ਨੌਕਰੀਆਂ ’ਤੇ ਸੈੱਟ ਹੋ ਗਏ। ਪਚਵੰਜਾ ਸਾਲ ਦੀ ਉਮਰ ਤੱਕ ਪਹੁੰਚਦਿਆਂ ਜ਼ੈਲੇ ਨੇ ਪੰਜਾਬ ਸਰਕਾਰ ਦੀ ਨੌਕਰੀ ਛੱਡ ਕੇ ਆਪਣਾ ਸਾਰਾ ਲੈਣ-ਦੇਣ ਨਿਬੇੜ ਲਿਆ ਸੀ, ਪਰ ਉਹਦੇ ਉੱਤੇ ਦੁੱਖਾਂ ਦਾ ਪਹਾੜ ਤਾਂ ਉਦੋਂ ਡਿੱਗਿਆ ਜਦੋਂ ਭਾਰਤ ਗਿਆਂ ’ਤੇ ਕੋਰੋਨਾ ਨੇ ਘਰਵਾਲੀ ਸ਼ਮਿੰਦਰ ਦੀ ਜਾਨ ਲੈ ਲਈ। ਸਦਮਾ ਭਾਵੇਂ ਅਸਹਿ ਸੀ, ਪਰ ਕੁਝ ਸਾਲਾਂ ਵਿੱਚ ਜ਼ੈਲਾ ਠੀਕ ਹੋ ਗਿਆ। ਚੰਗਾ ਹੋਇਆ ਕਿ ਗੁਰਦੁਆਰਾ ਸਾਹਿਬ ਵਿਖੇ ਜ਼ੈਲਾ ਦਾਰਪੁਰੀਆ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਲੱਗ ਪਿਆ ਅਤੇ ਸਮਾਜ-ਸੇਵੀ ਸੰਸਥਾਵਾਂ ਦਾ ਮੈਂਬਰ ਬਣ ਕੇ ਲੋਕ-ਸੇਵਾ ਦੇ ਕੰਮਾਂ ਵਿੱਚ ਰੁੱਝ ਗਿਆ।
ਇਸ ਖੇਤਰ ਵਿੱਚ ਬਣੀ ਸੀਨੀਅਰ ਸਿਟੀਜਨਜ਼ ਦੀ ਸੰਸਥਾ ਵਿੱਚ ਬੱਚਿਆਂ ਦੇ ਮਗਰ ਆਏ ਸੱਠ ਸਾਲੇ ਪੰਜਾਬੀਆਂ ਦੇ ਨਾਲ ਨਾਲ ਭਾਰਤ ਦੇ ਉੱਤਰੀ ਰਾਜਾਂ ਤੋਂ ਆਏ ਬਜ਼ੁਰਗ ਵੀ ਸਨ ਜਿਹੜੇ ਐਤਵਾਰ ਦੀ ਐਤਵਾਰ ਲੰਗਰ ਛਕ ਕੇ ਇੱਥੇ ਦੋ ਘੰਟੇ ਬੈਠ ਹਾਸਾ, ਮਖੌਲ ਆਦਿ ਚੁੰਝਚਰਚਾ ਕਰਦੇ ਰਹਿੰਦੇ ਤੇ ਮਨ ਨੂੰ ਸਕੂਨ ਦੇ ਲੈਂਦੇ।
ਉੱਥੇ ਹੀ ਅੱਜ ਦੇ ਐਤਵਾਰ ਬੱਚਿਆਂ ਦੀ ਕਲਾਸ ਲਾ ਕੇ ਲੰਗਰ ਛਕ ਜਿਉਂ ਹੀ ਦਾਰਪੁਰੀਆ ਆ ਕੇ ਜੁੜੀ ਮਹਿਫਲ ਵਿੱਚ ਬੈਠਾ, ਗੱਲਾਂ ’ਚੋਂ ਗੱਲਾਂ ਚੱਲਦੀਆਂ ਸਾਹੋਕੇ ਵਾਲੇ ਹਸਪਤਾਲ ’ਤੇ ਆ ਗਈਆਂ। ਮੁਧੀਰ ਤੋਂ ਬੱਚਿਆਂ ਨਾਲ ਆਇਆ ਰੇਲਵੇ ’ਚੋਂ ਰਿਟਾਇਰ ‘ਬਾਬੂ ਸਿੰਘ ਫਰੰਟੀਅਰ ਮੇਲ’ ਜਿਹੜਾ ਸਾਲ ਕੁ ਤੋਂ ਇੱਥੇ ਆਉਣ ਲੱਗਿਆ ਸੀ, ਝੱਟ ਬੋਲਿਆ, ‘‘ਯਾਰ ਉਸ ਹਸਪਤਾਲ ’ਚ ਤਾਂ ਮੇਰੀ ਭਰਜਾਈ ਦੀ ਭੈਣ ਲੱਗੀ ਰਹੀ ਐ, ਸਟਾਫ ਨਰਸ।’’
ਦਾਰਪੁਰੀਆ ਅਜੇ ਉਹਦਾ ਨਾਂ ਪੁੱਛਣ ਹੀ ਲੱਗਿਆ ਸੀ ਕਿ ਉਹ ਆਪਣੀ ‘ਨਾਨਸਟਾਪ ਬੋਲਣ’ ਦੀ ਆਦਤ ਤੋਂ ਮਜਬੂਰ ਆਪ ਹੀ ਸਭ ਕੁਝ ਦੱਸ ਗਿਆ; ਉਸਦਾ ਨਾਮ ਪਰਿਜੀਤ ਹੈ, ਉੱਥੇ ਤਾਂ ਉਹ ਥੋੜ੍ਹਾ ਜਿਹਾ ਚਿਰ ਹੀ ਰਹੀ, ਫਿਰ ਉਸ ਦੀ ਬਦਲੀ ਮੋਗਾ ਸਿਵਲ ਹਸਪਤਾਲ ਦੀ ਹੋ ਗਈ। ਉਹਦੇ ਘਰਵਾਲਾ ਮਾਸਟਰ ਲੱਗਿਆ ਸੀ, ਚੰਗੀ ਜ਼ਮੀਨ ਸੀ, ਦੋ ਕੁੜੀਆਂ ਹੀ ਹੋਈਆਂ। ਮੁੰਡਾ ਨਾ ਹੋਣ ਕਰਕੇ ਘਰੇ ਰਹਿੰਦਾ ਕਲੇਸ਼ ਤਲਾਕ ’ਚ ਜਾ ਨਿੱਬੜਿਆ। ਮਾਸਟਰ ਨੇ ਤਾਂ ਹੋਰ ਵਿਆਹ ਕਰਵਾ ਲਿਆ ਤੇ ਉਹ ਦੋਹਾਂ ਕੁੜੀਆਂ ਨੂੰ ਲੈ ਕੇ ਇੰਗਲੈਂਡ ਆ ਵੱਸੀ। ਕੁੜੀਆ ਚੰਗੇ ਘਰੀਂ ਵਿਆਹ ’ਤੀਆਂ। ਇੱਕ ਦਾ ਪਰਿਵਾਰ ਤਾਂ ਵਿਨੀਪੈਗ ਕੈਨੇਡਾ ਰਹਿੰਦਾ ਹੈ ਅਤੇ ਦੂਜੀ ਦਾ ਇੱਥੇ ਵੁਲਵਰਹੈਪਟਨ ਯੂਨੀਵਰਸਿਟੀ ਦੇ ਨਜ਼ਦੀਕ। ਆਪ ਹੁਣ ਉਹ ਸਾਊਥਹਾਲ ਦੇ ਕਿਸੇ ਹਸਪਤਾਲ ਵਿੱਚ ਕੰਮ ਕਰਦੀ ਹੈ, ਵਿਚਾਰੀ ਉੱਥੇ ਇਕੱਲੀ ਰਹਿੰਦੀ ਐ।’’
ਕਹਾਣੀ ਦੱਸਦਿਆਂ ਉਹਦੀ ਨਜ਼ਰ ਜ਼ੈਲੈ ਨਾਲ ਜਿਉਂ ਹੀ ਮਿਲੀ ਤਾਂ ਉਹ ਕਹਿਣ ਲੱਗਾ, ‘‘ਉਏ ਦਾਰਪੁਰੀਆ ਤੇਰੀ ਘਰਵਾਲੀ ਵੀ ਤਾਂ ਕਈ ਸਾਲ ਪਹਿਲਾਂ ਗੁਜ਼ਰ ਗਈ ਸੀ, ਬੱਚੇ ਤੇਰੇ ਸੈੱਟ ਨੇ। ਜੇ ਕਹੇਂ ਤਾਂ ਕਰਾਂ ਗੱਲ ਉਹਦੇ ਨਾਲ? ਥੋਡੇ ਦਸ ਸਾਲ ਹੋਰ ਸੌਖੇ ਲੰਘ ਜਾਣਗੇ।’’
ਹੋ ਸਕਦੈ ਬਾਬੂ ਸਿੰਘ ਨੇ ਜੋ ਕਿਹਾ, ਸੁਭਾਵਿਕ ਗੱਲ ਹੀ ਕਹੀ ਹੋਵੇ, ਪਰ ਹਵਾ ’ਚ ਉੱਛਲੇ ਬੋਲ ਜ਼ੈਲੇ ਦਾਰਪੁਰੀਏ ਦੇ ਮਨ ਨੂੰ ਚਿਤਮਨੀ ਲਾ ਗਏ ਕਿਉਂਕਿ ਪਰਿਜੀਤ ਤਾਂ ਉਹੀ ਕੁੜੀ ਸੀ ਜਿਸ ਬਾਰੇ ਕਦੇ ਉਹ ਸੋਚੀ ਬੈਠਾ ਸੀ, ‘‘ਯਾਰ ਸੋਹਣੀ-ਸੁਨੱਖੀ ਕੁੜੀ ਹੈ, ਇਹਦੇ ਨਾਲ ਵਿਆਹ ਕਰਵਾ ਲਵਾਂ- ਜੇ ਇਹ ਮੰਨ ਜਾਵੇ ਤਾਂ।’’
ਸੰਪਰਕ: +1 425 286 0163

